
ਅਫ਼ਰੀਕੀ-ਅਮਰੀਕੀ ਵਿਅਕਤੀ ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ਵਿਚ ਹੋਏ ਕਤਲ ਕਾਰਨ ਪੂਰੇ ਵਿਸ਼ਵ ਵਿਚ ਗੁੱਸੇ ਦੇ ਮਾਹੌਲ
ਜੋਹਾਨਸਬਰਗ, 10 ਜੂਨ : ਅਫ਼ਰੀਕੀ-ਅਮਰੀਕੀ ਵਿਅਕਤੀ ਜਾਰਜ ਫਲਾਇਡ ਦੀ ਪੁਲਿਸ ਹਿਰਾਸਤ ਵਿਚ ਹੋਏ ਕਤਲ ਕਾਰਨ ਪੂਰੇ ਵਿਸ਼ਵ ਵਿਚ ਗੁੱਸੇ ਦੇ ਮਾਹੌਲ ਵਿਚਾਲੇ ਮਹਾਤਮਾ ਗਾਂਧੀ ਦੀ ਸਿਖਿਆ ਦੀ ਸਾਰਥਕਤਾ ਰੇਖਾਂਕਿਤ ਕਰਨ ਦੇ ਉਦੇਸ਼ ਨਾਲ ਭਾਰਤੀ ਮੂਲ ਦੇ ਇਕ ਦਖਣੀ ਅਫ਼ਰੀਕੀ ਫਿਲਮਕਾਰ ਤੈਅ ਸਮੇਂ ਤੋਂ ਪਹਿਲਾਂ ਗਾਂਧੀ ’ਤੇ ਬਣੀ ਡਾਕੂਮੈਂਟਰੀ ਜਾਰੀ ਕਰਨਾ ਚਾਹੁੰਦੇ ਹਨ। ‘ਅਹਿੰਸਾ-ਗਾਂਧੀ - ਸ਼ਕਤੀਹੀਣ ਦੀ ਸ਼ਕਤੀ’ ਸਿਰਲੇਖ ਵਾਲੀ ਫ਼ਿਲਮ ਦਾ ਨਿਰਦੇਸ਼ਨ ਰਮੇਸ਼ ਸ਼ਰਮਾ ਨੇ ਕੀਤਾ ਹੈ।
File Photo
ਅੰਤਰਰਾਸ਼ਟਰੀ ਪੱਧਰ ’ਤੇ ਮਸ਼ਹੂਰ ਦਖਣੀ ਅਫ਼ਰੀਕੀ ਨਿਰਮਾਤਾ ਅਨੰਤ ਸਿੰਘ ਦੀ ਕੰਪਨੀ ‘ਵੀਡੀਉਵੀਜ਼ਨ’ ਨੇ ਮਹਾਤਮਾ ਗਾਂਧੀ ਦੀ 150ਵੀਂ ਜੈਯੰਤੀ ਮੌਕੇ ਇਸ ਦਾ ਨਿਰਮਾਣ ਕੀਤਾ ਹੈ। ਸਿੰਘ ਨੇ ਦਸਿਆ ਕਿ ਫ਼ਿਲਮ ਨੂੰ ਪਹਿਲਾਂ ਦੁਨੀਆਂ ਭਰ ਦੇ ਫਿਲਮ ਫੈਸਟੀਵਲ (ਉਤਸਵਾਂ) ਵਿਚ ਪ੍ਰਦਰਸ਼ਿਤ ਕੀਤਾ ਜਾਣਾ ਸੀ ਪਰ ਕੋਵਿਡ-19 ਮਹਾਂਮਾਰੀ ਕਾਰਨ ਪ੍ਰਦਰਸ਼ਨ ਰੱਦ ਹੋ ਗਿਆ ਹੈ ਜਾਂ ਮੁਤਲਵੀ ਕਰ ਦਿਤਾ ਗਿਆ। ਇਸ ਲਈ ਟੈਲੀਵੀਜ਼ਨ ’ਤੇ ਇਸ ਫਿਲਮ ਦਾ ਪ੍ਰਸਾਰਣ ਜਲਦ ਤੋਂ ਜਲਦ ਕਰਾਉਣ ਦਾ ਯਤਨ ਕੀਤਾ ਜਾ ਰਿਹਾ ਹੈ।
ਸਿੰਘ ਨੇ ਡਾਕਿਓਮੈਂਟਰੀ ਦਾ ਨਿਰਮਾਣ ਪੂਰਾ ਹੋਣ ਦਾ ਐਲਾਨ 7 ਜੂਨ ਨੂੰ ਕੀਤਾ ਸੀ। ਇਸੇ ਦਿਨ 1893 ਵਿਚ ਗਾਂਧੀ ਨੂੰ ਦਖਣੀ ਅਫ਼ਰੀਕਾ ਦੇ ਪੀਟਰਮਾਰੀਤਜ਼ਬਰਗ ਸਟੇਸ਼ਨ ’ਤੇ ਟਰੇਨ ਤੋਂ ਬਾਹਰ ਸੁੱਟ ਦਿਤਾ ਗਿਆ ਸੀ ਕਿਉਂਕਿ ਟਰੇਨ ਦਾ ਉਹ ਡੱਬਾ ਸਿਰਫ ਸ਼ਵੇਤ ਲੋਕਾਂ ਦੇ ਲਈ ਰਿਜ਼ਰਵ ਸੀ। ਇਸ ਘਟਨਾ ਨਾਲ ਗਾਂਧੀ ਜੀ ਨੂੰ ਭੇਦਭਾਵ ਖ਼ਿਲਾਫ਼ ਜ਼ਿੰਦਗੀ ਭਰ ਲੱੜਣ ਦੀ ਪ੍ਰਰੇਣਾ ਮਿਲੀ।
ਫ਼ਿਲਮ ਵਿਚ ਵਿਸ਼ਵ ਦੇ ਬਹੁਤੇ ਇਤਿਹਾਸਕਾਰ ਅਤੇ ਅਕਾਦਮਿਕ ਜਗਤ ਦੇ ਵਿਅਕਤੀ ਗਾਂਧੀ ਜੀ ਅਤੇ ਉਨ੍ਹਾਂ ਦੇ ਵਿਚਾਰਾਂ ਨਾਲ ਵਿਸ਼ਵ ’ਤੇ ਪੈਣ ਵਾਲੇ ਪ੍ਰਭਾਵ ’ਤੇ ਅਪਣਾ ਮਤ ਰੱਖਦੇ ਨਜ਼ਰ ਆਉਣਗੇ। ਸਿੰਘ ਨੇ ਕਿਹਾ ਕਿ ਇਹ ਫ਼ਿਲਮ ਅਜਿਹੇ ਸਮੇਂ ਆ ਰਹੀ ਹੈ ਜਦ ਵਿਸ਼ਵ ਨੂੰ ਮਹਾਂਤਮਾ ਦੀ ਸ਼ਾਂਤੀ ਅਤੇ ਅਹਿੰਸਾ ਦੀ ਸਿਖਿਆ ਦੀ ਜ਼ਰੂਰਤ ਹੈ। ਖਾਸ ਕਰ ਕੇ ਅਜਿਹੇ ਵੇਲੇ, ਜਦ ਜਾਰਜ ਫਲਾਇਡ ਦੇ ਲਈ ਦੁਨੀਆਂ ਭਰ ਵਿਚ ਇਕਜੁੱਟਤਾ ਜਤਾਈ ਜਾ ਰਹੀ ਹੈ। (ਪੀਟੀਆਈ)