
2.2 ਮਿਲੀਅਨ ਘਰ ਬਿਜਲੀ ਤੋਂ ਬਿਨਾਂ, ਬਹੁਤ ਸਾਰੇ ਖੇਤਰ ਡੁੱਬੇ
ਕੈਲੀਫੋਰਨੀਆ - ਅਮਰੀਕਾ ਦੇ ਕੈਲੀਫੋਰਨੀਆ 'ਚ ਪਿਛਲੇ ਦੋ ਹਫ਼ਤਿਆਂ ਤੋਂ ਖਤਰਨਾਕ ਤੂਫ਼ਾਨ ਨੇ ਤਬਾਹੀ ਮਚਾਈ ਹੋਈ ਹੈ। 26 ਦਸੰਬਰ ਤੋਂ ਲੈ ਕੇ ਹੁਣ ਤੱਕ 6 ਤੂਫਾਨ ਆ ਚੁੱਕੇ ਹਨ, ਜਿਨ੍ਹਾਂ 'ਚ 17 ਲੋਕਾਂ ਦੀ ਜਾਨ ਜਾ ਚੁੱਕੀ ਹੈ। ਰਾਜ ਦੀ 90% ਆਬਾਦੀ ਯਾਨੀ 3 ਕਰੋੜ 40 ਲੱਖ ਲੋਕ ਹੜ੍ਹ ਦੇ ਖ਼ਤਰੇ ਵਿਚ ਹਨ।
ਲਗਾਤਾਰ ਤੂਫ਼ਾਨ ਕਾਰਨ 2 ਲੱਖ 20 ਹਜ਼ਾਰ ਤੋਂ ਵੱਧ ਘਰਾਂ ਅਤੇ ਦੁਕਾਨਾਂ 'ਚ ਬਿਜਲੀ ਗੁੱਲ ਹੈ।
Fierce storm wreaks havoc in California
35 ਹਜ਼ਾਰ ਲੋਕਾਂ ਨੂੰ ਆਪਣੇ ਘਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ। ਮੌਸਮ ਵਿਭਾਗ ਮੁਤਾਬਕ ਬੁੱਧਵਾਰ ਨੂੰ ਭਾਰੀ ਮੀਂਹ, ਜ਼ਮੀਨ ਖਿਸਕਣ ਅਤੇ ਹੜ੍ਹ ਆਉਣ ਦੀ ਸੰਭਾਵਨਾ ਹੈ। ਇਸ ਨਾਲ ਸਥਿਤੀ ਹੋਰ ਵਿਗੜ ਸਕਦੀ ਹੈ। ਮੀਂਹ ਅਤੇ ਹੜ੍ਹ ਕਾਰਨ ਟੁੱਟੀਆਂ ਸੜਕਾਂ: ਕੈਲੀਫੋਰਨੀਆ ਦੀਆਂ ਸੜਕਾਂ 'ਤੇ ਪਾਣੀ ਨਦੀਆਂ ਵਾਂਗ ਵਹਿ ਰਿਹਾ ਹੈ। ਲਾਸ ਏਂਜਲਸ ਸ਼ਹਿਰ ਵਿਚ ਸੜਕ ਟੁੱਟਣ ਕਾਰਨ ਦੋ ਵਾਹਨ ਟੋਏ ਵਿਚ ਡਿੱਗ ਗਏ। ਇਹੀ ਹਾਲ ਹੋਰ ਕਈ ਖੇਤਰਾਂ ਦਾ ਹੈ।
ਢਿੱਗਾਂ ਡਿੱਗਣ ਕਾਰਨ ਆਵਾਜਾਈ ਪ੍ਰਭਾਵਿਤ: ਕੈਲੀਫੋਰਨੀਆ ਦੇ ਹਾਈਵੇਅ 'ਤੇ ਅਚਾਨਕ ਜ਼ਮੀਨ ਖਿਸਕਣ ਕਾਰਨ ਲੋਕਾਂ ਨੂੰ ਵਾਹਨ ਚਲਾਉਣੇ ਔਖੇ ਹੋ ਰਹੇ ਹਨ। ਪ੍ਰਸ਼ਾਸਨ ਨੇ ਇਸ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ।
5 ਸਾਲਾ ਲੜਕਾ ਅਚਾਨਕ ਹੜ੍ਹ ਵਿਚ ਵਹਿ ਗਿਆ: ਪਾਸੋ ਰੋਬਲਜ਼ ਸ਼ਹਿਰ ਵਿਚ ਸਕੂਲ ਜਾਂਦੇ ਸਮੇਂ ਇਕ 5 ਸਾਲਾ ਲੜਕਾ ਅਚਾਨਕ ਹੜ੍ਹ ਵਿਚ ਵਹਿ ਗਿਆ। ਅਧਿਕਾਰੀਆਂ ਮੁਤਾਬਕ ਉਹ ਅਜੇ ਲਾਪਤਾ ਹੈ। ਅਮਰੀਕੀ ਰਾਸ਼ਟਰਪਤੀ ਬਾਈਡੇਨ ਨੇ ਕੈਲੀਫੋਰਨੀਆ ਦੇ ਹਾਲਾਤ ਨੂੰ ਦੇਖ ਦੇ ਹੋਏ ਸੂਬੇ ਵਿਚ ਐਮਰਜੈਂਸੀ ਲਾਗੂ ਕਰ ਦਿੱਤੀ ਹੈ। ਇਸ ਨਾਲ ਲੋਕਾਂ ਨੂੰ ਜਲਦੀ ਤੋਂ ਜਲਦੀ ਆਫ਼ਤ ਤੋਂ ਰਾਹਤ ਮਿਲੇਗੀ।
4 ਹੋਰ ਤੂਫਾਨ ਆਉਣਗੇ: ਮੌਸਮ ਵਿਭਾਗ ਮੁਤਾਬਕ ਅਗਲੇ 10 ਦਿਨਾਂ 'ਚ 4 ਹੋਰ ਤੂਫਾਨ ਆਉਣ ਦੀ ਸੰਭਾਵਨਾ ਹੈ। ਇਸ ਨਾਲ ਉੱਤਰੀ ਕੈਲੀਫੋਰਨੀਆ ਦਾ ਖੇਤਰ ਬਹੁਤ ਪ੍ਰਭਾਵਿਤ ਹੋਵੇਗਾ।