
ਸੰਨੀ ਸਿੰਘ ਨੂੰ ਸਾਰੇ ਉਮੀਦਵਾਰਾਂ ਤੋਂ ਵੱਧ ਵੋਟਾਂ ਮਿਲੀਆਂ
ਪਰਥ, ਮੈਲਬਰਨ : ਆਸਟ੍ਰੇਲੀਆ ਦੇ ਸੂਬਾ ਦਖਣੀ ਆਸਟ੍ਰੇਲੀਆ ਅੰਦਰ ਚੋਣ ਵਿਭਾਗ ਵਲੋਂ ਇਸ ਵਾਰ ਕਰਵਾਈਆਂ ਕੌਂਸਲ ਤੇ ਮੇਅਰ ਚੋਣ ਦੇ ਆਏ ਨਤੀਜਿਆਂ ਵਿਚ ਤਿੰਨ ਪੰਜਾਬੀਆਂ ਨੇ ਜਿੱਤ ਹਾਸਲ ਕੀਤੀ। ਕੌਂਸਲ ਹਲਕਾ ਪੋਰਟ ਅਗਸਤਾ ਤੋਂ ਪੰਜਾਬੀ ਮੂਲ ਦੇ ਆਸਟ੍ਰੇਲੀਆਈ ਸੰਨੀ ਸਿੰਘ, ਕੌਂਸਲ ਹਲਕਾ ਪਲਿੰਮਟਨ ਤੋਂ ਹਰਿਆਣਾ ਵਾਸੀ ਆਸਟ੍ਰੇਲੀਅਨ ਪੰਜਾਬੀ ਸੁਰਿੰਦਰਪਾਲ ਸਿੰਘ ਚਾਹਲ ਅਤੇ ਕੌਂਸਲ ਹਲਕਾਰੈਨਮਾਰਕਾ ਤੋਂ ਪੰਜਾਬੀ ਆਸਟ੍ਰੇਲੀਅਨ ਨੌਜਵਾਨ ਸਿਮਰਤਪਾਲ ਸਿੰਘ ਮੱਲੀ ਆਦਿ ਚੋਣ ਜਿੱਤ ਗਏ ਹਨ। ਚੋਣ ਵਿਭਾਗ ਵਲੋਂ ਜੇਤੂ ਕੌਂਸਲਰਾਂ ਤੇ ਮੇਅਰਾਂ ਨੂੰ ਸਹੁੰ ਚੁਕਾਉਣ ਦੀ ਰਸਮ 20 ਨਵੰਬਰ ਨੂੰ ਕਰਵਾਈ ਜਾਵੇਗੀ।
ਜਾਣਕਾਰੀ ਅਨੁਸਾਰ ਕੌਂਸਲ ਹਲਕਾ ਪੋਰਟਅਗਾਸਤਾ ਤੋਂ 9 ਕੌਂਸਲਾਂ ਲਈ 21 ਉਮੀਦਵਾਰ ਚੋਣ ਮੈਦਾਨ ਵਿਚ ਸਨ ਅਤੇ ਹਲਕੇ ਦੇ ਵੋਟਰਾਂ ਵਲੋਂ ਆਸਟ੍ਰੇਲੀਆਈ ਪੰਜਾਬੀ ਨੌਜਵਾਨ ਸੰਨੀ ਸਿੰਘ ਨੂੰ ਦਿਤੇ ਸਹਿਯੋਗ ਕਾਰਨ ਸੰਨੀ ਸਿੰਘ ਨੂੰ ਸਾਰੇ ਉਮੀਦਵਾਰਾਂ ਤੋਂ ਵੱਧ ਵੋਟਾਂ ਮਿਲੀਆਂ ਹਨ। ਦਸਣਯੋਗ ਹੈ ਕਿ ਕੌਂਸਲ ਚੋਣਾਂ ਦੌਰਾਨ ਇਕ ਟਰੱਕ ਡਰਾਈਵਰ ਵਲੋਂ ਸੋਸ਼ਲ ਮੀਡੀਏ ਉਪਰ ਸੰਨੀ ਸਿੰਘ ਦੇ ਬੈਨਰ ਉਪਰ ਸਿੱਖੀ ਪਹਿਰਾਵੇ ਵਿਚ ਲੱਗੀ ਫ਼ੋਟੋ ਨੂੰ ਨਿਸ਼ਾਨਾ ਬਣਾ ਕਿ ਨਸਲੀ ਹਮਲਾ ਕਰਦਿਆਂ ਭੱਦੀ ਸ਼ਬਦਾਵਲੀ ਵਰਤੀ ਗਈ ਸੀ
ਜਿਸ ਦਾ ਆਸਟ੍ਰੇਲੀਆਈ ਲੋਕਾਂ ਵਲੋਂ ਸੋਸ਼ਲ ਮੀਡੀਏ 'ਤੇ ਹੀ ਭਾਰੀ ਵਿਰੋਧ ਕਰਦਿਆਂ ਪੋਰਟ ਅਗਸਤਾ ਦੇ ਵੋਟਰ ਸੰਨੀ ਸੰਘ ਦੇ ਹੱਕ ਵਿਚ ਨਿਤਰੇ ਸਨ ਅਤੇ ਉਸ ਦੀ ਕੌਂਸਲ ਚੋਣ ਮੁਹਿੰਮ ਵਿਚ ਵੀ ਜੁਟੇ ਸਨ। ਦਖਣੀ ਆਸਟ੍ਰੇਲੀਆ ਦੇ ਇਤਿਹਾਸ ਵਿਚ ਪਹਿਲੀ ਵਾਰ ਤਿੰਨ ਪੰਜਾਬੀਆਂ ਨੇ ਕੌਂਸਲ ਮੈਂਬਰ ਦੀ ਚੋਣ ਜਿੱਤ ਕਿ ਆਸਟ੍ਰੇਲੀਆ ਦੇ ਸਿਆਸੀ ਪਿੜ ਵਿਚ ਸ਼ਮੂਲੀਅਤ ਕੀਤੀ ਹੈ ਜਿਸ ਕਾਰਨ ਆਸਟ੍ਰੇਲੀਅਨ ਭਾਰਤੀਆਂ ਵਿਚ ਖ਼ੁਸ਼ੀ ਦੀ ਲਹਿਰ ਹੈ ਅਤੇ ਭਾਰਤੀਆਂ ਵਲੋਂ ਜੇਤੂ ਉਮੀਦਵਾਰਾਂ ਨੂੰ ਸੋਸ਼ਲ ਮੀਡੀਏ 'ਤੇ ਵੱਡੇ ਪੱਧਰ 'ਤੇ ਮੁਬਾਰਕਾਂ ਭੇਜੀਆਂ ਗਈਆਂ ਹਨ।