
ਜਿਸ ਗੈਸਟ ਹਾਊਸ ਨੇੜੇ ਹਮਲਾ ਹੋਇਆ ਸੀ, ਉਥੇ ਕਈ ਚੀਨੀ ਅਧਿਕਾਰੀ ਅਕਸਰ ਆਉਂਦੇ ਰਹਿੰਦੇ ਹਨ।
ਕਾਬੁਲ: ਅਫ਼ਗਾਨਿਸਤਾਨ ਦੀ ਰਾਜਧਾਨੀ ਕਾਬੁਲ 'ਚ ਸੋਮਵਾਰ ਨੂੰ ਚੀਨ ਦੇ ਇਕ ਗੈਸਟ ਹਾਊਸ ਨੇੜੇ ਅਣਪਛਾਤਿਆਂ ਨੇ ਗੋਲੀਬਾਰੀ ਕੀਤੀ ਅਤੇ ਜ਼ੋਰਦਾਰ ਧਮਾਕੇ ਦੀ ਆਵਾਜ਼ ਵੀ ਸੁਣਾਈ ਦਿੱਤੀ। ਨਿਊਜ਼ ਏਜੰਸੀ ਏਐਫਪੀ ਨੇ ਇਕ ਚਸ਼ਮਦੀਦ ਦੇ ਹਵਾਲੇ ਨਾਲ ਦੱਸਿਆ ਕਿ ਧਮਾਕਾ ਬਹੁਤ ਜ਼ਬਰਦਸਤ ਸੀ ਅਤੇ ਕਈ ਰਾਊਂਡ ਗੋਲੀਆਂ ਚਲਾਈਆਂ ਗਈਆਂ। ਘਟਨਾ ਦੀ ਪੁਸ਼ਟੀ ਸਥਾਨਕ ਮੀਡੀਆ ਨੇ ਵੀ ਕੀਤੀ ਹੈ।
ਸੂਤਰਾਂ ਦੀ ਮੰਨੀਏ ਤਾਂ ਜਿਸ ਗੈਸਟ ਹਾਊਸ ਨੇੜੇ ਹਮਲਾ ਹੋਇਆ ਸੀ, ਉਥੇ ਕਈ ਚੀਨੀ ਅਧਿਕਾਰੀ ਅਕਸਰ ਆਉਂਦੇ ਰਹਿੰਦੇ ਹਨ। ਹਮਲਾ ਕਿਸ ਨੇ ਕੀਤਾ, ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਜਦੋਂ ਤੋਂ ਤਾਲਿਬਾਨ ਨੇ ਸੱਤਾ ਸੰਭਾਲੀ ਹੈ, ਅਫਗਾਨਿਸਤਾਨ ਵਿਚ ਕਈ ਚੀਨੀ ਪ੍ਰਾਜੈਕਟ ਚੱਲ ਰਹੇ ਹਨ। ਇਹਨਾਂ ਕਾਰਨ ਚੀਨੀ ਨਾਗਰਿਕਾਂ ਦੀ ਗਿਣਤੀ ਵੀ ਵਧੀ ਹੈ। ਚੀਨ ਨੇ ਵੀ ਕਾਬੁਲ ਵਿਚ ਆਪਣਾ ਦੂਤਘਰ ਬਰਕਰਾਰ ਰੱਖਿਆ ਹੈ, ਜਦਕਿ ਕਿਸੇ ਅਧਿਕਾਰੀ ਨੂੰ ਦੂਤਾਵਾਸ ਦੀ ਜ਼ਿੰਮੇਵਾਰੀ ਨਹੀਂ ਸੌਂਪੀ ਗਈ।
ਨਿਊਜ਼ ਏਜੰਸੀ ਰਾਇਟਰਜ਼ ਮੁਤਾਬਕ ਹਮਲਾਵਰਾਂ ਨੇ ਕੇਂਦਰੀ ਕਾਬੁਲ ਵਿਚ ਇਮਾਰਤ ਦੇ ਅੰਦਰੋਂ ਗੋਲੀਬਾਰੀ ਸ਼ੁਰੂ ਕਰ ਦਿੱਤੀ। ਕੁਝ ਵਿਦੇਸ਼ੀ ਨਾਗਰਿਕ ਵੀ ਇੱਥੇ ਰਹਿ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਗੈਸਟ ਹਾਊਸ ਸ਼ੇਰ-ਏ-ਨੋਂ ਇਲਾਕੇ 'ਚ ਸਥਿਤ ਹੈ। ਇਸ ਗੈਸਟ ਹਾਊਸ ਵਿਚ ਵਿਦੇਸ਼ੀ ਅਤੇ ਚੀਨੀ ਨਾਗਰਿਕ ਅਕਸਰ ਆਉਂਦੇ-ਜਾਂਦੇ ਰਹਿੰਦੇ ਹਨ। ਇਸ ਤੋਂ ਇਕ ਦਿਨ ਪਹਿਲਾਂ ਹੀ ਚੀਨ ਦੇ ਰਾਜਦੂਤ ਵਾਂਗ ਯੂ ਨੇ ਤਾਲਿਬਾਨ ਦੇ ਉਪ ਵਿਦੇਸ਼ ਮੰਤਰੀ ਸਟੈਨਿਕਜ਼ਈ ਨਾਲ ਮੁਲਾਕਾਤ ਕੀਤੀ ਸੀ।