
ਇਸ ਹਫ਼ਤੇ ਦੇ ਸ਼ੁਰੂ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਲਿਜ਼ ਟ੍ਰੱਸ ਵੱਲੋਂ ਦੇਸ਼ ਦਾ ਨਵਾਂ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਹੈ।
ਪਣਜੀ: ਬ੍ਰਿਟੇਨ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਦੇ ਪਿਤਾ ਨੇ ਸ਼ਿਕਾਇਤ ਦਰਜ ਕਰਵਾਈ ਹੈ ਕਿ ਉੱਤਰੀ ਗੋਆ ਵਿੱਚ ਉਨ੍ਹਾਂ ਦੀਆਂ ਦੋ ਜੱਦੀ ਜਾਇਦਾਦਾਂ 'ਤੇ ਕਿਸੇ ਅਣਪਛਾਤੇ ਵਿਅਕਤੀ ਵੱਲੋਂ ਕਬਜ਼ਾ ਕਰ ਲਿਆ ਗਿਆ ਹੈ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਸ ਸੰਬੰਧ ਵਿੱਚ ਮਾਮਲਾ ਦਰਜ ਕਰ ਲਿਆ ਹੈ, ਅਤੇ ਵਿਸ਼ੇਸ਼ ਜਾਂਚ ਟੀਮ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬ੍ਰੇਵਰਮੈਨ ਭਾਰਤੀ ਮੂਲ ਦੀ ਬੈਰਿਸਟਰ ਹਨ, ਉਹਨਾਂ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ ਬ੍ਰਿਟਿਸ਼ ਪ੍ਰਧਾਨ ਮੰਤਰੀ ਲਿਜ਼ ਟ੍ਰੱਸ ਵੱਲੋਂ ਦੇਸ਼ ਦਾ ਨਵਾਂ ਗ੍ਰਹਿ ਮੰਤਰੀ ਨਿਯੁਕਤ ਕੀਤਾ ਗਿਆ ਹੈ। ਬ੍ਰੇਵਰਮੈਨ ਦੇ ਪਿਤਾ ਕ੍ਰਿਸਟੀ ਫ਼ਰਨਾਂਡਿਜ਼ ਨੇ ਸ਼ਿਕਾਇਤ ਕੀਤੀ ਹੈ ਕਿ ਆਸਗਾਓਂ ਵਿੱਚ ਕੁੱਲ 13,900 ਵਰਗ ਮੀਟਰ ਦੀਆਂ ਉਹਨਾਂ ਦੀਆਂ ਦੋ ਜਾਇਦਾਦਾਂ 'ਤੇ ਨਾਜਾਇਜ਼ ਕਬਜ਼ਾ ਕੀਤਾ ਗਿਆ ਹੈ।
ਮਾਮਲੇ ਨਾਲ ਜੁੜੇ ਪੁਲਿਸ ਸੁਪਰਡੈਂਟ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਸ਼ਿਕਾਇਤ ਦੇ ਆਧਾਰ 'ਤੇ ਐਸ.ਆਈ.ਟੀ. ਨੇ ਐਫ਼ਆਈਆਰ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੂਤਰਾਂ ਨੇ ਦੱਸਿਆ ਕਿ ਸ਼ਿਕਾਇਤ 'ਚ ਕਿਹਾ ਗਿਆ ਹੈ ਕਿ ਕੁਝ ਅਣਪਛਾਤੇ ਵਿਅਕਤੀ ਨੇ ਆਸਗਾਓਂ ਪਿੰਡ 'ਚ ਪਾਵਰ ਆਫ਼ ਅਟਾਰਨੀ ਰਾਹੀਂ ਫ਼ਰਨਾਂਡਿਜ਼ ਅਤੇ ਉਸ ਦੇ ਪਰਿਵਾਰ ਦੀ ਜਾਇਦਾਦ ਆਪਣੇ ਨਾਂਅ ਕਰਵਾਉਣ ਲਈ ਦਸਤਾਵੇਜ਼ ਜਮ੍ਹਾਂ ਕਰਵਾਏ ਸਨ।
ਫ਼ਰਨਾਂਡਿਜ਼ ਨੇ ਇਸ ਵਿਸ਼ੇ 'ਤੇ ਮੁੱਖ ਮੰਤਰੀ, ਪੁਲਿਸ ਡਾਇਰੈਕਟਰ ਅਤੇ ਗੋਆ ਦੇ ਐਨ.ਆਰ.ਆਈ. ਕਮਿਸ਼ਨਰੇਟ ਨੂੰ ਈਮੇਲ ਰਾਹੀਂ ਸ਼ਿਕਾਇਤ ਭੇਜੀ ਹੈ। ਗੋਆ ਦੇ ਐਨਆਰਆਈ ਕਮਿਸ਼ਨਰ ਨੇ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਉਨ੍ਹਾਂ ਦੇ ਵਿਭਾਗ ਨੂੰ ਪਿਛਲੇ ਹਫ਼ਤੇ ਇੱਕ ਈਮੇਲ ਮਿਲੀ ਸੀ, ਜੋ ਸੂਬੇ ਦੇ ਗ੍ਰਹਿ ਵਿਭਾਗ ਨੂੰ ਭੇਜ ਦਿੱਤੀ ਗਈ ਹੈ।