
ਰੇਚਲ ਆਪਣੇ ਦੋ ਬੱਚਿਆਂ ਦੀ ਦੇਖਭਾਲ ਲਈ ਹਰ ਰੋਜ਼ 600 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ।
ਦਫ਼ਤਰ ਜਾਣ ਲਈ, ਕੁਝ ਜਨਤਕ ਆਵਾਜਾਈ ਦੀ ਵਰਤੋਂ ਕਰਦੇ ਹਨ ਅਤੇ ਕੁਝ ਨਿੱਜੀ ਵਾਹਨਾਂ ਦੀ ਵਰਤੋਂ ਕਰਦੇ ਹਨ ਪਰ, ਕੀ ਤੁਸੀਂ ਕਦੇ ਰੋਜ਼ਾਨਾ ਯਾਤਰਾ ਲਈ ਜਹਾਜ਼ ਦੀ ਵਰਤੋਂ ਕਰਨ ਬਾਰੇ ਸੁਣਿਆ ਹੈ? ਹੋ ਗਏ ਨਾ ਹੈਰਾਨ? ਪਰ ਇਹ ਸੱਚ ਹੈ। ਇਹ ਮਲੇਸ਼ੀਆ ਵਿੱਚ ਰਹਿਣ ਵਾਲੀ ਭਾਰਤੀ ਮੂਲ ਦੀ ਔਰਤ ਰੇਚਲ ਕੌਰ ਦੀ ਕਹਾਣੀ ਹੈ।
ਰੇਚਲ ਆਪਣੇ ਦੋ ਬੱਚਿਆਂ ਦੀ ਦੇਖਭਾਲ ਲਈ ਹਰ ਰੋਜ਼ 600 ਕਿਲੋਮੀਟਰ ਦਾ ਸਫ਼ਰ ਤੈਅ ਕਰਦੀ ਹੈ। ਹੁਣ ਕੋਈ ਵੀ ਕਾਰ ਰਾਹੀਂ 600 ਕਿਲੋਮੀਟਰ ਦਾ ਸਫ਼ਰ ਨਹੀਂ ਕਰ ਸਕਦਾ, ਇਸ ਲਈ ਰੇਚਲ ਨੂੰ ਹਵਾਈ ਸਫ਼ਰ ਕਰਨਾ ਪੈਂਦਾ ਹੈ। ਰੇਚਲ ਮਲੇਸ਼ੀਆ ਦੇ ਪੇਨਾਂਗ ਸ਼ਹਿਰ ਵਿੱਚ ਰਹਿੰਦੀ ਹੈ ਅਤੇ ਉਥੋਂ ਹਰ ਰੋਜ਼ ਕੁਆਲਾਲੰਪੁਰ ਜਾਂਦੀ ਹੈ। ਰੇਚਲ ਦੱਸਦੀ ਹੈ ਕਿ ਉਸ ਦਾ ਦਿਨ ਸਵੇਰੇ 4 ਵਜੇ ਸ਼ੁਰੂ ਹੁੰਦਾ ਹੈ। ਉਨ੍ਹਾਂ ਨੇ 9 ਵਜੇ ਤੱਕ ਆਪਣੇ ਦਫ਼ਤਰ ਪਹੁੰਚਣਾ ਹੁੰਦਾ ਹੈ। ਤਿਆਰ ਹੋਣ ਤੋਂ ਬਾਅਦ, ਰੇਚਲ 5 ਵਜੇ ਘਰੋਂ ਨਿਕਲ ਜਾਂਦੀ ਹੈ।
ਰੇਚਲ ਕਾਰ ਰਾਹੀਂ ਘਰ ਤੋਂ ਏਅਰਪੋਰਟ ਜਾਂਦੀ ਹੈ, ਜਿਸ ਵਿੱਚ ਉਸ ਨੂੰ 50 ਮਿੰਟ ਲੱਗਦੇ ਹਨ। ਰੇਚਲ ਦੱਸਦੀ ਹੈ ਕਿ ਜਹਾਜ਼ 6:30 'ਤੇ ਉਡਾਣ ਭਰਦਾ ਹੈ ਅਤੇ 40 ਮਿੰਟ ਬਾਅਦ ਕੁਆਲਾਲੰਪੁਰ ਪਹੁੰਚਦਾ ਹੈ। ਉਹ 7.45 ਵਜੇ ਆਪਣੇ ਦਫ਼ਤਰ ਪਹੁੰਚ ਜਾਂਦੀ ਹੈ। ਪਹਿਲਾਂ ਰੇਚਲ ਹਫਤੇ 'ਚ ਸਿਰਫ਼ ਇਕ ਵਾਰ ਘਰ ਆਉਂਦੀ ਸੀ ਪਰ ਹੁਣ ਉਹ ਬੱਚਿਆਂ ਦੀ ਸਹੀ ਦੇਖਭਾਲ ਕਰਨ ਲਈ ਹਰ ਰੋਜ਼ ਪੇਨਾਂਗ ਸ਼ਹਿਰ ਤੋਂ ਕੁਆਲਾਲੰਪੁਰ ਤੱਕ 600 ਕਿਲੋਮੀਟਰ ਦਾ ਸਫ਼ਰ ਕਰਦੀ ਹੈ। ਰੇਚਲ ਦੱਸਦੀ ਹੈ ਕਿ ਉਸ ਦੇ ਦੋ ਬੱਚੇ ਹਨ। ਇੱਕ ਦੀ ਉਮਰ 12 ਸਾਲ ਅਤੇ ਦੂਜੇ ਦੀ ਉਮਰ 11 ਸਾਲ ਹੈ। ਰੇਚਲ ਮੁਤਾਬਕ ਬੱਚੇ ਵੱਡੇ ਹੋ ਰਹੇ ਹਨ ਅਤੇ ਇਸ ਸਮੇਂ ਉਨ੍ਹਾਂ ਨੂੰ ਮਾਂ ਦੀ ਲੋੜ ਹੈ।
ਰੇਚਲ ਮਲੇਸ਼ੀਆ ਦੀ ਕੰਪਨੀ ਏਅਰ ਏਸ਼ੀਆ ਵਿੱਚ ਕੰਮ ਕਰਦੀ ਹੈ। ਉਹ ਆਉਣ-ਜਾਣ ਲਈ ਰੋਜ਼ਾਨਾ 11 ਅਮਰੀਕੀ ਡਾਲਰ ਖ਼ਰਚ ਕਰਦੀ ਹੈ। ਹਾਲਾਂਕਿ, ਰੋਜ਼ਾਨਾ ਆਉਣ-ਜਾਣ ਦੇ ਬਾਵਜੂਦ, ਰੇਚਲ ਪਹਿਲਾਂ ਨਾਲੋਂ ਘੱਟ ਪੈਸੇ ਖ਼ਰਚ ਕਰ ਰਹੀ ਹੈ। ਉਸ ਦੇ ਅਨੁਸਾਰ, ਕੁਆਲਾਲੰਪੁਰ ਵਿੱਚ ਰਹਿੰਦੇ ਹੋਏ, ਉਸ ਨੂੰ ਕਿਰਾਏ ਵਜੋਂ ਪ੍ਰਤੀ ਮਹੀਨਾ 340 ਅਮਰੀਕੀ ਡਾਲਰ ਖ਼ਰਚਣੇ ਪੈਂਦੇ ਸਨ।
ਪਰ ਹੁਣ ਉਨ੍ਹਾਂ ਨੂੰ ਆਉਣ-ਜਾਣ 'ਤੇ ਸਿਰਫ਼ 226 ਅਮਰੀਕੀ ਡਾਲਰ ਖ਼ਰਚਣੇ ਪੈ ਰਹੇ ਹਨ। ਰੇਚਲ ਦੇ ਅਨੁਸਾਰ, ਜਦੋਂ ਉਹ ਦੂਰ ਰਹਿੰਦੀ ਸੀ, ਤਾਂ ਉਸ ਨੂੰ ਖਾਣੇ 'ਤੇ ਹਰ ਮਹੀਨੇ 135 ਅਮਰੀਕੀ ਡਾਲਰ ਖ਼ਰਚਣੇ ਪੈਂਦੇ ਸਨ। ਪਰ ਘਰੋਂ ਰੋਜ਼ਾਨਾ ਆਉਣ-ਜਾਣ ਕਾਰਨ ਖਾਣ-ਪੀਣ ਦਾ ਖ਼ਰਚਾ ਵੀ ਘਟ ਗਿਆ ਹੈ ਅਤੇ ਇਹ 68 ਅਮਰੀਕੀ ਡਾਲਰ ਪ੍ਰਤੀ ਮਹੀਨਾ ਹੋ ਗਿਆ ਹੈ।