
ਇਹ ਘਟਨਾ ਸੂਬੇ ਦੇ ਡੁਕੀ ਇਲਾਕੇ ’ਚ ਵਾਪਰੀ
20 Killed in Attack on Miners in Pakistan : ਪਾਕਿਸਤਾਨ ਦੇ ਅਸ਼ਾਂਤ ਬਲੋਚਿਸਤਾਨ ਸੂਬੇ ’ਚ ਸ਼ੁਕਰਵਾਰ ਤੜਕੇ ਅਣਪਛਾਤੇ ਹਥਿਆਰਬੰਦ ਵਿਅਕਤੀਆਂ ਨੇ ਕੋਲਾ ਖਾਨਾਂ ’ਤੇ ਹਮਲਾ ਕਰ ਦਿਤਾ, ਜਿਸ ’ਚ ਘੱਟੋ-ਘੱਟ 20 ਮਜ਼ਦੂਰਾਂ ਦੀ ਮੌਤ ਹੋ ਗਈ ਅਤੇ 8 ਹੋਰ ਜ਼ਖਮੀ ਹੋ ਗਏ।
‘ਦੁਨੀਆਂ ਨਿਊਜ਼’ ਦੀ ਖਬਰ ਮੁਤਾਬਕ ਇਹ ਘਟਨਾ ਸੂਬੇ ਦੇ ਡੁਕੀ ਇਲਾਕੇ ’ਚ ਵਾਪਰੀ। ਇਹ ਹਮਲਾ ਪਾਕਿਸਤਾਨ ਵਿਚ ਹਿੰਸਾ ਦੀ ਲੜੀ ਵਿਚ ਤਾਜ਼ਾ ਹੈ। ਇਹ ਹਮਲਾ ਕੌਮੀ ਰਾਜਧਾਨੀ ’ਚ ਸ਼ੰਘਾਈ ਸਹਿਯੋਗ ਸੰਗਠਨ (ਐਸ.ਸੀ.ਓ.) ਸਿਖਰ ਸੰਮੇਲਨ ਤੋਂ ਠੀਕ ਪਹਿਲਾਂ ਹੋਇਆ ਹੈ।
ਡੁਕੀ ਜ਼ਿਲ੍ਹੇ ਦੇ ਚੇਅਰਮੈਨ ਹਾਜੀ ਖੈਰੁੱਲਾ ਨਾਸਿਰ ਨੇ ਦਸਿਆ ਕਿ ਹਮਲਾਵਰਾਂ ਨੇ ਹਮਲੇ ’ਚ ਗ੍ਰੇਨੇਡ ਅਤੇ ਰਾਕੇਟ ਲਾਂਚਰ ਦੀ ਵਰਤੋਂ ਕੀਤੀ। ਉਨ੍ਹਾਂ ਕਿਹਾ ਕਿ ਇਲਾਕੇ ’ਚ ਕੋਲੇ ਦੀਆਂ 10 ਖਾਣਾਂ ਹਨ। ਨਾਸਿਰ ਨੇ ਦਸਿਆ ਕਿ ਹਮਲਾਵਰਾਂ ਨੇ ਮੌਕੇ ਤੋਂ ਭੱਜਣ ਤੋਂ ਪਹਿਲਾਂ ਖੁਦਾਈ ਕਰਨ ਵਾਲੀਆਂ ਮਸ਼ੀਨਾਂ ਨੂੰ ਵੀ ਅੱਗ ਲਾ ਦਿਤੀ।
ਘੱਟੋ-ਘੱਟ 20 ਮਜ਼ਦੂਰ ਮਾਰੇ ਗਏ ਅਤੇ ਅੱਠ ਜ਼ਖਮੀ ਹੋ ਗਏ। ਹਮਲੇ ਤੋਂ ਬਾਅਦ ਪੁਲਿਸ, ਅਰਧ ਸੈਨਿਕ ਫਰੰਟੀਅਰ ਕੋਰ (ਐਫ.ਸੀ.) ਅਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਪੁਲਿਸ ਸੂਤਰਾਂ ਨੇ ਦਸਿਆ ਕਿ ਮ੍ਰਿਤਕਾਂ ਦੀ ਗਿਣਤੀ ਵਧ ਸਕਦੀ ਹੈ ਕਿਉਂਕਿ ਕੁੱਝ ਜ਼ਖਮੀਆਂ ਦੀ ਹਾਲਤ ਨਾਜ਼ੁਕ ਹੈ।
ਡੁਕੀ ਸਟੇਸ਼ਨ ਦੇ ਠਾਣੇਦਾਰ ਹਮਨਿਆਨ ਖਾਨ ਨੇ ਦਸਿਆ ਕਿ ਹਥਿਆਰਬੰਦ ਵਿਅਕਤੀਆਂ ਨੇ ਪਹਿਲਾਂ ਖਾਣ ਮਜ਼ਦੂਰਾਂ ਨੂੰ ਵੱਖ-ਵੱਖ ਸਮੂਹਾਂ ਵਿਚ ਇਕੱਠਾ ਕੀਤਾ ਅਤੇ ਫਿਰ ਉਨ੍ਹਾਂ ’ਤੇ ਗੋਲੀਆਂ ਚਲਾਈਆਂ। ਪੁਲਿਸ ਅਤੇ ਐਫ.ਸੀ. ਦੀਆਂ ਟੁਕੜੀਆਂ ਨੇ ਇਲਾਕੇ ਦੀ ਘੇਰਾਬੰਦੀ ਕਰ ਦਿਤੀ ਹੈ ਅਤੇ ਦੋਸ਼ੀਆਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿਤੀ ਹੈ।
ਪਾਕਿਸਤਾਨ ਵਿਚ ਮੌਜੂਦਾ ਸਾਲ ਵਿਚ ਅਤਿਵਾਦੀ ਹਮਲਿਆਂ ਵਿਚ ਚਿੰਤਾਜਨਕ ਵਾਧਾ ਹੋਇਆ ਹੈ ਅਤੇ ਪਹਿਲੀਆਂ ਤਿੰਨ ਤਿਮਾਹੀਆਂ ਵਿਚ ਮੌਤਾਂ ਦੀ ਗਿਣਤੀ 2023 ਵਿਚ ਦਰਜ ਕੀਤੀ ਗਈ ਗਿਣਤੀ ਨੂੰ ਪਾਰ ਕਰ ਗਈ ਹੈ।
ਸੈਂਟਰ ਫਾਰ ਰੀਸਰਚ ਐਂਡ ਸਕਿਓਰਿਟੀ ਸਟੱਡੀਜ਼ (ਸੀ.ਆਰ.ਐੱਸ.ਐੱਸ.) ਵਲੋਂ ਜਾਰੀ ਤੀਜੀ ਤਿਮਾਹੀ ਦੀ ਰੀਪੋਰਟ ਮੁਤਾਬਕ 2024 ਦੀਆਂ ਪਹਿਲੀਆਂ ਤਿੰਨ ਤਿਮਾਹੀਆਂ ’ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ ਘੱਟੋ-ਘੱਟ 1,534 ਹੋ ਜਾਵੇਗੀ, ਜੋ 2023 ’ਚ 1,523 ਸੀ।
ਈਰਾਨ ਅਤੇ ਅਫਗਾਨਿਸਤਾਨ ਦੀ ਸਰਹੱਦ ਨਾਲ ਲਗਦਾ ਬਲੋਚਿਸਤਾਨ ਲੰਮੇ ਸਮੇਂ ਤੋਂ ਹਿੰਸਕ ਅਤਿਵਾਦ ਦਾ ਕੇਂਦਰ ਰਿਹਾ ਹੈ। ਬਲੋਚ ਵਿਦਰੋਹੀ ਸਮੂਹਾਂ ਨੇ ਪਹਿਲਾਂ ਵੀ ਸੀ.ਪੀ.ਈ.ਸੀ. ਪ੍ਰਾਜੈਕਟਾਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਕਈ ਹਮਲੇ ਕੀਤੇ ਹਨ।
ਪਾਬੰਦੀਸ਼ੁਦਾ ਬਲੋਚ ਲਿਬਰੇਸ਼ਨ ਆਰਮੀ (ਬੀ.ਐਲ.ਏ.) ਇਸਲਾਮਾਬਾਦ ਦੀ ਸੰਘੀ ਸਰਕਾਰ ’ਤੇ ਦੋਸ਼ ਲਗਾ ਰਹੀ ਹੈ ਕਿ ਉਹ ਮੂਲ ਵਾਸੀਆਂ ਦੀ ਕੀਮਤ ’ਤੇ ਤੇਲ ਅਤੇ ਖਣਿਜ ਪਦਾਰਥਾਂ ਨਾਲ ਭਰਪੂਰ ਬਲੋਚਿਸਤਾਨ ਦਾ ਗਲਤ ਤਰੀਕੇ ਨਾਲ ਸੋਸ਼ਣ ਕਰ ਰਹੀ ਹੈ।
ਇਸ ਹਫਤੇ ਦੀ ਸ਼ੁਰੂਆਤ ’ਚ ਕਰਾਚੀ ’ਚ ਪਾਕਿਸਤਾਨ ਦੇ ਸੱਭ ਤੋਂ ਵਿਅਸਤ ਹਵਾਈ ਅੱਡੇ ਨੇੜੇ ਚੀਨੀ ਕਾਮਿਆਂ ਦੇ ਕਾਫਲੇ ਨੂੰ ਨਿਸ਼ਾਨਾ ਬਣਾ ਕੇ ਕੀਤੇ ਗਏ ਇਕ ਬਲੋਚ ਵਿਦਰੋਹੀ ਸਮੂਹ ਦੇ ਆਤਮਘਾਤੀ ਹਮਲੇ ’ਚ ਦੋ ਚੀਨੀ ਨਾਗਰਿਕਾਂ ਦੀ ਮੌਤ ਹੋ ਗਈ ਸੀ ਅਤੇ 17 ਹੋਰ ਜ਼ਖਮੀ ਹੋ ਗਏ ਸਨ।