
ਖਸ਼ੋਗੀ ਕਤਲਕਾਂਡ ਮਾਮਲੇ ਵਿਚ ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨਾਲ ਜੁੜੇ ਇਕ ਅਧਿਕਾਰੀ ਨੇ ਹੈਰਾਨ ਕਰ ਦੇਣ ਵਾਲਾ ਬਿਆਨ ਦਿਤਾ ਹੈ...
ਵਾਸ਼ਿੰਗਟਨ : ਖਸ਼ੋਗੀ ਕਤਲਕਾਂਡ ਮਾਮਲੇ ਵਿਚ ਸਾਊਦੀ ਅਰਬ ਦੇ ਵਿਦੇਸ਼ ਮੰਤਰਾਲੇ ਨਾਲ ਜੁੜੇ ਇਕ ਅਧਿਕਾਰੀ ਨੇ ਹੈਰਾਨ ਕਰ ਦੇਣ ਵਾਲਾ ਬਿਆਨ ਦਿਤਾ ਹੈ। ਬਿਆਨ ਮੁਤਾਬਕ ਇਸਤਾਂਬੁਲ ਸਥਿਤ ਸਾਊਦੀ ਅਰਬ ਦੇ ਦੂਤਘਰ ਵਿਚ ਮਾਰੇ ਗਏ ਪੱਤਰਕਾਰ ਜਮਾਲ ਖਸ਼ੋਗੀ ਦੀ ਲਾਸ਼ ਦੇ ਬਾਰੇ ਰਿਆਦ ਨੂੰ ਕੋਈ ਜਾਣਕਾਰੀ ਨਹੀਂ ਹੈ। ਸਾਊਦੀ ਅਰਬ ਦੇ ਅਧਿਕਾਰੀਆਂ ਦੇ ਇਕ ਦਲ ਵਲੋਂ ਖਸ਼ੋਗੀ ਦੀ ਹੱਤਿਆ ਦੀ ਪੁਸ਼ਟੀ ਹੋਣ ਦੇ ਬਾਅਦ ਵੀ ਇਹ ਬਿਆਨ ਹੈਰਾਨ ਕਰ ਦੇਣ ਵਾਲਾ ਹੈ। ਗੌਰਤਲਬ ਹੈ ਕਿ ਇਕ ਅੰਗਰੇਜ਼ੀ ਅਖ਼ਬਾਰ ਦੇ ਪੱਤਰਕਾਰ ਜਮਾਲ ਖਸ਼ੋਗੀ ਦੀ 2 ਅਕਤੂਬਰ 2018 ਨੂੰ ਇਸਤਾਂਬੁਲ ਸਥਿਤ
ਸਾਊਦੀ ਅਰਬ ਵਿਚ ਦਾਖਲ ਹੋਣ ਦੇ ਬਾਅਦ ਹੱਤਿਆ ਕਰ ਦਿਤੀ ਗਈ ਸੀ। ਉਨ੍ਹਾਂ ਦੀ ਲਾਸ਼ ਹੁਣ ਤਕ ਬਰਾਮਦ ਨਹੀਂ ਹੋਈ ਹੈ। ਇਕ ਸਮਾਂ ਸੀ ਜਦੋਂ ਸਾਊਦੀ ਅਰਬ ਦੇ ਵਲੀ ਅਹਿਦ ਮੁਹੰਮਦ ਬਿਨ ਸਲਮਾਨ ਦੇ ਬਹੁਤ ਕਰੀਬੀ ਰਹੇ ਖਸ਼ੋਗੀ ਹਾਲ ਹੀ ਦੇ ਦਿਨਾਂ ਵਿਚ ਉਨ੍ਹਾਂ ਦੇ ਵੋਕਲ ਆਲੋਚਕ ਬਣ ਗਏ ਸਨ। ਸਾਊਦੀ ਅਰਬ ਦੇ ਵਿਦੇਸ਼ੀ ਮਾਮਲਿਆਂ ਦੇ ਮੰਤਰੀ ਅਦੇਲ ਅਲ-ਜ਼ੁਬੇਰ ਨੇ ਕਿਹਾ ਕਿ ਸਾਊਦੀ ਅਰਬ ਦੇ ਅਧਿਕਾਰੀਆਂ ਨੇ ਬਿਨਾਂ ਕਿਸੇ ਇਜਾਜ਼ਤ ਦੇ ਖਸ਼ੋਗੀ ਦੀ ਹੱਤਿਆ ਕੀਤੀ ਅਤੇ ਇਸ ਸਿਲਸਿਲੇ ਵਿਚ 11 ਲੋਕਾਂ ਵਿਰੁਧ ਮਾਮਲਾ ਦਰਜ਼ ਕੀਤਾ ਗਿਆ ਹੈ। ਖਸ਼ੋਗੀ ਦੀ ਲਾਸ਼ ਦੇ ਬਾਰੇ ਵਿਚ ਪੁੱਛੇ ਜਾਣ 'ਤੇ ਉਨ੍ਹਾਂ ਨੇ ਦਸਿਆ,''ਸਾਨੂੰ ਨਹੀਂ ਪਤਾ।''
ਜ਼ੁਬੇਰ ਨੇ ਕਿਹਾ ਕਿ ਇਸ ਮਾਮਲੇ ਵਿਚ ਸਰਕਾਰੀ ਵਕੀਲ ਨੇ ਤੁਰਕੀ ਤੋਂ ਸਬੂਤ ਮੰਗੇ ਸਨ ਪਰ ਉਸ ਨੂੰ ਕੋਈ ਜਵਾਬ ਨਹੀਂ ਮਿਲਿਆ। ਇਹ ਪੁੱਛੇ ਜਾਣ 'ਤੇ ਕਿ ਹਿਰਾਸਤ ਵਿਚ ਲਏ ਗਏ ਲੋਕ ਉਸ ਦੀ ਲਾਸ਼ ਬਾਰੇ ਕਿਉਂ ਨਹੀਂ ਦੱਸ ਰਹੇ ਤਾਂ ਜ਼ੁਬੇਰ ਨੇ ਕਿਹਾ,''ਅਸੀਂ ਜਾਂਚ ਕਰ ਰਹੇ ਹਾਂ । ਸਾਨੂੰ ਕਈ ਤਰ੍ਹਾਂ ਦੇ ਸ਼ੱਕ ਹਨ। ਅਸੀਂ ਸ਼ੱਕੀਆਂ ਕੋਲੋ ਪੁਛਗਿਛ ਕਰ ਰਹੇ ਹਾਂ ਕਿ ਉਨ੍ਹਾਂ ਨੇ ਲਾਸ਼ ਦਾ ਕੀ ਕੀਤਾ ਅਤੇ ਮੈਨੂੰ ਲਗਦਾ ਹੈ ਕਿ ਜਾਂਚ ਜਾਰੀ ਹੈ। ਸਾਨੂੰ ਉਮੀਦ ਹੈ ਕਿ ਅਖੀਰ ਵਿਚ ਸੱਚ ਸਾਹਮਣੇ ਆਵੇਗਾ।'' (ਪੀਟੀਆਈ)