ਪੁਤਿਨ ਨੇ ਇਹ ਗੱਲ ਆਪਣੇ ਬੇਲਾਰੂਸੀ ਹਮਰੁਤਬਾ ਅਲੈਗਜ਼ੈਂਡਰ ਲੁਕਾਸੇਂਕੋ ਨਾਲ ਮੁਲਾਕਾਤ ਦੌਰਾਨ ਕਹੀ।
ਕੀਵ: ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਕਿਹਾ ਹੈ ਕਿ ਰੂਸ-ਯੂਕਰੇਨ ਵਾਰਤਾ ਵਿੱਚ ਕੁਝ ਸਕਾਰਾਤਮਕ ਤਰੱਕੀ ਹੋਈ ਹੈ। ਪੁਤਿਨ ਨੇ ਇਹ ਗੱਲ ਆਪਣੇ ਬੇਲਾਰੂਸੀ ਹਮਰੁਤਬਾ ਅਲੈਗਜ਼ੈਂਡਰ ਲੁਕਾਸੇਂਕੋ ਨਾਲ ਮੁਲਾਕਾਤ ਦੌਰਾਨ ਕਹੀ। ਦੋਹਾਂ ਨੇਤਾਵਾਂ ਨੇ ਯੂਕਰੇਨ ਦੇ ਮੁੱਦੇ ਅਤੇ ਪੱਛਮ ਵਲੋਂ ਲਗਾਈਆਂ ਗਈਆਂ ਪਾਬੰਦੀਆਂ 'ਤੇ ਚਰਚਾ ਕੀਤੀ। ਗੱਲਬਾਤ ਦੌਰਾਨ ਪੁਤਿਨ ਨੇ ਲੁਕਾਸੇਂਕੋ ਨੂੰ ਕਿਹਾ ਸਾਡੇ ਪਾਸੇ ਦੇ ਵਾਰਤਾਕਾਰ ਮੈਨੂੰ ਦੱਸਦੇ ਹਨ ਕਿ ਕੁਝ ਸਕਾਰਾਤਮਕ ਬਦਲਾਅ ਹੋਏ ਹਨ। ਉਹਨਾਂ ਨੇ ਇਹ ਵੀ ਕਿਹਾ ਕਿ ਗੱਲਬਾਤ ਅਮਲੀ ਤੌਰ 'ਤੇ ਰੋਜ਼ਾਨਾ ਦੇ ਅਧਾਰ 'ਤੇ ਜਾਰੀ ਰਹੀ।
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਯੂਕ੍ਰੇਨ ਦੇ ਹਮਲੇ ਵਿੱਚ ਸ਼ਾਮਲ ਹੋਣ ਲਈ ਮੱਧ ਪੂਰਬ ਅਤੇ ਹੋਰ ਹਿੱਸਿਆਂ ਤੋਂ "ਵਾਲੰਟੀਅਰ" ਲੜਾਕਿਆਂ ਮਤਲਬ ਸਵੈਸੇਵੀ ਲੜਾਕਿਆਂ ਨੂੰ ਲਿਆਉਣ ਦਾ ਆਦੇਸ਼ ਦਿੱਤਾ ਹੈ। ਕ੍ਰੇਮਲਿਨ ਦੀ ਇਕ ਟ੍ਰਾਂਸਕ੍ਰਿਪਟ ਦੇ ਅਨੁਸਾਰ ਰੂਸੀ ਰੱਖਿਆ ਮੰਤਰੀ ਸਰਗੇਈ ਸ਼ੋਇਗੂ ਨੇ ਕਿਹਾ ਕਿ ਰੂਸ ਮੱਧ-ਪੂਰਬੀ ਦੇਸ਼ਾਂ ਦੇ "16,000 ਤੋਂ ਵੱਧ ਬਿਨੈਕਾਰਾਂ" ਨੂੰ ਜਾਣਦਾ ਹੈ, ਜਿਨ੍ਹਾਂ ਨੇ ਇਸਲਾਮਿਕ ਸਟੇਟ ਸਮੂਹ ਦੇ ਵਿਰੁੱਧ ਰੂਸ ਦੀ ਮਦਦ ਕੀਤੀ ਸੀ।
ਸ਼ੋਇਗੂ ਨੇ ਕਿਹਾ ਕਿ ਉਹ ਪੂਰਬੀ ਯੂਕ੍ਰੇਨ ਵਿੱਚ ਰੂਸ ਪੱਖੀ ਵੱਖਵਾਦੀਆਂ ਦੇ ਇਲਾਕਿਆਂ ਦੀ ਤਰਫੋਂ ਲੜਣਗੇ। ਉਹਨਾਂ ਨੇ ਕਿਹਾ ਕਿ ਉਹ ਮੁਕਤੀ ਅੰਦੋਲਨ ਵਿਚ ਹਿੱਸਾ ਲੈਣਾ ਚਾਹੁੰਦੇ ਹਨ। ਸਾਲ 2015 ਤੋਂ ਰੂਸੀ ਬਲ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ-ਅਸਦ ਦੀ ਹਮਾਇਤ ਕਰ ਰਹੇ ਹਨ, ਜਿਸ ਦੇ ਸ਼ਾਸਨ ਦਾ ਇਸਲਾਮਿਕ ਸਟੇਟ ਸਮੇਤ ਵੱਖ-ਵੱਖ ਸਮੂਹਾਂ ਦੁਆਰਾ ਵਿਰੋਧ ਕੀਤਾ ਗਿਆ ਹੈ। ਪੁਤਿਨ ਨੇ ਸ਼ੋਇਗੂ ਨੂੰ ਕਿਹਾ ਕਿ ਰੂਸ ਨੂੰ "ਯੁੱਧ ਖੇਤਰ ਵਿੱਚ ਜਾਣ" ਲਈ ਵਾਲੰਟੀਅਰਾਂ ਦੀ ਮਦਦ ਕਰਨੀ ਚਾਹੀਦੀ ਹੈ।