
ਵਿਦੇਸ਼ੀ ਜੇਲਾਂ ’ਚ ਬੰਦ ਭਾਰਤੀ ਕੈਦੀਆਂ ਨੂੰ ਅਪਣੇ ਵਤਨ ਲਿਆਉਣ ਲਈ ਭਾਰਤ ਨੇ ਹੁਣ ਤਕ 31 ਦੇਸ਼ਾਂ ਨਾਲ ਕਰਾਰ ਕੀਤਾ ਹੈ
ਨਵੀਂ ਦਿੱਲੀ : ਇਕ ਰੀਪੋਰਟ ਮੁਤਾਬਕ ਮੌਜੂਦਾ ਸਮੇਂ ਦੁਨੀਆ ਭਰ ਦੀਆਂ ਵਿਦੇਸ਼ੀ ਜੇਲਾਂ ’ਚ ਇਸ ਸਮੇਂ 10 ਹਜ਼ਾਰ ਤੋਂ ਵੀ ਵਧ ਭਾਰਤੀ ਨਾਗਰਿਕ ਕੈਦ ਹਨ। ਇਨ੍ਹਾਂ ਭਾਰਤੀਆਂ ’ਚੋਂ ਕਈਆਂ ’ਤੇ ਚਲ ਰਹੇ ਮਾਮਲਿਆਂ ’ਤੇ ਸੁਣਵਾਈ ਚਲ ਰਹੀ ਹੈ, ਜਦਕਿ ਕਈਆਂ ਨੂੰ ਸਜ਼ਾ ਸੁਣਾ ਦਿਤੀ ਗਈ ਹੈ।
ਵਿਦੇਸ਼ੀ ਜੇਲਾਂ ’ਚ ਬੰਦ ਭਾਰਤੀ ਕੈਦੀਆਂ ਨੂੰ ਅਪਣੇ ਵਤਨ ਲਿਆਉਣ ਲਈ ਭਾਰਤ ਨੇ ਹੁਣ ਤਕ 31 ਦੇਸ਼ਾਂ ਨਾਲ ਕਰਾਰ ਕੀਤਾ ਹੈ, ਤਾਂ ਜੋ ਭਾਰਤੀ ਕੈਦੀ ਅਪਣੇ ਦੇਸ਼ ਆ ਕੇ ਇਥੋਂ ਦੀ ਜੇਲ ’ਚ ਅਪਣੀ ਸਜ਼ਾ ਪੂਰੀ ਕਰ ਸਕਣ। ਸਾਲ 2023 ਦੌਰਾਨ ਅਜਿਹੇ 5 ਭਾਰਤੀਆਂ ਨੂੰ ਦੇਸ਼ ਲਿਆਂਦਾ ਜਾ ਚੁੱਕਾ ਹੈ, ਜਿਨ੍ਹਾਂ ’ਚੋਂ 3 ਈਰਾਨ, 1 ਕੰਬੋਡੀਆ ਤੇ 1 ਇੰਗਲੈਂਡ ਦੀ ਜੇਲ ’ਚ ਕੈਦ ਸੀ।
ਇਸ ਰੀਪੋਰਟ ’ਚ ਇਹ ਵੀ ਦਸਿਆ ਗਿਆ ਹੈ ਕਿ 12 ਦੇਸ਼ ਅਜਿਹੇ ਵੀ ਹਨ, ਜਿਥੇ ਦੀਆਂ ਜੇਲਾਂ ’ਚ 100 ਤੋਂ ਵਧ ਭਾਰਤੀ ਕੈਦੀ ਕੈਦ ਹਨ। ਇਨ੍ਹਾਂ ’ਚੋਂ ਸੱਭ ਤੋਂ ਵਧ ਭਾਰਤੀ ਕੈਦੀ ਸਾਊਦੀ ਅਰਬ (2,647) ਦੀਆਂ ਜੇਲਾਂ ’ਚ ਕੈਦ ਹਨ, ਜਦਕਿ ਇਸ ਤੋਂ ਬਾਅਦ ਯੂ.ਏ.ਈ. (2,479) ਦਾ ਨਾਂ ਆਉਂਦਾ ਹੈ। ਇਸ ਤੋਂ ਇਲਾਵਾ ਨੇਪਾਲ (1,187), ਕਤਰ (740), ਕੁਵੈਤ (387) ਤੇ ਮਲੇਸ਼ੀਆ (371) ਆਦਿ ਦੇਸ਼ਾਂ ਦਾ ਨਾਂ ਆਉਂਦਾ ਹੈ।
ਇਨ੍ਹਾਂ ਦੇਸ਼ਾਂ ਤੋਂ ਭਾਰਤੀ ਕੈਦੀਆਂ ਨੂੰ ਵਾਪਸ ਅਪਣੇ ਦੇਸ਼ ਲਿਆਉਣ ਲਈ ਭਾਰਤੀ ਵਿਦੇਸ਼ ਮੰਤਰਾਲਾ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ ਤੇ ਇਨ੍ਹਾਂ ਦੇਸ਼ਾਂ ਨਾਲ ਸੰਪਰਕ ’ਚ ਹੈ। ਇਨ੍ਹਾਂ 12 ’ਚੋਂ 9 ਦੇਸ਼ਾਂ ਨਾਲ ਭਾਰਤ ਨੇ ਕੈਦੀਆਂ ਦੇ ਟਰਾਂਸਫ਼ਰ ਸਬੰਧੀ ਕਰਾਰ ਕਰ ਲਿਆ ਹੈ ਤੇ ਹੁਣ ਇਨ੍ਹਾਂ ਕੈਦੀਆਂ ਦੀ ਟਰਾਂਸਫ਼ਰ ਪ੍ਰਕਿਰਿਆ ਲਈ ਲੋੜੀਂਦੇ ਦਸਤਾਵੇਜ ਜੁਟਾਏ ਜਾ ਰਹੇ ਹਨ, ਤਾਂ ਜੋ ਇਨ੍ਹਾਂ ਦੀ ਵਤਨ ਵਾਪਸੀ ਹੋ ਸਕੇ।