
ਅੱਜ ਜੋ ਕੁੱਝ ਵੀ ਹੋਇਆ ਉਹ ਕੰਪਨੀ ਅਤੇ ਇਮਾਰਤ ਮਾਲਕਾਂ ਦੇ ਲਾਲਚ ਦਾ ਨਤੀਜਾ ਹੈ : ਕੁਵੈਤ ਦੇ ਗ੍ਰਹਿ ਮੰਤਰੀ, ਇਮਾਰਤ ਦੇ ਮਾਲਕ ਵਿਰੁਧ ਸਖਤ ਕਾਰਵਾਈ ਦੇ ਹੁਕਮ
ਕੇਂਦਰੀ ਮੰਤਰੀ ਕੀਰਤੀ ਵਰਧਨ ਅੱਗ ਪੀੜਤਾਂ ਦੀ ਮਦਦ ਲਈ ਕੁਵੈਤ ਪਹੁੰਚੇ
ਦੁਬਈ/ਨਵੀਂ ਦਿੱਲੀ: ਦਖਣੀ ਕੁਵੈਤ ’ਚ ਮਜ਼ਦੂਰਾਂ ਦੀ ਰਿਹਾਇਸ਼ ਵਾਲੀ ਇਕ ਇਮਾਰਤ ’ਚ ਭਿਆਨਕ ਅੱਗ ਲੱਗਣ ਨਾਲ 49 ਲੋਕਾਂ ਦੀ ਮੌਤ ਹੋ ਗਈ, ਜਿਨ੍ਹਾਂ ’ਚ ਜ਼ਿਆਦਾਤਰ ਭਾਰਤੀ ਹਨ। ਅੱਗ ਲੱਗਣ ਕਾਰਨ 50 ਹੋਰ ਜਣੇ ਜ਼ਖ਼ਮੀ ਵੀ ਦਸੇ ਜਾ ਰਹੇ ਹਨ।
ਕੁਵੈਤ ਦੇ ਮੀਡੀਆ ਮੁਤਾਬਕ ਅਲ-ਅਹਿਮਦੀ ਗਵਰਨਰੇਟ ਦੇ ਅਧਿਕਾਰੀਆਂ ਨੂੰ ਸਵੇਰੇ 4:30 ਵਜੇ ਅਲ-ਮੰਗਫ ਇਮਾਰਤ ’ਚ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਅਧਿਕਾਰੀਆਂ ਨੇ ਦਸਿਆ ਕਿ ਅੱਗ ’ਚ ਫਸੇ ਜ਼ਿਆਦਾਤਰ ਲੋਕ ਭਾਰਤੀ ਹਨ ਅਤੇ ਉਨ੍ਹਾਂ ’ਚੋਂ ਜ਼ਿਆਦਾਤਰ ਕੇਰਲ ਦੇ ਹਨ ਜਿਨ੍ਹਾਂ ਦੀ ਉਮਰ 20 ਤੋਂ 50 ਸਾਲ ਵਿਚਕਾਰ ਸੀ। ਜ਼ਿਆਦਾਤਰ ਮੌਤਾਂ ਧੂੰਏਂ ਕਾਰਨ ਦਮ ਘੁਟਣ ਨਾਲ ਹੋਈਆਂ, ਕਿਉਂਕਿ ਉਸ ਸਮੇਂ ਜ਼ਿਆਦਾਤਰ ਮਜ਼ਦੂਰ ਸੌਂ ਰਹੇ ਸਨ। ਅੱਗ ਲੱਗਣ ਦਾ ਕਾਰਨ ਰਸੋਈ ’ਚ ਗੈਸ ਸਿਲੰਡਰ ਦਾ ਫਟਣਾ ਦਸਿਆ ਜਾ ਰਿਹਾ ਹੈ।
ਕੁਵੈਤ ਦੇ ਮੀਡੀਆ ਨੇ ਕਿਹਾ ਕਿ ਜਿਸ ਛੇ ਮੰਜ਼ਿਲਾ ਇਮਾਰਤ ’ਚ ਅੱਗ ਲੱਗੀ ਉਸ ਨੂੰ ਨਿਰਮਾਣ ਕੰਪਨੀ ਐਨ.ਬੀ.ਟੀ.ਸੀ. ਨੇ 195 ਤੋਂ ਵੱਧ ਕਾਮਿਆਂ ਨੂੰ ਰੱਖਣ ਲਈ ਕਿਰਾਏ ’ਤੇ ਲਿਆ ਹੋਇਆ ਸੀ। ਕਾਮਿਆਂ ’ਚੋਂ ਜ਼ਿਆਦਾਤਰ ਕੇਰਲ, ਤਾਮਿਲਨਾਡੂ ਅਤੇ ਉੱਤਰੀ ਸੂਬਿਆਂ ਦੇ ਭਾਰਤੀ ਸਨ। ਇਸ ਕੰਪਨੀ ਦਾ ਪਾਰਟਨਰ ਅਤੇ ਮੈਨੇਜਿੰਗ ਡਾਇਰੈਕਟਰ ਕੇਰਲ ਮੂਲ ਦਾ ਐਨ.ਆਰ.ਆਈ. ਕੇ.ਜੀ. ਅਬਰਾਹਮ ਹੈ ਜੋ ਕੁਵੈਤ ਦੀ ਸਭ ਤੋਂ ਵੱਡੀ ਉਸਾਰੀ ਕੰਪਨੀ ਹੈ। ਕੁਵੈਤ ਦੀ ਆਬਾਦੀ ਦਾ 21 ਫ਼ੀ ਸਦੀ (10 ਲੱਖ) ਅਤੇ ਇਸ ਦੀ ਕਿਰਤ ਸ਼ਕਤੀ ਦਾ 30 ਫ਼ੀ ਸਦੀ (ਲਗਭਗ 9 ਲੱਖ) ਭਾਰਤੀ ਹਨ।
ਕੁਵੈਤ ਦੇ ਗ੍ਰਹਿ ਮੰਤਰੀ ਸ਼ੇਖ ਫਹਦ ਅਲ-ਯੂਸਫ ਅਲ ਸਬਾਹ ਨੇ ਅੱਗ ਲੱਗਣ ਦੀ ਘਟਨਾ ਦੀ ਜਾਂਚ ਦੇ ਹੁਕਮ ਦਿਤੇ ਹਨ ਅਤੇ ਅਲ-ਮੰਗਫ ਇਮਾਰਤ ਦੇ ਮਾਲਕ ਅਤੇ ਚੌਕੀਦਾਰ ਨੂੰ ਫੜਨ ਦੇ ਹੁਕਮ ਜਾਰੀ ਕੀਤੇ ਹਨ। ਕੁਵੈਤ ਟਾਈਮਜ਼ ਨੇ ਅਲ ਸਬਾਹ ਦੇ ਹਵਾਲੇ ਨਾਲ ਕਿਹਾ, ‘‘ਅੱਜ ਜੋ ਕੁੱਝ ਵੀ ਹੋਇਆ ਉਹ ਕੰਪਨੀ ਅਤੇ ਇਮਾਰਤ ਮਾਲਕਾਂ ਦੇ ਲਾਲਚ ਦਾ ਨਤੀਜਾ ਹੈ।’’
ਮੰਤਰਾਲੇ ਨੇ ਕਿਹਾ ਕਿ ਅਪਰਾਧਕ ਸਬੂਤ ਵਿਭਾਗ ਦੇ ਕਾਮੇ ਇਸ ਵੇਲੇ ਘਟਨਾ ਵਾਲੀ ਥਾਂ ’ਤੇ ਮਿ੍ਰਤਕਾਂ ਦੀ ਪਛਾਣ ਕਰਨ ਅਤੇ ਅੱਗ ਦੇ ਕਾਰਨ ਜਾਣਨ ’ਤੇ ਕੰਮ ਕਰ ਰਹੇ ਹਨ। ਇਸ ਨੇ ਕਿਹਾ ਕਿ ਕਾਨੂੰਨ ਦਾ ਉਲੰਘਣ ਕਰਨ ਵਾਲੇ ਇਮਾਰਤ ਦੇ ਮਾਲਕਾਂ ਵਿਰੁਧ ਸਖ਼ਤ ਕਦਮ ਚੁਕੇ ਜਾਣਗੇ। ਬਚਾਅ ਮੁਹਿੰਮ ਦੌਰਾਨ ਪੰਜ ਅੱਗ ਬੁਝਾਊ ਦਸਤੇ ਦੇ ਮੁਲਾਜ਼ਮ ਵੀ ਜ਼ਖ਼ਮੀ ਹੋ ਗਏ।
ਕੁਵੈਤ ਵਿਚ ਭਾਰਤੀ ਸਫ਼ੀਰ ਆਦਰਸ਼ ਸ਼ਵੈਕਾ ਨੇ ਕਈ ਹਸਪਤਾਲਾਂ ਦਾ ਦੌਰਾ ਕੀਤਾ ਜਿੱਥੇ ਜ਼ਖਮੀਆਂ ਨੂੰ ਦਾਖਲ ਕਰਵਾਇਆ ਗਿਆ ਹੈ। ਭਾਰਤੀ ਸਫ਼ਾਰਤਖ਼ਾਨੇ ਨੇ ਇਕ ‘ਐਕਸ’ ਪੋਸਟ ’ਚ ਕਿਹਾ, ‘‘ਰਾਜਦੂਤ ਆਦਰਸ਼ ਸਵੈਕਾ ਨੇ ਅਲ ਅਦਨ ਹਸਪਤਾਲ ਦਾ ਦੌਰਾ ਕੀਤਾ, ਜਿੱਥੇ ਅੱਜ ਅੱਗ ਲੱਗਣ ਦੀ ਘਟਨਾ ’ਚ ਜ਼ਖਮੀ ਹੋਏ 30 ਤੋਂ ਵੱਧ ਭਾਰਤੀ ਕਾਮਿਆਂ ਨੂੰ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਕਈ ਮਰੀਜ਼ਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਨੂੰ ਸਫ਼ਾਰਤਖ਼ਾਨਾ ਵਲੋਂ ਪੂਰਾ ਸਮਰਥਨ ਦੇਣ ਦਾ ਭਰੋਸਾ ਦਿਤਾ। ਹਸਪਤਾਲ ਦੇ ਅਧਿਕਾਰੀਆਂ ਨੇ ਲਗਭਗ ਸਾਰੇ ਜ਼ਖ਼ਮੀਆਂ ਦੀ ਹਾਲਤ ਸਥਿਰ ਦੱਸੀ ਹੈ।’’
ਕੁਵੈਤ ਦੇ ਸਿਹਤ ਮੰਤਰਾਲੇ ਨੇ ਦਸਿਆ ਕਿ ਜ਼ਖਮੀਆਂ ਨੂੰ ਕਈ ਹਸਪਤਾਲਾਂ ’ਚ ਲਿਜਾਇਆ ਗਿਆ ਹੈ, ਜਿਨ੍ਹਾਂ ’ਚੋਂ 21 ਨੂੰ ਅਲ-ਅਦਨ ਹਸਪਤਾਲ, 6 ਨੂੰ ਫਰਵਾਨੀਆ ਹਸਪਤਾਲ, ਇਕ ਨੂੰ ਅਲ-ਅਮੀਰੀ ਅਤੇ 11 ਨੂੰ ਮੁਬਾਰਕ ਹਸਪਤਾਲ ਲਿਜਾਇਆ ਗਿਆ ਹੈ।
ਦਿੱਲੀ ’ਚ ਅਧਿਕਾਰੀਆਂ ਨੇ ਦਸਿਆ ਕਿ ਭਾਰਤੀ ਸਫ਼ਾਰਤਖ਼ਾਨਾ ਦੇ ਅਧਿਕਾਰੀ ਹਸਪਤਾਲਾਂ ’ਚ ਜਾ ਰਹੇ ਹਨ, ਜਿੱਥੇ ਅੱਗ ਪ੍ਰਭਾਵਤ ਲੋਕਾਂ ਨੂੰ ਦਾਖਲ ਕਰਵਾਇਆ ਗਿਆ ਹੈ। ਇਕ ਅਧਿਕਾਰੀ ਨੇ ਕਿਹਾ ਕਿ ਪੂਰਾ ਵੇਰਵਾ ਮਿਲਣ ਤੋਂ ਬਾਅਦ ਹੀ ਮ੍ਰਿਤਕਾਂ ਅਤੇ ਜ਼ਖਮੀਆਂ ਦੀ ਸਹੀ ਗਿਣਤੀ ਦਾ ਪਤਾ ਲੱਗੇਗਾ।
ਭਾਰਤੀ ਸਫ਼ੀਰ ਸਵੈਕਾ ਨੇ ਵੀ ਘਟਨਾ ਵਾਲੀ ਥਾਂ ਦਾ ਵੀ ਦੌਰਾ ਕੀਤਾ। ਭਾਰਤੀ ਸਫ਼ਾਰਤਖ਼ਾਨੇ ਨੇ ਕਿਹਾ ਕਿ ਉਹ ਜ਼ਰੂਰੀ ਕਾਰਵਾਈ ਕਰਨ ਲਈ ਕੁਵੈਤ ਦੇ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ, ਫਾਇਰ ਸਰਵਿਸ ਅਤੇ ਸਿਹਤ ਵਿਭਾਗ ਨਾਲ ਨੇੜਲੇ ਸੰਪਰਕ ’ਚ ਹਨ।
ਇਸ ਦੌਰਾਨ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਭਿਆਨਕ ਅੱਗ ’ਚ ਜ਼ਖਮੀ ਹੋਏ ਭਾਰਤੀਆਂ ਦੀ ਸਹਾਇਤਾ ਦੀ ਨਿਗਰਾਨੀ ਕਰਨ ਅਤੇ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਜਲਦੀ ਤੋਂ ਜਲਦੀ ਵਾਪਸ ਲਿਆਉਣ ਲਈ ਤੁਰਤ ਕੁਵੈਤ ਰਵਾਨਾ ਹੋ ਰਹੇ ਹਨ। ਕੀਰਤੀ ਵਰਧਨ ਸਿੰਘ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਹਦਾਇਤਾਂ ’ਤੇ ਕੁਵੈਤ ਦਾ ਦੌਰਾ ਕਰ ਰਹੇ ਹਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਨਵੀਂ ਦਿੱਲੀ ’ਚ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਿਰਦੇਸ਼ਾਂ ’ਤੇ ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਅੱਗ ਦੁਖਾਂਤ ’ਚ ਜ਼ਖਮੀ ਹੋਏ ਲੋਕਾਂ ਦੀ ਸਹਾਇਤਾ ਦੀ ਨਿਗਰਾਨੀ ਕਰਨ ਅਤੇ ਇਸ ਦੁਖਦਾਈ ਘਟਨਾ ’ਚ ਮਾਰੇ ਗਏ ਲੋਕਾਂ ਦੀਆਂ ਲਾਸ਼ਾਂ ਨੂੰ ਜਲਦੀ ਵਾਪਸ ਲਿਆਉਣ ਲਈ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕਰਨ ਲਈ ਤੁਰਤ ਕੁਵੈਤ ਰਵਾਨਾ ਹੋ ਰਹੇ ਹਨ।’’
ਪ੍ਰਧਾਨ ਮੰਤਰੀ ਨੇ ਘਟਨਾ ਨੂੰ ਦੁਖਦਾਈ ਦਸਿਆ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਗ ਲੱਗਣ ਦੀ ਘਟਨਾ ਨੂੰ ਦੁਖਦਾਈ ਦਸਿਆ ਅਤੇ ਕਿਹਾ ਕਿ ਕੁਵੈਤ ਵਿਚ ਭਾਰਤੀ ਸਫ਼ਾਰਤਖ਼ਾਨਾ ਸਥਿਤੀ ’ਤੇ ਨੇੜਿਉਂ ਨਜ਼ਰ ਰੱਖ ਰਿਹਾ ਹੈ। ਮੋਦੀ ਨੇ ਇਕ ‘ਐਕਸ’ ਪੋਸਟ ’ਚ ਕਿਹਾ, ‘‘ਕੁਵੈਤ ਸ਼ਹਿਰ ’ਚ ਅੱਗ ਲੱਗਣ ਦੀ ਘਟਨਾ ਦੁਖਦਾਈ ਹੈ। ਮੇਰੀਆਂ ਸੰਵੇਦਨਾਵਾਂ ਉਨ੍ਹਾਂ ਸਾਰਿਆਂ ਨਾਲ ਹਨ ਜਿਨ੍ਹਾਂ ਨੇ ਅਪਣੇ ਪਿਆਰਿਆਂ ਨੂੰ ਗੁਆ ਦਿਤਾ ਹੈ। ਮੈਂ ਜ਼ਖਮੀਆਂ ਦੇ ਜਲਦੀ ਠੀਕ ਹੋਣ ਦੀ ਪ੍ਰਾਰਥਨਾ ਕਰਦਾ ਹਾਂ। ਕੁਵੈਤ ਵਿਚ ਭਾਰਤੀ ਸਫ਼ਾਰਤਖ਼ਾਨਾ ਸਥਿਤੀ ਦੀ ਨੇੜਿਉਂ ਨਿਗਰਾਨੀ ਕਰ ਰਿਹਾ ਹੈ ਅਤੇ ਉਥੇ ਪ੍ਰਭਾਵਤ ਲੋਕਾਂ ਦੀ ਸਹਾਇਤਾ ਲਈ ਅਧਿਕਾਰੀਆਂ ਨਾਲ ਕੰਮ ਕਰ ਰਿਹਾ ਹੈ।’’
ਜੈਸ਼ੰਕਰ ਨੇ ਘਟਨਾ ’ਚ ਹੋਏ ਜਾਨੀ ਨੁਕਸਾਨ ’ਤੇ ਦੁੱਖ ਜ਼ਾਹਰ ਕੀਤਾ
ਨਵੀਂ ਦਿੱਲੀ : ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਬੁਧਵਾਰ ਨੂੰ ਕੁਵੈਤ ਸ਼ਹਿਰ ’ਚ ਅੱਗ ਲੱਗਣ ਦੀ ਘਟਨਾ ’ਚ 43 ਤੋਂ ਜ਼ਿਆਦਾ ਲੋਕਾਂ ਦੀ ਮੌਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਜੈਸ਼ੰਕਰ ਨੇ ਸੋਸ਼ਲ ਮੀਡੀਆ ਪਲੇਟਫਾਰਮ ‘ਐਕਸ’ ’ਤੇ ਇਕ ਪੋਸਟ ’ਚ ਕਿਹਾ, ‘‘ਕੁਵੈਤ ਸਿਟੀ ’ਚ ਅੱਗ ਲੱਗਣ ਦੀ ਘਟਨਾ ਦੀ ਖਬਰ ਨਾਲ ਡੂੰਘਾ ਸਦਮਾ ਲੱਗਾ ਹੈ। 40 ਤੋਂ ਵੱਧ ਮੌਤਾਂ ਹੋਈਆਂ ਹਨ ਅਤੇ 50 ਤੋਂ ਵੱਧ ਲੋਕ ਹਸਪਤਾਲ ’ਚ ਦਾਖਲ ਹਨ।’’ ਜੈਸ਼ੰਕਰ ਨੇ ਕਿਹਾ, ‘‘ਅਸੀਂ ਅਗਲੇਰੀ ਜਾਣਕਾਰੀ ਦੀ ਉਡੀਕ ਕਰ ਰਹੇ ਹਾਂ। ਮੈਂ ਮ੍ਰਿਤਕਾਂ ਦੇ ਪਰਵਾਰਾਂ ਪ੍ਰਤੀ ਡੂੰਘੀ ਹਮਦਰਦੀ ਜ਼ਾਹਰ ਕਰਦਾ ਹਾਂ। ਮੈਂ ਜ਼ਖਮੀਆਂ ਦੇ ਜਲਦੀ ਅਤੇ ਪੂਰੀ ਤਰ੍ਹਾਂ ਠੀਕ ਹੋਣ ਦੀ ਕਾਮਨਾ ਕਰਦਾ ਹਾਂ।’’ ਉਨ੍ਹਾਂ ਕਿਹਾ, ‘‘ਸਾਡਾ ਸਫ਼ਾਰਤਖ਼ਾਨਾ ਇਸ ਸਬੰਧ ਵਿਚ ਸਾਰੇ ਸਬੰਧਤ ਲੋਕਾਂ ਨੂੰ ਪੂਰੀ ਸਹਾਇਤਾ ਪ੍ਰਦਾਨ ਕਰੇਗਾ।’’
ਭਾਰਤੀ ਸ਼ਫਾਰਤਖ਼ਾਨੇ ਨੇ ਜਾਣਕਾਰੀ ਲਈ ਨੰਬਰ ਕੀਤਾ ਜਾਰੀ
ਕੁਵੈਤ 'ਚ ਭਾਰਤੀ ਸ਼ਫਾਰਤਖ਼ਾਨਾ ਨੇ ਇਕ ਪੋਸਟ 'ਚ ਕਿਹਾ ਕਿ ਸ਼ਫਾਰਤਖ਼ਾਨਾ ਹਰ ਸੰਭਵ ਮਦਦ ਦੇਣ ਲਈ ਵਚਨਬੱਧ ਹੈ। ਪੋਸਟ ’ਚ ਕਿਹਾ ਗਿਆ, ‘‘ਭਾਰਤੀ ਕਾਮਿਆਂ ਨਾਲ ਵਾਪਰੇ ਦੁਖਦਾਈ ਅੱਗ ਹਾਦਸੇ ਦੇ ਸਬੰਧ ’ਚ ਭਾਰਤੀ ਸ਼ਫਾਰਤਖ਼ਾਨੇ ਨੇ ਐਮਰਜੈਂਸੀ ਹੈਲਪਲਾਈਨ ਨੰਬਰ 965-65505246 ਜਾਰੀ ਕੀਤਾ ਹੈ। ਸਾਰੇ ਸਬੰਧਤ ਲੋਕਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਅਪਡੇਟਾਂ ਲਈ ਇਸ ਹੈਲਪਲਾਈਨ 'ਤੇ ਸੰਪਰਕ ਕਰਨ।’’
(For more news apart from Kuwait fire News in Punjabi, stay tuned to Rozana Spokesman)