
ਲਾਸ਼ਾਂ 'ਚ ਰਿਸ਼ਤੇਦਾਰ ਲੱਭ ਰਹੇ ਹਨ ਆਪਣੇ ਪਿਆਰਿਆਂ ਨੂੰ
ਤੁਰਕੀ - ਤੁਰਕੀ ਅਤੇ ਸੀਰੀਆ ਵਿਚ ਭੂਚਾਲ ਨੇ ਖ਼ਤਰਨਾਕ ਤਬਾਹੀ ਮਚਾਈ ਹੋਈ ਹੈ। ਇਨ੍ਹਾਂ ਦੋਵਾਂ ਦੇਸ਼ਾਂ ਵਿਚ ਹੁਣ ਤੱਕ 34 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਮਰਨ ਵਾਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਖ਼ਬਰਾਂ ਇਹ ਵੀ ਸਾਹਮਣੇ ਆਈਆਂ ਹਨ ਕਿ ਇਸ ਦੌਰਾਨ ਤੁਰਕੀ ਦੇ ਕਾਹਰਾਮਨਮਾਰਸ ਵਿਚ ਐਤਵਾਰ ਦੇਰ ਰਾਤ 4.7 ਤੀਬਰਤਾ ਦਾ ਇੱਕ ਹੋਰ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਤੁਰਕੀ 'ਚ 6 ਫਰਵਰੀ ਨੂੰ ਆਏ ਭੂਚਾਲ ਤੋਂ ਬਾਅਦ ਲਗਾਤਾਰ ਝਟਕੇ ਆ ਰਹੇ ਹਨ, ਜਿਸ ਕਾਰਨ ਲੋਕ ਚਿੰਤਤ ਹਨ।
ਅੰਤਾਕੀ ਸ਼ਹਿਰ ਵਿਚ, ਲੋਕ ਲਾਸ਼ਾਂ ਦੇ ਢੇਰ ਵਿਚ ਆਪਣੇ ਅਜ਼ੀਜ਼ਾਂ ਨੂੰ ਲੱਭ ਰਹੇ ਹਨ। ਇੱਥੇ ਇੱਕ 12 ਮੰਜ਼ਿਲਾ ਇਮਾਰਤ ਢਹਿ ਗਈ। ਭੂਚਾਲ ਦੇ ਸਮੇਂ ਇਸ ਵਿੱਚ ਕਰੀਬ ਇੱਕ ਹਜ਼ਾਰ ਲੋਕ ਮੌਜੂਦ ਸਨ। 6 ਦਿਨਾਂ ਬਾਅਦ ਇੱਥੋਂ ਲਾਸ਼ਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ। ਇਨ੍ਹਾਂ ਲਾਸ਼ਾਂ ਦੀ ਪਛਾਣ ਕਰਨੀ ਔਖੀ ਹੁੰਦੀ ਜਾ ਰਹੀ ਹੈ, ਇਸ ਲਈ ਇਨ੍ਹਾਂ ਨੂੰ ਬਾਡੀ ਬੈਗ 'ਚ ਭਰਿਆ ਜਾ ਰਿਹਾ ਹੈ। ਰਿਸ਼ਤੇਦਾਰ ਇਨ੍ਹਾਂ ਥੈਲਿਆਂ ਨੂੰ ਖੋਲ੍ਹ ਕੇ ਆਪਣੇ ਚਹੇਤਿਆਂ ਦੀ ਪਛਾਣ ਕਰ ਰਹੇ ਹਨ।
- ਵਿਸ਼ਵ ਸਿਹਤ ਸੰਗਠਨ (ਡਬਲਯੂ.ਐਚ.ਓ.) ਦੇ ਮੁਖੀ ਡਾ. ਟੇਡਰੋਸ ਅਡਾਨੋਮ ਘੇਬਰੇਅਸਸ ਨੇ ਸੀਰੀਆ ਨੂੰ 110 ਟਨ ਮੈਡੀਕਲ ਸਪਲਾਈ ਦੇਣ ਦਾ ਐਲਾਨ ਕੀਤਾ ਹੈ।
- ਭੂਚਾਲ ਪ੍ਰਭਾਵਿਤ ਸ਼ਹਿਰਾਂ ਵਿਚ ਬਿਲਡਿੰਗ ਠੇਕੇਦਾਰਾਂ ਦੇ ਖਿਲਾਫ਼ ਜਾਂਚ ਤੋਂ ਬਾਅਦ ਤੁਰਕੀ ਦੇ 113 ਬਿਲਡਿੰਗ ਠੇਕੇਦਾਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
- ਇੱਕ ਇਜ਼ਰਾਈਲੀ ਐਮਰਜੈਂਸੀ ਰਾਹਤ ਸੰਗਠਨ ਨੇ ਆਪਣੇ ਕਰਮਚਾਰੀਆਂ ਦੀ ਸੁਰੱਖਿਆ ਦੇ ਮੱਦੇਨਜ਼ਰ ਐਤਵਾਰ ਨੂੰ ਵਾਪਸ ਆਉਣ ਦਾ ਫੈਸਲਾ ਕੀਤਾ ਹੈ।
- ਤੁਰਕੀ ਵਿਚ 29,605 ਤੋਂ ਵੱਧ ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਸੀਰੀਆ ਵਿਚ 4574 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮੌਤਾਂ ਦਾ ਕੁੱਲ ਅੰਕੜਾ 33,158 ਹੋ ਗਿਆ ਹੈ।
ਇਹ ਵੀ ਪੜ੍ਹੋ - ਪੰਜਾਬ ਸਰਕਾਰ ਵੱਲੋਂ PAU ਵਿਖੇ ਕਰਵਾਈ ਆਪਣੀ ਤਰ੍ਹਾਂ ਦੀ ਪਹਿਲੀ ਸਰਕਾਰ-ਕਿਸਾਨ ਮਿਲਣੀ, ਮਿਲਿਆ ਭਰਵਾਂ ਹੁੰਗਾਰਾ
- ਤੁਰਕੀ ਦੇ 8 ਸੂਬਿਆਂ ਤੋਂ ਲੁੱਟ ਦੇ ਦੋਸ਼ 'ਚ 98 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 42 ਲੋਕ ਹਤਾਏ ਸੂਬੇ ਦੇ ਹਨ।
- ਸੰਯੁਕਤ ਰਾਸ਼ਟਰ ਦੀ ਮਦਦ ਭੇਜਣ ਵਾਲੀ ਯੂਨਿਟ ਦੇ ਮੁਖੀ ਮਾਰਟਿਨ ਗ੍ਰਿਫਿਥਸ ਨੇ ਕਿਹਾ- ਭੂਚਾਲ ਨਾਲ ਮਰਨ ਵਾਲਿਆਂ ਦੀ ਗਿਣਤੀ ਦੁੱਗਣੀ ਹੋ ਸਕਦੀ ਹੈ। ਜਿਵੇਂ ਹੀ ਮਲਬਾ ਸਾਫ਼ ਹੋ ਜਾਵੇਗਾ, ਲਾਸ਼ਾਂ ਬਰਾਮਦ ਕੀਤੀਆਂ ਜਾਣਗੀਆਂ।
- ਤੁਰਕੀ ਅਤੇ ਸੀਰੀਆ ਵਿਚ 6 ਫਰਵਰੀ ਦੀ ਸਵੇਰ ਨੂੰ 3 ਵੱਡੇ ਭੂਚਾਲ ਆਏ। ਤੁਰਕੀ ਦੇ ਸਮੇਂ ਮੁਤਾਬਕ ਪਹਿਲਾ ਭੂਚਾਲ ਸਵੇਰੇ 4 ਵਜੇ (7.8), ਦੂਜਾ ਸਵੇਰੇ 10 ਵਜੇ (7.6) ਅਤੇ ਤੀਜਾ ਦੁਪਹਿਰ 3 ਵਜੇ (6.0) 'ਤੇ ਆਇਆ।
- ਇਸ ਤੋਂ ਇਲਾਵਾ 243 ਝਟਕੇ ਵੀ ਦਰਜ ਕੀਤੇ ਗਏ। ਇਨ੍ਹਾਂ ਦੀ ਤੀਬਰਤਾ 4 ਤੋਂ 5 ਸੀ। ਤੁਰਕੀ ਵਿਚ 7 ਫਰਵਰੀ ਨੂੰ ਸਵੇਰੇ 8.53 ਵਜੇ ਇੱਕ ਹੋਰ ਭੂਚਾਲ ਆਇਆ। ਇਸ ਤੋਂ ਬਾਅਦ ਦੁਪਹਿਰ 12.41 ਵਜੇ 5.4 ਤੀਬਰਤਾ ਦਾ ਭੂਚਾਲ ਆਇਆ।