ਸਰਕਾਰੀ ਅਧਿਕਾਰੀਆਂ ਨੂੰ ਇਸ ਖੇਤਰ ਲਈ ਮਨੁੱਖਤਾਵਾਦੀ ਯੋਜਨਾ ਤਿਆਰ ਕਰਨ ਦੇ ਹੁਕਮ ਦਿਤੇ
ਕੀਵ: ਯੂਕਰੇਨ ਦੇ ਰਾਸ਼ਟਰਪਤੀ ਵੋਲੋਡੀਮੀਰ ਜ਼ੇਲੈਂਸਕੀ ਨੇ ਸੋਮਵਾਰ ਨੂੰ ਪਹਿਲੀ ਵਾਰ ਪੁਸ਼ਟੀ ਕੀਤੀ ਕਿ ਯੂਕਰੇਨ ਦੇ ਫੌਜੀ ਬਲ ਰੂਸ ਦੇ ਕੁਰਸਕ ਖੇਤਰ ਵਿਚ ਹੋਰ ਮੁਹਿੰਮ ਚਲਾ ਰਹੇ ਹਨ। ਜ਼ੇਲੈਂਸਕੀ ਨੇ ਟੈਲੀਗ੍ਰਾਮ ’ਤੇ ਇਕ ਪੋਸਟ ਵਿਚ ਦੇਸ਼ ਦੇ ਫ਼ੌਜੀਆਂ ਅਤੇ ਕਮਾਂਡਰਾਂ ਦੀ ਉਨ੍ਹਾਂ ਦੀ ਦ੍ਰਿੜਤਾ ਅਤੇ ਨਿਰਣਾਇਕ ਕਾਰਵਾਈ ਲਈ ਪ੍ਰਸ਼ੰਸਾ ਕੀਤੀ।
ਉਨ੍ਹਾਂ ਨੇ ਰੂਸ ’ਚ ਅਪਣੇ ਫ਼ੌਜੀਆਂ ਦੀ ਚੜ੍ਹਤ ਬਾਰੇ ਹੋਰ ਵਿਸਥਾਰ ਨਾਲ ਨਹੀਂ ਦਸਿਆ। ਉਨ੍ਹਾਂ ਸੁਝਾਅ ਦਿਤਾ ਕਿ ਯੂਕਰੇਨ ਖੇਤਰ ’ਚ ਮਨੁੱਖੀ ਸਹਾਇਤਾ ਪ੍ਰਦਾਨ ਕਰੇ। ਉਨ੍ਹਾਂ ਕਿਹਾ ਕਿ ਸਰਕਾਰੀ ਅਧਿਕਾਰੀਆਂ ਨੂੰ ਇਸ ਖੇਤਰ ਲਈ ਮਨੁੱਖਤਾਵਾਦੀ ਯੋਜਨਾ ਤਿਆਰ ਕਰਨ ਦੇ ਹੁਕਮ ਦਿਤੇ ਗਏ ਹਨ।
ਕੁਰਸਕ ’ਚ ਯੂਕਰੇਨ ਦੀ ਘੁਸਪੈਠ, ਡੋਨਬਾਸ ’ਚ ਰੂਸ ਦੇ ਹਮਲੇ ਨੂੰ ਰੋਕਣ ਦੀ ਕੋਸ਼ਿਸ਼: ਪੁਤਿਨ
ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਸੋਮਵਾਰ ਨੂੰ ਕਿਹਾ ਕਿ ਕੁਰਸਕ ਖੇਤਰ ’ਚ ਯੂਕਰੇਨ ਦੀ ਘੁਸਪੈਠ ਡੋਨਬਾਸ ’ਚ ਮਾਸਕੋ ਦੇ ਹਮਲੇ ਨੂੰ ਰੋਕਣ ਦੀ ਕੋਸ਼ਿਸ਼ ਹੈ। ਚੋਟੀ ਦੇ ਰੱਖਿਆ ਅਧਿਕਾਰੀਆਂ ਨਾਲ ਬੈਠਕ ਨੂੰ ਸੰਬੋਧਨ ਕਰਦਿਆਂ ਪੁਤਿਨ ਨੇ ਕਿਹਾ ਕਿ ਪਿਛਲੇ ਮੰਗਲਵਾਰ ਨੂੰ ਯੂਕਰੇਨ ਵਲੋਂ ਕੀਤਾ ਗਿਆ ਹਮਲਾ ਭਵਿੱਖ ਦੀ ਗੱਲਬਾਤ ਵਿਚ ਅਪਣੀ ਸਥਿਤੀ ਨੂੰ ਮਜ਼ਬੂਤ ਕਰਨ ਦੀਆਂ ਕੀਵ ਦੀਆਂ ਕੋਸ਼ਿਸ਼ਾਂ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਯੂਕਰੇਨ ਰੂਸ ਵਿਚ ਦਾਖਲ ਹੋ ਕੇ ਘਰੇਲੂ ਸਥਿਤੀ ਨੂੰ ਅਸਥਿਰ ਕਰਨ ਦੀ ਉਮੀਦ ਕਰਦਾ ਪਰ ਉਸ ਦੀਆਂ ਉਮੀਦਾਂ ’ਤੇ ਪਾਣੀ ਫਿਰ ਗਿਆ। ਰਾਸ਼ਟਰਪਤੀ ਨੇ ਕਿਹਾ ਕਿ ਰੂਸੀ ਫੌਜ ’ਚ ਸ਼ਾਮਲ ਹੋਣ ਵਾਲੇ ਵਲੰਟੀਅਰਾਂ ਦੀ ਗਿਣਤੀ ’ਚ ਵਾਧਾ ਹੋਇਆ ਹੈ। ਪੁਤਿਨ ਨੇ ਕਿਹਾ ਕਿ ਰੂਸੀ ਫੌਜ ਨੇ ਡੋਨਬਾਸ ’ਚ ਅਪਣਾ ਹਮਲਾ ਤੇਜ਼ ਕਰ ਦਿਤਾ ਹੈ। ਪੁਤਿਨ ਨੇ ਸਹੁੰ ਖਾਧੀ ਕਿ ਮਾਸਕੋ ਅਪਣੇ ਫੌਜੀ ਟੀਚਿਆਂ ਨੂੰ ਪ੍ਰਾਪਤ ਕਰੇਗਾ।