
ਬਲੂ ਟਿੱਕ ਦੀ ਹੁਣ ਮੁਫ਼ਤ ਵਰਤੋਂ ਵਾਲੀ ਸਹੂਲਤ ਮੁੜ ਬਹਾਲ ਹੋ ਗਈ ਹੈ।
----------------------------------------
ਭਾਰੀ ਵਿਰੋਧ ਤੋਂ ਬਾਅਦ ਮਸਕ ਦਾ ਯੂ-ਟਰਨ
ਬਲੂ ਟਿੱਕ ਲਈ 8 ਡਾਲਰ ਦਾ ਫ਼ੈਸਲਾ ਵਾਪਸ
ਜਦੋਂ ਤੋਂ ਟਵਿਟਰ ਦੀ ਮਲਕੀਅਤ ਐਲਨ ਮਸਕ ਦੇ ਹੱਥ ਆਈ ਹੈ, ਇਹ ਸੋਸ਼ਲ ਮੀਡੀਆ ਪਲੇਟਫਾਰਮ ਨਿੱਤ ਦਿਨ ਮੁਸ਼ਕਿਲਾਂ 'ਚ ਵੀ ਘਿਰਿਆ ਰਹਿੰਦਾ ਹੈ ਅਤੇ ਇਸ ਦੀ ਚਰਚਾ ਵੀ ਛਿੜੀ ਰਹਿੰਦੀ ਹੈ। ਹੁਣ ਮੁੜ ਚਰਚਾ ਇਸ ਕਰਕੇ ਛਿੜੀ ਹੈ ਕਿਉਂ ਕਿ ਜਿਸ ਬਲੂ ਟਿੱਕ ਲਈ 8 ਡਾਲਰ ਦੇ ਭੁਗਤਾਨ ਦੀ ਮੰਗ ਕਾਰਨ ਭਾਰੀ ਵਿਵਾਦ ਖੜ੍ਹਾ ਹੋਇਆ ਸੀ, ਉਸ ਬਲੂ ਟਿੱਕ ਦੀ ਹੁਣ ਮੁਫ਼ਤ ਵਰਤੋਂ ਵਾਲੀ ਸਹੂਲਤ ਮੁੜ ਬਹਾਲ ਹੋ ਗਈ ਹੈ।
ਮਸਕ ਦੇ ਟਵਿਟਰ ਮਾਲਕ ਬਣਨ ਤੋਂ ਪਹਿਲਾਂ ਬਲੂ ਟਿੱਕ ਪ੍ਰਾਪਤ ਕਰਨ ਦੀ ਪ੍ਰਕਿਰਿਆ ਮੁਤਾਬਿਕ, ਸਿਰਫ਼ ਸਿਆਸੀ ਆਗੂ, ਅਦਾਕਾਰ ਜਾਂ ਕਿਸੇ ਵਿਸ਼ੇਸ਼ ਖੇਤਰ ਵਿੱਚ ਯੋਗਦਾਨ ਪਾਉਣ ਵਾਲੇ ਲੋਕਾਂ ਨੂੰ ਹੀ ਇਹ ਸਹੂਲਤ ਮਿਲਦੀ ਸੀ। ਪਰ ਹਰ ਮਹੀਨੇ 8 ਡਾਲਰ ਦਾ ਭੁਗਤਾਨ ਕਰਕੇ ਕੋਈ ਵੀ ਇਹ ਸਹੂਲਤ ਆਸਾਨੀ ਨਾਲ ਪ੍ਰਾਪਤ ਕਰ ਸਕਦਾ ਸੀ। ਇਸ ਕਾਰਨ ਵਿਆਪਕ ਪੱਧਰ 'ਤੇ ਭਾਰੀ ਵਿਵਾਦ ਖੜ੍ਹਾ ਹੋਇਆ, ਦੁਰਵਰਤੋਂ ਦੀਆਂ ਖ਼ਬਰਾਂ ਆਈਆਂ, ਅਤੇ ਟਵਿਟਰ ਨੂੰ ਇਹ ਸੇਵਾ ਬੰਦ ਕਰਨੀ ਪਈ।
ਬਲੂ ਟਿੱਕ ਦੀ ਦੁਰਵਰਤੋਂ -
8 ਡਾਲਰ ਦੇ ਭੁਗਤਾਨ ਬਦਲੇ ਬਲੂ-ਟਿਕ ਦੀ ਸਹੂਲਤ ਨੇ ਮਸਕ ਤੇ ਟਵਿਟਰ ਦੋਵਾਂ 'ਤੇ ਨਾਕਾਰਾਤਮਕ ਅਸਰ ਪਾਇਆ। ਕਈ ਲੋਕਾਂ ਨੇ ਪੈਸੇ ਦੇ ਕੇ ਬਲੂ-ਟਿਕ ਹਾਸਲ ਕੀਤੀ, ਨਾਮੀ ਸ਼ਖ਼ਸੀਅਤਾਂ ਤੇ ਸੰਸਥਾਵਾਂ ਦੇ ਫ਼ਰਜ਼ੀ ਖਾਤੇ ਬਣਾਏ ਤੇ ਗਲਤ ਟਵੀਟ ਕਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਨਤੀਜੇ ਵਜੋਂ ਟਵਿਟਰ ਤੋਂ ਨਾਰਾਜ਼ ਹੋਏ ਲੋਕ ਹੁਣ ਹੋਰ ਗੁੱਸੇ ਵਿੱਚ ਆ ਗਏ।
ਇੱਕ ਅਮਰੀਕੀ ਨਾਗਰਿਕ ਨੇ ਫ਼ਾਰਮਾਸਿਊਟੀਕਲ ਕੰਪਨੀ ਏਲੀ ਲਿਲੀ ਐਂਡ ਕੰਪਨੀ ਦੇ ਨਾਂਅ 'ਤੇ ਫ਼ਰਜ਼ੀ ਖਾਤਾ ਬਣਾ ਕੇ ਬਲੂ ਟਿੱਕ ਦੀ ਸਹੂਲਤ ਹਾਸਲ ਕੀਤੀ ਅਤੇ ਕੰਪਨੀ ਦੇ ਨਾਂ 'ਤੇ ਮੁਫ਼ਤ ਇਨਸੁਲਿਨ ਦੀ ਅਫ਼ਵਾਹ ਫ਼ੈਲਾ ਦਿੱਤੀ। ਫ਼ਾਰਮਾਸਿਊਟੀਕਲ ਕੰਪਨੀ ਨੂੰ ਇਸ ਲਈ ਜਨਤਕ ਤੌਰ 'ਤੇ ਮੁਆਫੀ ਮੰਗਣੀ ਪਈ।
ਅਜਿਹੇ ਕਈ ਫਰਜ਼ੀ ਖਾਤੇ ਬਣਾਏ ਗਏ ਸਨ, ਇੱਥੋਂ ਤੱਕ ਕਿ ਮਸਕ ਦੀ ਆਪਣੀ ਕੰਪਨੀ ਟੈਸਲਾ ਅਤੇ ਸਪੇਸਐਕਸ ਦੇ ਵੀ ਫਰਜ਼ੀ ਖਾਤੇ ਬਣ ਗਏ, ਜਿਸ ਕਰਕੇ ਮਸਕ ਦੀਆਂ ਮੁਸ਼ਕਿਲਾਂ ਵਧਦੀਆਂ ਜਾ ਰਹੀਆਂ ਸਨ।