
Washington News : ਕਿਹਾ, ਕੋਸ਼ਿਸ਼ ਕਰਾਂਗੇ ਕਿ ਕਸ਼ਮੀਰ ਮਸਲਾ ਛੇਤੀ ਹੱਲ ਹੋ ਜਾਵੇ
Washington News in Punjabi : ਭਾਰਤ ਅਤੇ ਪਾਕਿਸਤਾਨ ਵਿਚਕਾਰ ਭਾਵੇਂ ਜੰਗਬੰਦੀ ਸਮਝੌਤਾ ਹੋ ਗਿਆ ਹੈ ਪਰ ਕਸ਼ਮੀਰ ਮੁੱਦੇ ਦਾ ਹੱਲ ਹੋਣਾ ਬਾਕੀ ਹੈ। ਇਸ ਦੌਰਾਨ ਭਾਰਤ-ਪਾਕਿ ਵਿਚਾਲੇ ਜੰਗਬੰਦੀ ਸਮਝੌਤੇ ਬਾਰੇ ਆਪਣੇ ਅਚਾਨਕ ਐਲਾਨ ਤੋਂ 16 ਘੰਟੇ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਹੁਣ ਕਸ਼ਮੀਰ ਮੁੱਦੇ ਦਾ ਹੱਲ ਲੱਭਣ ਲਈ ਦੋਵਾਂ ਦੇਸ਼ਾਂ ਨਾਲ ਕੰਮ ਕਰਨ ਦੀ ਪੇਸ਼ਕਸ਼ ਕੀਤੀ ਹੈ। ਇੱਥੇ ਦੱਸ ਦਈਏ ਕਿ ਨਵੀਂ ਦਿੱਲੀ ਨੇ ਹਮੇਸ਼ਾ ਇਸ ਗੱਲ ’ਤੇ ਜ਼ੋਰ ਦਿਤਾ ਹੈ ਕਿ ਕਸ਼ਮੀਰ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਉਹ ਤੀਜੀ ਧਿਰ ਦੀ ਵਿਚੋਲਗੀ ਨਹੀਂ ਚਾਹੁੰਦਾ। ਫ਼ਿਲਹਾਲ ਟਰੰਪ ਦੀ ਪੇਸ਼ਕਸ਼ ’ਤੇ ਭਾਰਤ ਸਰਕਾਰ ਦੇ ਜਵਾਬ ਦੀ ਉਡੀਕ ਹੈ।
ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਸ਼ਲ ਮੀਡੀਆ ਪਲੇਟਫ਼ਾਰਮ ਟਰੂਥ ਸੋਸ਼ਲ ’ਤੇ ਲਿਖਿਆ, ‘ਮੈਨੂੰ ਭਾਰਤ ਅਤੇ ਪਾਕਿਸਤਾਨ ਦੀ ਮਜ਼ਬੂਤ ਅਤੇ ਅਟੱਲ ਸ਼ਕਤੀਸ਼ਾਲੀ ਲੀਡਰਸ਼ਿਪ ’ਤੇ ਬਹੁਤ ਮਾਣ ਹੈ ਜਿਨ੍ਹਾਂ ਕੋਲ ਪੂਰੀ ਤਰ੍ਹਾਂ ਜਾਣਨ ਅਤੇ ਸਮਝਣ ਦੀ ਤਾਕਤ, ਸਿਆਣਪ ਅਤੇ ਦ੍ਰਿੜਤਾ ਹੈ ਕਿ ਮੌਜੂਦਾ ਹਮਲੇ ਨੂੰ ਰੋਕਣਾ ਸਹੀ ਫ਼ੈਸਲਾ ਸੀ। ਇਸ ਸਥਿਤੀ ਵਿਚ ਬਹੁਤ ਸਾਰੇ ਬੇਕਸੂਰ ਲੋਕਾਂ ਦੀ ਜਾਨ ਜਾ ਸਕਦੀ ਸੀ ਅਤੇ ਤਬਾਹੀ ਹੋ ਸਕਦੀ ਸੀ। ਤੁਹਾਡੀ ਵਿਰਾਸਤ ਤੁਹਾਡੇ ਬਹਾਦਰੀ ਭਰੇ ਕੰਮਾਂ ਦੁਆਰਾ ਬਹੁਤ ਵਧੀ ਹੈ।’
ਟਰੰਪ ਨੇ ਅੱਗੇ ਕਿਹਾ, ‘ਮੈਨੂੰ ਮਾਣ ਹੈ ਕਿ ਅਮਰੀਕਾ ਨੇ ਇਸ ਇਤਿਹਾਸਕ ਫ਼ੈਸਲੇ ’ਤੇ ਪਹੁੰਚਣ ਵਿਚ ਤੁਹਾਡੀ ਮਦਦ ਕੀਤੀ। ਭਾਵੇਂ ਇਸ ਬਾਰੇ ਚਰਚਾ ਨਹੀਂ ਕੀਤੀ ਗਈ, ਮੈਂ ਇਨ੍ਹਾਂ ਦੋਵਾਂ ਮਹਾਨ ਦੇਸ਼ਾਂ ਨਾਲ ਵਪਾਰ ਨੂੰ ਕਾਫ਼ੀ ਹੱਦ ਤਕ ਵਧਾਉਣ ਜਾ ਰਿਹਾ ਹਾਂ। ਇਸ ਤੋਂ ਇਲਾਵਾ ਮੈਂ ਭਾਰਤ-ਪਾਕਿਸਤਾਨ ਨਾਲ ਮਿਲ ਕੇ ਇਹ ਦੇਖਣ ਲਈ ਕੰਮ ਕਰਾਂਗਾ ਕਿ ਕੀ, ਹਜ਼ਾਰ ਸਾਲਾਂ ਬਾਅਦ ਕਸ਼ਮੀਰ ਦੇ ਸਬੰਧ ਵਿਚ ਕੋਈ ਹੱਲ ਕਢਿਆ ਜਾ ਸਕਦਾ ਹੈ। ਪ੍ਰਮਾਤਮਾ ਭਾਰਤ ਅਤੇ ਪਾਕਿਸਤਾਨ ਦੀ ਲੀਡਰਸ਼ਿਪ ਨੂੰ ਇਸ ਚੰਗੇ ਕੰਮ ਨੂੰ ਜਲਦ ਕਰਨ ਦੀ ਸ਼ਕਤੀ ਦੇਵੇ।’
(For more news apart from Trump praises India and Pakistan leadership News in Punjabi, stay tuned to Rozana Spokesman)