
ਲੇਬਨਾਨ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ
central Beirut : ਇਜ਼ਰਾਈਲ ਦੇ ਮੱਧ ਬੇਰੂਤ ’ਚ ਵੀਰਵਾਰ ਸ਼ਾਮ ਨੂੰ ਕੀਤੇ ਗਏ ਹਵਾਈ ਹਮਲਿਆਂ ’ਚ ਘੱਟੋ-ਘੱਟ 22 ਲੋਕਾਂ ਦੀ ਮੌਤ ਹੋ ਗਈ ਅਤੇ ਦਰਜਨਾਂ ਲੋਕ ਜ਼ਖਮੀ ਹੋ ਗਏ। ਲੇਬਨਾਨ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ।
ਇਨ੍ਹਾਂ ਹਮਲਿਆਂ ਨੇ ਲੇਬਨਾਨ ਵਿਚ ਈਰਾਨ ਸਮਰਥਿਤ ਹਿਜ਼ਬੁੱਲਾ ਅਤਿਵਾਦੀਆਂ ਨਾਲ ਇਜ਼ਰਾਈਲ ਦੇ ਖੂਨੀ ਸੰਘਰਸ਼ ਨੂੰ ਵਧਾ ਦਿਤਾ ਹੈ। ਇਹ ਹਮਲੇ ਪਛਮੀ ਬੇਰੂਤ ਦੇ ਵੱਖ-ਵੱਖ ਇਲਾਕਿਆਂ ਵਿਚ ਸਥਿਤ ਦੋ ਰਿਹਾਇਸ਼ੀ ਇਮਾਰਤਾਂ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ। ਇਕ ਇਮਾਰਤ ਢਹਿ ਗਈ ਅਤੇ ਦੂਜੀ ਦੀ ਹੇਠਲੀ ਮੰਜ਼ਿਲ ਨੂੰ ਨੁਕਸਾਨ ਪਹੁੰਚਿਆ।
ਇਜ਼ਰਾਈਲੀ ਫੌਜ ਨੇ ਕਿਹਾ ਕਿ ਉਹ ਕਥਿਤ ਹਮਲਿਆਂ ਦੀ ਜਾਂਚ ਕਰ ਰਹੀ ਹੈ। ਇਜ਼ਰਾਈਲ ਦੇ ਹਵਾਈ ਹਮਲੇ ਬੇਰੂਤ ਦੇ ਸੰਘਣੀ ਆਬਾਦੀ ਵਾਲੇ ਦਖਣੀ ਉਪਨਗਰਾਂ ਵਿਚ ਆਮ ਹਨ, ਜਿੱਥੇ ਹਿਜ਼ਬੁੱਲਾ ਜੰਗ ਵਿਚ ਹੈ।
ਹਮਲਿਆਂ ਤੋਂ ਬਾਅਦ ਹਿਜ਼ਬੁੱਲਾ ਦੇ ਅਲ-ਮਨਾਰ ਟੀ.ਵੀ. ਨੇ ਕਿਹਾ ਕਿ ਹਿਜ਼ਬੁੱਲਾ ਦੇ ਇਕ ਚੋਟੀ ਦੇ ਸੁਰੱਖਿਆ ਅਧਿਕਾਰੀ ਵਾਫਿਕ ਸਫਾ ਦੀ ਹੱਤਿਆ ਦੀ ਕੋਸ਼ਿਸ਼ ਅਸਫਲ ਰਹੀ। ਇਸ ਵਿਚ ਕਿਹਾ ਗਿਆ ਹੈ ਕਿ ਸਫਾ ਉਸ ਇਮਾਰਤ ਵਿਚ ਨਹੀਂ ਸੀ ਜਿੱਥੇ ਹਮਲਾ ਹੋਇਆ ਸੀ।
ਹਿਜ਼ਬੁੱਲਾ ਅਤੇ ਇਜ਼ਰਾਈਲ ਹਾਲ ਹੀ ਦੇ ਹਫਤਿਆਂ ’ਚ ਜ਼ਬਰਦਸਤ ਲੜਾਈ ਲੜ ਰਹੇ ਹਨ।
ਇਸ ਤੋਂ ਪਹਿਲਾਂ ਫਲਸਤੀਨੀ ਮੈਡੀਕਲ ਅਧਿਕਾਰੀਆਂ ਨੇ ਕਿਹਾ ਸੀ ਕਿ ਵੀਰਵਾਰ ਨੂੰ ਗਾਜ਼ਾ ’ਚ ਬੇਘਰ ਲੋਕਾਂ ਨੂੰ ਪਨਾਹ ਦੇਣ ਵਾਲੇ ਇਕ ਸਕੂਲ ’ਤੇ ਇਜ਼ਰਾਈਲ ਦੇ ਹਮਲੇ ’ਚ ਘੱਟੋ-ਘੱਟ 27 ਲੋਕਾਂ ਦੀ ਮੌਤ ਹੋ ਗਈ।
ਇਹ ਹਮਲਾ ਉਸ ਦਿਨ ਹੋਇਆ ਹੈ ਜਦੋਂ ਇਜ਼ਰਾਈਲੀ ਫੌਜਾਂ ਨੇ ਦਖਣੀ ਲੇਬਨਾਨ ਵਿਚ ਸੰਯੁਕਤ ਰਾਸ਼ਟਰ ਦੇ ਸ਼ਾਂਤੀ ਰੱਖਿਅਕਾਂ ’ਤੇ ਗੋਲੀਬਾਰੀ ਕੀਤੀ ਅਤੇ ਉਨ੍ਹਾਂ ਵਿਚੋਂ ਦੋ ਜ਼ਖਮੀ ਹੋ ਗਏ। ਗੋਲੀਬਾਰੀ ਦੀ ਵਿਆਪਕ ਨਿੰਦਾ ਕੀਤੀ ਗਈ ਅਤੇ ਇਟਲੀ ਦੇ ਰੱਖਿਆ ਮੰਤਰਾਲੇ ਨੇ ਵਿਰੋਧ ਵਿਚ ਇਜ਼ਰਾਈਲ ਦੇ ਰਾਜਦੂਤ ਨੂੰ ਤਲਬ ਕੀਤਾ।
ਲੇਬਨਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ 22 ਲੋਕਾਂ ਦੀ ਮੌਤ ਹੋ ਗਈ ਅਤੇ 117 ਜ਼ਖਮੀ ਹੋ ਗਏ। ਬੇਰੂਤ ਦੇ ਆਲੇ-ਦੁਆਲੇ ਸੰਘਣੀ ਆਬਾਦੀ ਵਾਲੇ ਦਖਣੀ ਉਪਨਗਰਾਂ ਵਿਚ ਹਾਲ ਹੀ ਵਿਚ ਇਜ਼ਰਾਈਲ ਦੇ ਹਵਾਈ ਹਮਲਿਆਂ ਵਿਚ ਹਿਜ਼ਬੁੱਲਾ ਨੇਤਾ ਹਸਨ ਨਸਰਾਲਾ ਅਤੇ ਹੋਰ ਸੀਨੀਅਰ ਕਮਾਂਡਰ ਮਾਰੇ ਗਏ ਹਨ।
ਇਜ਼ਰਾਈਲ ਨੇ ਪਿਛਲੇ ਸਾਲ 8 ਅਕਤੂਬਰ ਨੂੰ ਹਮਾਸ ਅਤੇ ਫਲਸਤੀਨੀਆਂ ਦੇ ਸਮਰਥਨ ਵਿਚ ਇਜ਼ਰਾਈਲ ’ਤੇ ਹਿਜ਼ਬੁੱਲਾ ਵਲੋਂ ਰਾਕੇਟ ਦਾਗੇ ਜਾਣ ਦੇ ਜਵਾਬ ਵਿਚ ਹਵਾਈ ਹਮਲੇ ਕੀਤੇ ਸਨ।