
13 ਜਣੇ ਹਸਪਤਾਲ ’ਚ ਭਰਤੀ, ਇਕ ਦੀ ਹਾਲਤ ਗੰਭੀਰ
ਸਿਡਨੀ: ਸਿਡਨੀ ਤੋਂ ਨਿਊਜ਼ੀਲੈਂਡ ਦੇ ਆਕਲੈਂਡ ਜਾ ਰਹੇ ਚਿਲੀ ਦੇ ਇਕ ਜਹਾਜ਼ ’ਚ ਸੋਮਵਾਰ ਨੂੰ ਇਕ ‘ਤੇਜ਼ ਝਟਕਾ’ ਲੱਗਣ ਕਾਰਨ ਘੱਟੋ-ਘੱਟ 50 ਲੋਕ ਜ਼ਖਮੀ ਹੋ ਗਏ। ਐਲ.ਏ.ਟੀ.ਏ.ਐਮ. ਏਅਰਲਾਈਨਜ਼ ਨੇ ਇਕ ਬਿਆਨ ਵਿਚ ਕਿਹਾ ਕਿ ਉਡਾਣ ਦੌਰਾਨ ‘ਇਕ ਤਕਨੀਕੀ ਘਟਨਾ ਹੋਈ ਜਿਸ ਕਾਰਨ ਇਕ ਮਜ਼ਬੂਤ ਝਟਕਾ’ ਲੱਗਾ। ਇਸ ਬਾਰੇ ਵਿਸਥਾਰ ਨਾਲ ਨਹੀਂ ਦਸਿਆ ਗਿਆ ਕਿ ਅਸਲ ’ਚ ਕੀ ਹੋਇਆ।
ਜਦੋਂ ਜਹਾਜ਼ ਆਕਲੈਂਡ ਪਹੁੰਚਿਆ ਤਾਂ ਮੁਸਾਫ਼ਰਾਂ ਨੂੰ ਪੈਰਾਮੈਡੀਕਲ ਸਟਾਫ ਅਤੇ 10 ਤੋਂ ਵੱਧ ਐਮਰਜੈਂਸੀ ਗੱਡੀਆਂ ’ਚ ਬਿਠਾਇਆ ਗਿਆ। ਐਂਬੂਲੈਂਸ ਦੇ ਇਕ ਬੁਲਾਰੇ ਨੇ ਦਸਿਆ ਕਿ ਕਰੀਬ 50 ਲੋਕਾਂ ਦਾ ਮੌਕੇ ’ਤੇ ਇਲਾਜ ਕੀਤਾ ਗਿਆ, ਜਿਨ੍ਹਾਂ ’ਚੋਂ ਜ਼ਿਆਦਾਤਰ ਨੂੰ ਹਲਕੀਆਂ ਸੱਟਾਂ ਲੱਗੀਆਂ। ਇਨ੍ਹਾਂ ’ਚੋਂ 13 ਨੂੰ ਹਸਪਤਾਲ ਲਿਜਾਇਆ ਗਿਆ। ਇਕ ਮਰੀਜ਼ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।
ਮੁਸਾਫ਼ਰਾਂ ਨੇ ਕਿਹਾ ਕਿ ਜਦੋਂ ਬਹੁਤ ਸਾਰੇ ਲੋਕਾਂ ਨੇ ਸੀਟਬੈਲਟ ਨਹੀਂ ਪਹਿਨੀ ਹੋਈ ਸੀ ਤਾਂ ਫਲਾਈਟ ਐਲ.ਏ. 800 ਅਚਾਨਕ ਡਿੱਗਣ ਲੱਗ ਪਈ। ਬੋਇੰਗ 787-9 ਡ੍ਰੀਮਲਾਈਨਰ ਨਿਰਧਾਰਤ ਸਮੇਂ ਅਨੁਸਾਰ ਆਕਲੈਂਡ ਹਵਾਈ ਅੱਡੇ ’ਤੇ ਉਤਰਿਆ ਅਤੇ ਚਿਲੀ ਦੇ ਸੈਂਟੀਆਗੋ ਜਾਣ ਲਈ ਤਿਆਰ ਸੀ। ਏਅਰਲਾਈਨ ਨੇ ਕਿਹਾ, ‘‘ਐਲ.ਏ.ਟੀ.ਏ.ਐਮ. ਨੂੰ ਇਸ ਸਥਿਤੀ ਨਾਲ ਮੁਸਾਫ਼ਰਾਂ ਨੂੰ ਹੋਈ ਖੇਚਲ ਅਤੇ ਸੱਟਾਂ ਲੱਗਣ ’ਤੇ ਅਫਸੋਸ ਹੈ ਅਤੇ ਉਹ ਅਪਣੇ ਸੰਚਾਲਨ ਮਾਪਦੰਡਾਂ ਦੇ ਢਾਂਚੇ ਦੇ ਅੰਦਰ ਸੁਰੱਖਿਆ ਪ੍ਰਤੀ ਅਪਣੀ ਵਚਨਬੱਧਤਾ ਨੂੰ ਤਰਜੀਹ ਦਿੰਦਾ ਹੈ।’’