
ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੱਖ-ਵੱਖ ਰੇਡੀਓ ਸਟੇਸ਼ਨਾਂ ਨੂੰ ਅਪਣੇ ਰਾਸ਼ਟਰੀ ਸੰਬੋਧਨਾਂ ’ਚ ਕਿਹਾ
ਬ੍ਰਿਸਬੇਨ 12 ਜੂਨ (ਜਗਜੀਤ ਖੋਸਾ) : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਵੱਖ-ਵੱਖ ਰੇਡੀਓ ਸਟੇਸ਼ਨਾਂ ਨੂੰ ਅਪਣੇ ਰਾਸ਼ਟਰੀ ਸੰਬੋਧਨਾਂ ’ਚ ਕਿਹਾ ਹੈ ਕਿ ਚੀਨ ਆਸਟ੍ਰੇਲੀਆ ਵਿਰੁਧ ਵਪਾਰ ਨੂੰ ਹਥਿਆਰ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਉਹ ਚੀਨ ਦੀਆਂ ਇਹਨਾਂ ਕੂਟਨੀਤਕ ਸਾਜਿਸ਼ਾਂ ਅਤੇ ਧਮਕੀਆਂ ਤੋਂ ਡਰਨ ਵਾਲੇ ਨਹੀਂ ਹਨ।
ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਯੂਰਪੀ ਦੇਸ਼ਾਂ ਦੇ ਨਾਲ-ਨਾਲ ਆਸਟ੍ਰੇਲੀਆ ਵੀ ਉਹਨਾਂ ਦੇਸ਼ਾਂ ਵਿਚ ਸ਼ਾਮਲ ਹੋ ਗਿਆ ਸੀ ਜਿਸ ਨੇ ਕੋਰੋਨਾ ਵਾਇਰਸ ਦੇ ਪੂਰੀ ਦੁਨੀਆਂ ਵਿਚ ਫੈਲਣ ਦੀ ਅੰਤਰਰਾਸ਼ਟਰੀ ਜਾਂਚ ਦੀ ਮੰਗ ਕੀਤੀ ਸੀ। ਜਿਸਦੇ ਚੱਲਦਿਆਂ ਪਿਛਲੇ 2 ਮਹੀਨਿਆਂ ਤੋਂ ਦੋਵਾਂ ਦੇਸ਼ਾਂ ਵਿਚਾਲੇ ਖਿੱਚੋ-ਤਾਣ ਚਰਮ ਸੀਮਾ ’ਤੇ ਹੈ ਅਤੇ ਚੀਨ ਨਾਰਾਜ਼ਗੀ ਬਾਬਤ ਆਸਟ੍ਰੇਲੀਆ ਨੂੰ ਲਗਾਤਾਰ ਧਮਕੀਆਂ ਦੇ ਕੇ ਪਰੇਸ਼ਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉੱਧਰ ਚੀਨੀ ਸਿਖਿਆ ਅਤੇ ਵਿਦੇਸ਼ ਮੰਤਰਾਲੇ ਨੇ ਨਸਲਵਾਦ ਦਾ ਦੋਸ਼ ਮੜ੍ਹਦੇ ਹੋਏ ਅਪਣੇ ਵਿਦਿਆਰਥੀਆਂ ਅਤੇ ਯਾਤਰੀਆਂ ਨੂੰ ਆਸਟ੍ਰੇਲੀਆ ਜਾਣ ਤੋਂ ਵਰਜਿਆ ਹੈ।
File Photo
ਦਸਣਯੋਗ ਹੈ ਕਿ ਵਿਦੇਸ਼ੀ ਵਿਦਿਆਰਥੀਆਂ ਤੋਂ ਆਸਟ੍ਰੇਲੀਆ ਨੂੰ ਸਾਲਾਨਾ 26 ਅਰਬ ਡਾਲਰ ਦੀ ਕਮਾਈ ਹੁੰਦੀ ਹੈ। ਚੀਨ ਦੀ ਇਸ ਧਮਕੀ ਨਾਲ ਆਸਟ੍ਰੇਲੀਆ ਨੂੰ ਸਿਖਿਆ ਖੇਤਰ ਵਿਚ ਵੱਡੇ ਭਵਿੱਖੀ ਘਾਟੇ ਦੀ ਖਦਸ਼ਾ ਹੈ। ਚੀਨ ਦੇ ਇਸ ਵਰਤਾਰੇ ’ਤੇ ਆਸਟ੍ਰੇਲਿਆਈ ਪ੍ਰਧਾਨ ਮੰਤਰੀ ਨੇ ਕਿਹਾ ਕਿ ਚੀਨੀ ਨਾਗਰਿਕਾਂ ਦਾ ਆਸਟ੍ਰੇਲੀਆ ਨੂੰ ਚੁਨਣਾ ਜਾਂ ਨਾ ਚੁਨਣਾ ਪੂਰੀ ਤਰ੍ਹਾਂ ਨਾਲ ਉਹਨਾਂ ਦਾ ਨਿੱਜੀ ਫ਼ੈਸਲਾ ਹੋਵੇਗਾ। ਉਹਨਾਂ ਦਾ ਦੇਸ਼ ਸੈਲਾਨੀਆਂ ਅਤੇ ਵਿਦਿਆਰਥੀਆਂ ਲਈ ਅੱਜ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੈ।
ਚੀਨੀ ਚਿਤਾਵਨੀਆਂ ਨੂੰ ਲੈ ਕੇ ਆਸਟ੍ਰੇਲੀਆ ਨੇ ਚੀਨ ਦੇ ਵਿਦੇਸ਼ ਮੰਤਰਾਲੇ ਅਤੇ ਕੈਨਬਰਾ ਸਥਿਤ ਚੀਨੀ ਦੂਤਾਵਾਸ ਨੂੰ ਵਿਰੋਧ ਦਰਜ ਕਰਵਾਇਆ ਹੈ। ਦੱਸਦੇ ਚਲੀਏ ਕਿ ਦੋਹਾਂ ਦੇਸ਼ਾਂ ਵਿਚਾਲੇ ਹਰੇਕ ਸਾਲ 235 ਅਰਬ ਆਸਟ੍ਰੇਲਿਆਈ ਡਾਲਰ ਦਾ ਵਪਾਰ ਹੁੰਦਾ ਹੈ ਅਤੇ ਵਪਾਰ ਆਸਟ੍ਰੇਲੀਆ ਦੇ ਪੱਖ ਵਿਚ ਝੁਕਿਆ ਹੋਣ ਕਰਕੇ ਆਸਟ੍ਰੇਲੀਆ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।