ਕੋਰੋਨਾ ਵਾਇਰਸ ਨੂੰ ਲੈ ਕੇ ਵਿਗਿਆਨੀਆਂ ਨੇ ਦਿਤੀ ਸੀ ਚਿਤਾਵਨੀ
ਨਿਊਯਾਰਕ : ਅਮਰੀਕਾ 'ਚ ਕੋਰੋਨਾ ਵਾਇਰਸ ਲਾਗ ਦੇ ਕਾਰਨ ਰੋਜ਼ਾਨਾ ਹੋਣ ਵਾਲੀ ਮੌਤ ਦੀ ਦਰ ਘੱਟ ਹੋਣ ਦੇ ਬਾਅਦ ਫਿਰ ਤੋਂ ਵਧਣੀ ਸ਼ੁਰੂ ਹੋ ਗਈ ਹੈ। ਦੇਸ਼ 'ਚ ਪਿਛਲੇ ਕੁੱਝ ਮਹੀਨਾ ਤੋਂ ਵਾਇਰਸ ਦੇ ਕਾਰਨ ਮੌਤ ਦੇ ਮਾਮਲਿਆਂ ਦੀ ਗਿਣਤੀ 'ਚ ਰੋਜ਼ਾਨਾ ਗਿਰਾਵਟ ਆ ਰਹੀ ਸੀ। ਫਲੋਰੀਡਾ ਅਤੇ ਟੇਕਸਾਸ ਵਰਗੇ ਉਨ੍ਹਾਂ ਰਾਜਾਂ 'ਚ ਵੀ ਮ੍ਰਿਤਕਾਂ ਦੀ ਗਿਣਤੀ ਘੱਟ ਹੋ ਰਹੀ ਸੀ, ਜਿਥੇ ਵਾਇਰਸ ਦੇ ਮਾਮਲੇ ਅਤੇ ਹਸਪਤਾਲ 'ਚ ਦਾਖ਼ਲ ਹੋਣ ਵਾਲੇ ਲੋਕਾਂ ਦੀ ਗਿਣਤੀ ਵੱਧ ਹੈ।
ਵਿਗਿਆਨੀਆਂ ਨੇ ਚਿਤਾਵਨੀ ਦਿਤੀ ਸੀ ਕਿ ਰੋਜ਼ਾਨਾ ਘੱਟ ਹੋ ਰਹੀ ਮ੍ਰਿਤਕਾਂ ਦੀ ਗਿਣਤੀ ਕੁੱਝ ਦਿਨਾਂ ਬਾਅਦ ਵਧਣੀ ਸ਼ੁਰੂ ਹੋ ਜਾਵੇਗੀ। ਉਨ੍ਹਾਂ ਦਾ ਕਹਿਣਾ ਸੀ ਕਿ ਕੋਰੋਨਾ ਵਾਇਰਸ ਨਾਲ ਪ੍ਰਭਾਵਤ ਹੋਣ ਦੇ ਕਈ ਹਫ਼ਤੇ ਬਾਅਦ ਵਿਅਕਤੀ ਦੀ ਮੌਤ ਹੁੰਦੀ ਹੈ। ਮਾਹਰਾਂ ਨੇ ਭਵਿੱਖਵਾਣੀ ਕੀਤੀ ਸੀ ਕਿ ਵਾਇਰਸ ਦੇ ਮਾਮਲਿਆਂ ਅਤੇ ਹਸਪਤਾਲ 'ਚ ਦਾਖ਼ਲ ਹੋਣ ਵਾਲੇ ਲੋਕਾਂ ਦੀ ਗਿਣਤੀ 'ਚ ਵਾਧਾ ਹੋਣ ਕਾਰਨ ਇਕ ਸਮੇਂ ਬਾਅਦ ਮ੍ਰਿਤਕਾਂ ਦੀ ਗਿਣਤੀ ਵਧੇਗੀ ਅਤੇ ਹੁਣ ਇਹ ਹੋ ਰਿਹਾ ਹੈ।
ਹਾਵਰਡ ਯੂਨੀਵਰਸਿਟੀ 'ਚ ਵਾਇਰਸ ਰੋਗ ਮਾਹਰ ਵਿਲਿਅਮ ਹਾਨਾਗੇ ਨੇ ਕਿਹਾ, ''ਮ੍ਰਿਤਕ ਗਿਣਤੀ ਲਗਾਤਾਰ ਵੱਧ ਰਹੀ ਹੈ ਅਤੇ ਜਿਸ ਸਮੇਂ ਤਕ ਮ੍ਰਿਤਕ ਗਿਣਤੀ ਵਧਣ ਦਾ ਅਨੁਮਾਨ ਲਾਇਆ ਜਾ ਰਿਹਾ ਸੀ, ਇਹ ਉਸੇ ਸਮੇਂ ਵੱਧ ਰਹੀ ਹੈ।'' 'ਜਾਨਸ ਹਾਪਕਿਨਸ ਯੂਨੀਵਰਸਿਟੀ' ਦੇ ਅੰਕੜਿਆਂ ਦੇ 'ਏਸੋਸੀਏਟਿਡ ਪ੍ਰੈਸ' ਵਲੋਂ ਕੀਤੇ ਗਏ ਵਿਸ਼ਲੇਸ਼ਣ ਮੁਤਾਬਕ ਅਮਰੀਕਾ 'ਚ 10 ਜੂਨ ਨੂੰ ਰੋਜ਼ਾਨਾਂ ਮ੍ਰਿਤਕ ਗਿਣਤੀ ਪਿਛਲੇ ਸੱਤ ਦਿਨ 'ਚ ਔਸਤਨ 664 ਰਹੀ ਹੈ, ਜਦੋਂ ਕਿ ਦੋ ਹਫ਼ਤੇ ਪਹਿਲਾਂ ਇਹ 578 ਸੀ।
ਇਸ ਮਿਆਦ ਦੌਰਾਨ ਰੋਜ਼ਾਨਾ ਮਰਨ ਵਾਲੇ ਲੋਕਾਂ ਦੀ ਗਿਣਤੀ 27 ਰਾਜਾਂ 'ਚ ਵਧੀ ਹੈ। ਕੈਲੇਫੋਰਨੀਆ 'ਚ ਰੋਜ਼ਾਨਾ ਔਸਤਨ 91 ਅਤੇ ਟੇਕਸਾਸ 'ਚ 66 ਲੋਕਾਂ ਦੀ ਵਾਇਰਸ ਕਾਰਨ ਮੌਤ ਹੋ ਰਹੀ ਹੈ। ਇਨ੍ਹਾਂ ਦੇ ਇਲਾਵਾ ਫਲੋਰੀਡਾ, ਏਰੀਜ਼ੋਨਾ, ਇਲਿਨੋਈਸ, ਨਿਊ ਜਰਸੀ ਅਤੇ ਸਾਉਥ ਕੈਰੋਲਿਨਾ 'ਚ ਵੀ ਰੋਜ਼ਾਨਾ ਮ੍ਰਿਤਕ ਗਿਣਤੀ ਵੱਧ ਰਹੀ ਹੈ।
ਮਿਆਮੀ ਦੇ 'ਕੇਂਡੇਲ ਰੀਜ਼ਨਲ ਮੈਡੀਕਲ ਸੇਂਟਰ' 'ਚ ਨਰਸ ਰੁਬਲਾਸ ਰੁਈਜ਼ ਨੇ ਕਿਹਾ, ''ਸਾਡੇ ਆਈਸੀਯੂ 'ਚ ਚਾਰ ਦਿਨਾਂ ਤੋਂ ਵੀ ਘੱਟ ਸਮੇਂ 'ਚ 10 ਮਰੀਜ਼ਾਂ ਦੀ ਮੌਤ ਹੋਈ ਅਤੇ ਉਸ ਦੇ ਬਾਅਦ ਮੈਂ ਗਿਣਤੀ ਹੀ ਬੰਦ ਕਰ ਦਿਤੀ ਕਿਉਂਕਿ ਮ੍ਰਿਤਕਾਂ ਦੀ ਗਿਣਤੀ ਤੇਜੀ ਨਾਲ ਵਧੀ।'' ਜਾਨਸ ਹਾਪਕਿਨਸ ਯੂਨੀਵਰਸਿਟੀ ਮੁਤਾਬਕ ਅਮਰੀਕਾ 'ਚ ਕੋਰੋਨਾ ਵਾਇਰਸ ਕਾਰਨ 1,30,000 ਤੋਂ ਵੱਧ ਲੋਕਾਂ ਦੀ ਮੌਤ ਹੋਈ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ ।