
Russia-Ukraine war: ਟਰੰਪ ਨੇ ਪੁਤਿਲ ਨੂੰ ਫ਼ੋਨ ’ਤੇ ਕਿਹਾ, ਹੁਣ ਹੋਰ ਜਾਨਾਂ ਨਹੀਂ ਜਾਣੀ ਚਾਹੀਦੀਆਂ
Russia-Ukraine war: ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੁਧਵਾਰ ਨੂੰ ਅਪਣੇ ਰੂਸੀ ਹਮਰੁਤਬਾ ਵਲਾਦੀਮੀਰ ਪੁਤਿਨ ਨਾਲ ਫ਼ੋਨ ’ਤੇ ਗੱਲਬਾਤ ਕੀਤੀ ਅਤੇ ਪ੍ਰਗਟਾਵਾ ਕੀਤਾ ਕਿ ਉਨ੍ਹਾਂ ਨਾਲ ਇਕ ਲਾਭਕਾਰੀ ਫ਼ੋਨ ਕਾਲ ਹੋਈ, ਜਿੱਥੇ ਉਹ ਯੂਕਰੇਨ ਵਿਚ ਸੰਘਰਸ਼ ਨੂੰ ਤੁਰਤ ਖ਼ਤਮ ਕਰਨ ਦੇ ਉਦੇਸ਼ ਨਾਲ ਗੱਲਬਾਤ ਸ਼ੁਰੂ ਕਰਨ ਲਈ ਸਹਿਮਤ ਹੋਏ ਹਨ। ਦੋਹਾਂ ਨੇਤਾਵਾਂ ਨੇ ਯੂਕਰੇਨ ਤੋਂ ਇਲਾਵਾ ਮੱਧ ਪੂਰਬ, ਆਰਟੀਫ਼ਿਸ਼ੀਅਲ ਇੰਟੈਲੀਜੈਂਸ (ਏ.ਆਈ.), ਊਰਜਾ ਅਤੇ ਹੋਰ ਵਿਸ਼ਿਆਂ ’ਤੇ ਵੀ ਚਰਚਾ ਕੀਤੀ। ਟਰੰਪ ਨੇ ਕਿਹਾ ਕਿ ਉਹ ਅਤੇ ਪੁਤਿਨ ਇਸ ਗੱਲ ’ਤੇ ਸਹਿਮਤ ਹਨ ਕਿ ਉਨ੍ਹਾਂ ਦੀਆਂ ਸਬੰਧਤ ਟੀਮਾਂ ਤੁਰਤ ਗੱਲਬਾਤ ਸ਼ੁਰੂ ਕਰਨਗੀਆਂ ਅਤੇ ਗੱਲਬਾਤ ਦੇ ਸਬੰਧ ਵਿਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੇਨਸਕੀ ਨੂੰ ਸੱਦਾ ਦੇ ਕੇ ਸ਼ੁਰੂਆਤ ਕਰਨਗੇ।
ਅਪਣੇ ਸੋਸ਼ਲ ਮੀਡੀਆ ਪਲੇਟਫ਼ਾਰਮ ਟਰੂਥ ਸੋਸ਼ਲ ’ਤੇ ਸ਼ੇਅਰ ਕੀਤੀ ਇਕ ਪੋਸਟ ਵਿਚ, ਟਰੰਪ ਨੇ ਕਿਹਾ ਕਿ ਉਸਨੇ ਅਮਰੀਕੀ ਵਿਦੇਸ਼ ਮੰਤਰੀ ਮਾਰਕੋ ਰੂਬੀਓ, ਸੀਆਈਏ ਦੇ ਨਿਰਦੇਸ਼ਕ ਜੌਹਨ ਰੈਟਕਲਿਫ, ਰਾਸ਼ਟਰੀ ਸੁਰੱਖਿਆ ਸਲਾਹਕਾਰ ਮਾਈਕਲ ਵਾਲਟਜ਼ ਅਤੇ ਰਾਜਦੂਤ ਤੇ ਵਿਸ਼ੇਸ਼ ਦੂਤ ਸਟੀਵ ਵਿਟਕੌਫ ਨੂੰ ਗੱਲਬਾਤ ਦੀ ਅਗਵਾਈ ਕਰਨ ਲਈ ਕਿਹਾ ਹੈ। ਪੁਤਿਨ ਨਾਲ ਫ਼ੋਨ ’ਤੇ ਹੋਈ ਗੱਲਬਾਤ ਨੂੰ ‘ਲੰਮੀ ਅਤੇ ਲਾਭਕਾਰੀ’ ਦੱਸਦੇ ਹੋਏ ਟਰੰਪ ਨੇ ਕਿਹਾ ਕਿ ਉਨ੍ਹਾਂ ਨੇ ਰੂਸ ਅਤੇ ਅਮਰੀਕਾ ਦੀ ਤਾਕਤ ਅਤੇ ਇਕੱਠੇ ਮਿਲ ਕੇ ਕੰਮ ਕਰਨ ਨਾਲ ਹੋਣ ਵਾਲੇ ਲਾਭਾਂ ਬਾਰੇ ਚਰਚਾ ਕੀਤੀ।
ਟਰੰਪ ਨੇ ਟਰੂਥ ਸੋਸ਼ਲ ’ਤੇ ਪੋਸਟ ਕੀਤਾ, ‘‘ਮੈਂ ਹਾਲ ਹੀ ਵਿਚ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਇਕ ਲੰਮੀ ਅਤੇ ਬਹੁਤ ਹੀ ਅਰਥਪੂਰਨ ਫ਼ੋਨ ਕਾਲ ਕੀਤੀ, ਅਸੀਂ ਯੂਕਰੇਨ, ਮੱਧ ਪੂਰਬ, ਊਰਜਾ, ਏਆਈ, ਡਾਲਰ ਦੀ ਤਾਕਤ ਅਤੇ ਹੋਰ ਬਹੁਤ ਸਾਰੇ ਵਿਸ਼ਿਆਂ ’ਤੇ ਚਰਚਾ ਕੀਤੀ। ਅਸੀਂ ਦੋਵਾਂ ਨੇ ਅਪਣੇ ਰਾਸ਼ਟਰਾਂ ਦੇ ਮਹਾਨ ਇਤਿਹਾਸ ਅਤੇ ਇਸ ਤੱਥ ’ਤੇ ਵਿਚਾਰ ਕੀਤਾ ਕਿ ਅਸੀਂ ਦੂਜੇ ਵਿਸ਼ਵ ਯੁੱਧ ਵਿਚ ਇਕੱਠੇ ਹੋ ਕੇ ਸਫ਼ਲਤਾਪੂਰਵਕ ਲੜੇ ਸੀ, ਇਹ ਯਾਦ ਕਰਦੇ ਹੋਏ ਕਿ ਰੂਸ ਨੇ ਲੱਖਾਂ ਲੋਕਾਂ ਨੂੰ ਗੁਆ ਦਿਤਾ ਸੀ ਅਤੇ ਅਸੀਂ ਵੀ, ਇਸੇ ਤਰ੍ਹਾਂ ਬਹੁਤ ਸਾਰੇ ਲੋਕਾਂ ਨੂੰ ਗੁਆ ਦਿਤਾ ਸੀ। ਸਾਡੇ ਵਿਚੋਂ ਹਰ ਇਕ ਨੇ ਅਪਣੇ ਅਪਣੇ ਰਾਸ਼ਟਰਾਂ ਦੀ ਸ਼ਕਤੀਆਂ ਅਤੇ ਇਕੱਠੇ ਮਿਲ ਕੇ ਕੰਮ ਕਰਨ ਨਾਲ ਇਕ ਦਿਨ ਹੋਣ ਵਾਲੇ ਮਹਾਨ ਲਾਭਾਂ ਬਾਰੇ ਗੱਲ ਕੀਤੀ।’’
ਪੋਸਟ ਨੇ ਅੱਗੇ ਕਿਹਾ, ‘‘ਪਰ ਸਭ ਤੋਂ ਪਹਿਲਾਂ, ਜਿਵੇਂ ਕਿ ਅਸੀਂ ਦੋਵੇਂ ਸਹਿਮਤ ਸਨ। ਅਸੀਂ ਰੂਸ/ਯੂਕਰੇਨ ਨਾਲ ਜੰਗ ਵਿਚ ਲੱਖਾਂ ਮੌਤਾਂ ਨੂੰ ਰੋਕਣਾ ਚਾਹੁੰਦੇ ਹਾਂ। ਰਾਸ਼ਟਰਪਤੀ ਪੁਤਿਨ ਨੇ ਮੇਰੀ ਬਹੁਤ ਮਜ਼ਬੂਤ ਮੁਹਿੰਮ ਦੇ ਮਾਟੋ, ‘ਕਾਮਨ ਸੈਂਸ’ ਦੀ ਵਰਤੋਂ ਕੀਤੀ।’’ ਉਨ੍ਹਾਂ ਅੱਗੇ ਕਿਹਾ, ‘‘ਅਸੀਂ ਇਕ ਦੂਜੇ ਦੇ ਰਾਸ਼ਟਰਾਂ ਦਾ ਦੌਰਾ ਕਰਨ ਸਮੇਤ ਬਹੁਤ ਨਜ਼ਦੀਕੀ ਨਾਲ ਕੰਮ ਕਰਨ ਲਈ ਸਹਿਮਤ ਹੋਏ ਹਾਂ। ਅਸੀਂ ਆਪਣੀਆਂ ਸਬੰਧਤ ਟੀਮਾਂ ਨਾਲ ਤੁਰਤ ਗੱਲਬਾਤ ਸ਼ੁਰੂ ਕਰਨ ਲਈ ਸਹਿਮਤ ਹੋਏ ਹਾਂ ਅਤੇ ਅਸੀਂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੇਨਸਕੀ ਨੂੰ ਬੁਲਾ ਕੇ ਉਨ੍ਹਾਂ ਨੂੰ ਗੱਲਬਾਤ ਬਾਰੇ ਜਾਣਕਾਰੀ ਦਿਆਂਗੇ, ਜੋ ਮੈਂ ਹੁਣ ਕਰ ਰਿਹਾ ਹਾਂ। ਜੰਗ ’ਚ ਲੱਖਾਂ ਲੋਕ ਮਾਰੇ ਗਏ ਹਨ, ਜੇਕਰ ਮੈਂ ਰਾਸ਼ਟਰਪਤੀ ਹੁੰਦਾ ਤਾਂ ਅਜਿਹਾ ਨਹੀਂ ਹੁੰਦਾ, ਪਰ ਅਜਿਹਾ ਹੋਇਆ, ਇਸ ਲਈ ਇਸ ਨੂੰ ਖ਼ਤਮ ਹੋਣਾ ਚਾਹੀਦਾ। ਹੁਣ ਹੋਰ ਜਾਨਾਂ ਨਹੀਂ ਜਾਣੀ ਚਾਹੀਦੀਆਂ ਹਨ।’’ ਟਰੰਪ ਨੇ ਪੁਤਿਨ ਦਾ ਕਾਲ ਅਤੇ ਮਾਰਕ ਫੋਗਲ ਦੀ ਰਿਹਾਈ ਲਈ ਪੁਤਿਨ ਦੇ ਸਮੇਂ ਅਤੇ ਯਤਨਾਂ ਲਈ ਧਨਵਾਦ ਵੀ ਕੀਤਾ।