
ਕਿਹਾ, ਜਿਸ ਸੰਸਥਾਨ ਨੇ ਇਹ ਖ਼ਬਰ ਦਿਤੀ ਹੈ ਉਹ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਦੇ ‘ਫ਼ਰਜ਼ੀ ਕਹਾਣੀਆਂ’ ਦਾ ਪ੍ਰਚਾਰ ਕਰਨ ਲਈ ਜਾਣਿਆ ਜਾਂਦਾ ਹੈ
New Delhi: ਭਾਰਤ ਨੇ ਉਸ ਮੀਡੀਆ ਰੀਪੋਰਟ ਨੂੰ ‘ਫ਼ਰਜ਼ੀ’ ਅਤੇ ‘ਪੂਰੀ ਤਰ੍ਹਾਂ ਮਨਘੜ੍ਹਤ’ ਦਸਿਆ ਜਿਸ ’ਚ ਦਾਅਵਾ ਕੀਤਾ ਗਿਆ ਹੈ ਕਿ ਹਰਦੀਪ ਸਿੰਘ ਨਿੱਝਰ ਸਮੇਤ ਕੁਝ ਸਿੱਖ ਵੱਖਵਾਦੀਆਂ ਵਿਰੁਧ ‘ਸਖ਼ਤ’ ਕਦਮ ਚੁੱਕਣ ਬਾਰੇ ਨਵੀਂ ਦਿੱਲੀ ਨੇ ਅਪ੍ਰੈਲ ’ਚ ਇਕ ‘ਗੁਪਤ ਮੈਮੋ’ ਜਾਰੀ ਕੀਤਾ ਸੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਕਿ ਇਹ ਖ਼ਬਰ ਭਾਰਤ ਵਿਰੁਧ ‘ਨਿਰੰਤਰ ਕੁਪ੍ਰਚਾਰ ਮੁਹਿੰਮ’ ਦਾ ਹਿੱਸਾ ਹੈ ਅਤੇ ਜਿਸ ਸੰਸਥਾਨ ਨੇ ਇਹ ਖ਼ਬਰ ਦਿਤੀ ਹੈ ਉਹ ਪਾਕਿਸਤਾਨੀ ਖ਼ੁਫ਼ੀਆ ਏਜੰਸੀ ਦੇ ‘ਫ਼ਰਜ਼ੀ ਕਹਾਣੀਆਂ’ ਦਾ ਪ੍ਰਚਾਰ ਕਰਨ ਲਈ ਜਾਣਿਆ ਜਾਂਦਾ ਹੈ। ਇਹ ਖ਼ਬਰ ਆਨਲਾਈਨ ਅਮਰੀਕੀ ਮੀਡੀਆ ਸੰਸਥਾ ‘ਦ ਇੰਟਰਸੈਪਟ’ ਨੇ ਜਾਰੀ ਕੀਤੀ ਸੀ।
ਬਾਗਚੀ ਨੇ ਕਿਹਾ, ‘‘ਅਸੀਂ ਦ੍ਰਿੜਤਾ ਨਾਲ ਕਹਿੰਦੇ ਹਾਂ ਕਿ ਇਸ ਤਰ੍ਹਾਂ ਦੀਆਂ ਖ਼ਬਰਾਂ ਫ਼ਰਜ਼ੀ ਅਤੇ ਪੂਰੀ ਤਰ੍ਹਾਂ ਮਨਘੜਤ ਹਨ। ਅਜਿਹਾ ਕੋਈ ਮੈਮੋ ਨਹੀਂ ਹੈ।’’
ਕੈਨੇਡੀਆਈ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ 18 ਜੂਨ ਨੂੰ ਕੈਨੇਡੀਆਈ ਧਰਤੀ ’ਤੇ ਖ਼ਾਲਿਸਤਾਨੀ ਕੱਟੜਪੰਥੀ ਨਿੱਝਰ ਦੇ ਕਤਲ ’ਚ ਭਾਰਤੀ ਏਜੰਟਾਂ ਦੀ ‘ਸੰਭਾਵਤ’ ਸ਼ਮੂਲੀਅਤ ਦਾ ਦੋਸ਼ ਲਾਇਆ ਸੀ। ਭਾਰਤ ਨੇ ਦੋਸ਼ਾਂ ਨੂੰ ‘ਬੇਤੁਕਾ’ ਦਸਦਿਆਂ ਮਜ਼ਬੂਤੀ ਨਾਲ ਉਨ੍ਹਾਂ ਨੂੰ ਖ਼ਾਰਜ ਕਰ ਦਿਤਾ ਸੀ।
ਭਾਰਤ ਦੇ ਵਿਦੇਸ਼ ਮੰਤਰਾਲੇ ਵਲੋਂ ਅਪ੍ਰੈਲ 2023 ’ਚ ਜਾਰੀ ਇਕ ਗੁਪਤ ਮੈਮੋ ’ਚ ਭਾਰਤ ਸਰਕਾਰ ਨੇ ਉੱਤਰੀ ਅਮਰੀਕਾ ’ਚ ਅਪਣੇ ਸਫ਼ਾਰਤਖ਼ਾਨਿਆਂ ਨੂੰ ਪਛਮੀ ਦੇਸ਼ਾਂ ’ਚ ਸਿੱਖ ਜਥੇਬੰਦੀਆਂ ਵਿਰੁਧ ‘ਜਟਿਲ ਕਾਰਵਾਈ ਯੋਜਨਾ’ ਸ਼ੁਰੂ ਕਰਨ ਦੇ ਹੁਕਮ ਦਿਤੇ ਸਨ। ਮੈਮੋ ’ਚ ਨਾਵਾਂ ਦੀ ਇਕ ਸੂਚੀ ਦਿਤੀ ਗਈ ਸੀ ਜਿਸ ’ਚ ਕਿਹਾ ਗਿਆ ਸੀ ਕਿ ਸ਼ੱਕੀਆਂ ਨੂੰ ਜਵਾਬਦੇਹ ਠਹਿਰਾਉਣ ਲਈ ਠੋਸ ਕਦਮ ਚੁੱਕੇ ਜਾਣਗੇ। ਇਸ ਦੇ ਕਾਰਨ ਵਜੋਂ ਕਿਹਾ ਗਿਆ ਹੈ ਕਿ ਇਹ ਸਿੱਖ ਜਥੇਬੰਦੀਆਂ ਭਾਰਤ ਸਰਕਾਰ ਨੂੰ ਬਦਨਾਮ ਕਰਨ ਦਾ ਕੰਮ ਕਰ ਰਹੀਆਂ ਹਨ ਅਤੇ ‘ਕੌਮਾਂਤਰੀ ਪੱਧਰ ’ਤੇ ਭਾਰਤ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼’ ਕਰ ਰਹੀਆਂ ਹਨ।
(For more news apart from About taking 'tough' steps against some Sikh separatists including Hardeep Singh Nijjar, stay tuned to Rozana Spokesman)