ਹਾਊਸਿੰਗ ਸਕੀਮ ਘਪਲੇ ਦੇ ਮਾਮਲੇ ’ਚ ਕੋਰਟ ਮਾਰਸ਼ਲ ਦੀ ਕਾਰਵਾਈ ਸ਼ੁਰੂ
ਇਸਲਾਮਾਬਾਦ: ਪਾਕਿਸਤਾਨੀ ਫੌਜ ਨੇ ਸੋਮਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਹਾਊਸਿੰਗ ਸਕੀਮ ਘਪਲੇ ਦੇ ਮਾਮਲੇ ’ਚ ਇੰਟਰ-ਸਰਵਿਸਿਜ਼ ਇੰਟੈਲੀਜੈਂਸ (ਆਈ.ਐੱਸ.ਆਈ.) ਦੇ ਸਾਬਕਾ ਮੁਖੀ ਲੈਫਟੀਨੈਂਟ ਜਨਰਲ (ਸੇਵਾਮੁਕਤ) ਫੈਜ਼ ਹਮੀਦ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਉਨ੍ਹਾਂ ਵਿਰੁਧ ਕੋਰਟ ਮਾਰਸ਼ਲ ਦੀ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਫੌਜ ਦੀ ਮੀਡੀਆ ਬ੍ਰਾਂਚ ਇੰਟਰ-ਸਰਵਿਸਿਜ਼ ਪਬਲਿਕ ਰਿਲੇਸ਼ਨਜ਼ (ਆਈ.ਐੱਸ.ਪੀ.ਆਰ.) ਨੇ ਇਕ ਬਿਆਨ ’ਚ ਕਿਹਾ ਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਆਦੇਸ਼ਾਂ ਤੋਂ ਬਾਅਦ ਲੈਫਟੀਨੈਂਟ ਜਨਰਲ ਫੈਜ਼ ਹਮੀਦ (ਸੇਵਾਮੁਕਤ) ਵਿਰੁਧ ‘ਟਾਪ ਸਿਟੀ’ ਮਾਮਲੇ ’ਚ ਕੀਤੀਆਂ ਗਈਆਂ ਸ਼ਿਕਾਇਤਾਂ ਦੀ ਸੱਚਾਈ ਦਾ ਪਤਾ ਲਗਾਉਣ ਲਈ ਪਾਕਿਸਤਾਨੀ ਫੌਜ ਨੇ ਵਿਸਥਾਰਤ ਜਾਂਚ ਕੀਤੀ।
ਇਸ ’ਚ ਕਿਹਾ ਗਿਆ, ‘‘ਇਸ ਦੇ ਨਤੀਜੇ ਵਜੋਂ ਲੈਫਟੀਨੈਂਟ ਜਨਰਲ ਫੈਜ਼ ਹਮੀਦ (ਸੇਵਾਮੁਕਤ) ਵਿਰੁਧ ਪਾਕਿਸਤਾਨ ਆਰਮੀ ਐਕਟ ਦੀਆਂ ਧਾਰਾਵਾਂ ਤਹਿਤ ਉਚਿਤ ਅਨੁਸ਼ਾਸਨੀ ਕਾਰਵਾਈ ਸ਼ੁਰੂ ਕੀਤੀ ਗਈ ਹੈ।’’
ਬਿਆਨ ’ਚ ਕਿਹਾ ਗਿਆ ਹੈ, ‘‘ਇਸ ਤੋਂ ਇਲਾਵਾ ਰਿਟਾਇਰਮੈਂਟ ਤੋਂ ਬਾਅਦ ਪਾਕਿਸਤਾਨ ਆਰਮੀ ਐਕਟ ਦੀ ਉਲੰਘਣਾ ਦੀਆਂ ਕਈ ਘਟਨਾਵਾਂ ਸਾਹਮਣੇ ਆਈਆਂ ਹਨ। ਫੀਲਡ ਜਨਰਲ ਕੋਰਟ ਮਾਰਸ਼ਲ ਦੀ ਪ੍ਰਕਿਰਿਆ ਸ਼ੁਰੂ ਕਰ ਦਿਤੀ ਗਈ ਹੈ ਅਤੇ ਲੈਫਟੀਨੈਂਟ ਜਨਰਲ ਫੈਜ਼ ਹਮੀਦ (ਸੇਵਾਮੁਕਤ) ਨੂੰ ਫੌਜੀ ਹਿਰਾਸਤ ’ਚ ਲੈ ਲਿਆ ਗਿਆ ਹੈ।’’
ਲੈਫਟੀਨੈਂਟ ਜਨਰਲ (ਸੇਵਾਮੁਕਤ) ਹਮੀਦ ਨੂੰ 2019 ਤੋਂ 2021 ਤਕ ਜਾਸੂਸੀ ਏਜੰਸੀ ਦੀ ਅਗਵਾਈ ਕਰਦਿਆਂ ਬਹੁਤ ਸ਼ਕਤੀਸ਼ਾਲੀ ਮੰਨਿਆ ਜਾਂਦਾ ਸੀ।
ਉਨ੍ਹਾਂ ਨੂੰ ਇਸ ਵੱਕਾਰੀ ਅਹੁਦੇ ’ਤੇ ਉਦੋਂ ਨਿਯੁਕਤ ਕੀਤਾ ਗਿਆ ਸੀ ਜਦੋਂ ਤਤਕਾਲੀ ISI ਮੁਖੀ ਅਤੇ ਮੌਜੂਦਾ ਫੌਜ ਮੁਖੀ ਲੈਫਟੀਨੈਂਟ ਜਨਰਲ ਅਸੀਮ ਮੁਨੀਰ ਨੂੰ ਸਮੇਂ ਤੋਂ ਪਹਿਲਾਂ ਅਹੁਦੇ ਤੋਂ ਹਟਾ ਦਿਤਾ ਗਿਆ ਸੀ। ਉਦੋਂ ਅਜਿਹੀਆਂ ਖਬਰਾਂ ਆਈਆਂ ਸਨ ਕਿ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖਾਨ ਮੁਨੀਰ ਤੋਂ ਖੁਸ਼ ਨਹੀਂ ਸਨ।
ਬਾਅਦ ’ਚ ਫੌਜ ਨੇ ਹਮੀਦ ਨੂੰ ਬਦਲਣ ਦਾ ਫੈਸਲਾ ਕੀਤਾ, ਜਿਸ ਦਾ ਇਮਰਾਨ ਖਾਨ ਨੇ ਸਖਤ ਵਿਰੋਧ ਕੀਤਾ ਅਤੇ ਮੰਨਿਆ ਜਾ ਰਿਹਾ ਹੈ ਕਿ ਇਹ ਸ਼ਕਤੀਸ਼ਾਲੀ ਫੌਜ ਨਾਲ ਉਨ੍ਹਾਂ ਦੇ ਰਿਸ਼ਤਿਆਂ ’ਚ ਤਣਾਅ ਦੀ ਸ਼ੁਰੂਆਤ ਸੀ।
‘ਟਾਪ ਸਿਟੀ’ ਮਾਮਲਾ ਉਦੋਂ ਸੁਰਖੀਆਂ ’ਚ ਆਇਆ ਸੀ ਜਦੋਂ 8 ਨਵੰਬਰ, 2023 ਨੂੰ ਟਾਪ ਸਿਟੀ ਦੇ ਮਾਲਕ ਮੋਇਜ਼ ਅਹਿਮਦ ਖਾਨ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰ ਕੇ ਹਮੀਦ ’ਤੇ ਅਪਣੇ ਅਹੁਦੇ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ ਸੀ।
ਉਨ੍ਹਾਂ ਨੇ ਪਟੀਸ਼ਨ ’ਚ ਕਿਹਾ ਕਿ 12 ਮਈ 2017 ਨੂੰ ਜਨਰਲ ਹਮੀਦ ਦੇ ਕਹਿਣ ’ਤੇ ISI ਅਧਿਕਾਰੀਆਂ ਨੇ ‘ਟਾਪ ਸਿਟੀ’ ਦਫਤਰ ਅਤੇ ਉਸ ਦੇ ਘਰ ’ਤੇ ਛਾਪਾ ਮਾਰਿਆ ਅਤੇ ਸੋਨਾ, ਹੀਰੇ ਅਤੇ ਪੈਸੇ ਸਮੇਤ ਕੀਮਤੀ ਸਾਮਾਨ ਜ਼ਬਤ ਕੀਤਾ।
ਉਨ੍ਹਾਂ ਇਹ ਵੀ ਕਿਹਾ ਕਿ ਹਮੀਦ ਦੇ ਭਰਾ ਸਰਦਾਰ ਨਜਫ ਨੇ ਵੀ ਬਾਅਦ ਵਿਚ ਇਸ ਮੁੱਦੇ ਨੂੰ ਸੁਲਝਾਉਣ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ। ਪਟੀਸ਼ਨ ਵਿਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਜਨਰਲ ਹਮੀਦ ਨੇ ਬਾਅਦ ਵਿਚ ਇਸ ਮੁੱਦੇ ਨੂੰ ਹੱਲ ਕਰਨ ਲਈ ਉਨ੍ਹਾਂ ਨਾਲ ਨਿੱਜੀ ਤੌਰ ’ਤੇ ਮੁਲਾਕਾਤ ਕੀਤੀ। ਉਸ ਨੇ ਦੋਸ਼ ਲਾਇਆ ਕਿ ISI ਅਧਿਕਾਰੀਆਂ ਨੇ ਉਸ ਤੋਂ 4 ਕਰੋੜ ਰੁਪਏ ਨਕਦ ਵਸੂਲੇ।
ਹਮੀਦ ਨੇ ਮੌਜੂਦਾ ਫੌਜ ਮੁਖੀ ਦੇ ਅਹੁਦਾ ਸੰਭਾਲਣ ਤੋਂ ਬਾਅਦ ਅਪਣੀ ਰਿਟਾਇਰਮੈਂਟ ਦੀ ਤਰੀਕ ਤੋਂ ਚਾਰ ਮਹੀਨੇ ਪਹਿਲਾਂ ਨਵੰਬਰ 2022 ਵਿਚ ਸਮੇਂ ਤੋਂ ਪਹਿਲਾਂ ਫੌਜ ਛੱਡ ਦਿਤੀ ਸੀ। ਉਹ ਤਤਕਾਲੀ ਫੌਜ ਮੁਖੀ ਜਨਰਲ ਕਮਰ ਬਾਜਵਾ ਦਾ ਕਰੀਬੀ ਮੰਨਿਆ ਜਾਂਦਾ ਸੀ। ISI ਮੁਖੀ ਦਾ ਅਹੁਦਾ ਪਾਕਿਸਤਾਨੀ ਫੌਜ ’ਚ ਸੱਭ ਤੋਂ ਮਹੱਤਵਪੂਰਨ ਅਹੁਦਿਆਂ ’ਚੋਂ ਇਕ ਮੰਨਿਆ ਜਾਂਦਾ ਹੈ।