
ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਫ਼ੌਜੀ ਹਸਪਤਾਲ ਦੇ ਦੌਰੇ ਸਮੇਂ ਸਨਿਚਰਵਾਰ ਨੂੰ ਜਨਤਕ ਤੌਰ ’ਤੇ ਪਹਿਲੀ ਵਾਰ ਮਾਸਕ ਪਾਈ ਨਜ਼ਰ ਆਏ।
ਵਾਸ਼ਿੰਗਟਨ, 12 ਜੁਲਾਈ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਇਕ ਫ਼ੌਜੀ ਹਸਪਤਾਲ ਦੇ ਦੌਰੇ ਸਮੇਂ ਸਨਿਚਰਵਾਰ ਨੂੰ ਜਨਤਕ ਤੌਰ ’ਤੇ ਪਹਿਲੀ ਵਾਰ ਮਾਸਕ ਪਾਈ ਨਜ਼ਰ ਆਏ। ਅਜਿਹਾ ਪਹਿਲੀ ਵਾਰ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਸਿਹਤ ਪੇਸ਼ੇਵਰਾਂ ਦੀ ਸਲਾਹ ਅਨੁਸਾਰ ਕੋਰੋਨਾ ਵਾਇਰਸ ਗਲੋਬਲ ਮਹਾਮਾਰੀ ਤੋਂ ਬਚਣ ਲਈ ਜਨਤਕ ਤੌਰ ’ਤੇ ਅਪਣੇ ਚਿਹਰੇ ਨੂੰ ਢਕੇ ਹੋਏ ਵਿਖਾਈ ਦਿਤੇ ਹਨ।
ਟਰੰਪ ਕੋਵਿਡ-19 ਮਰੀਜ਼ਾਂ ਦੀ ਦੇਖਭਾਲ ਕਰ ਰਹੇ ਸਿਹਤ ਦੇਖ਼ਭਾਲ ਕਰਮੀਆਂ ਅਤੇ ਜ਼ਖ਼ਮੀ ਫ਼ੌਜੀ ਜਵਾਨਾਂ ਨੂੰ ਮਿਲਣ ਲਈ ਹੈਲੀਕਾਪਟਰ ਤੋਂ ਉਪਨਗਰ ਵਾਸ਼ਿੰਗਟਨ ਸਥਿਤ ‘ਵਾਲਟਰ ਰੀਡ ਨੈਸ਼ਨਲ ਮਿਲੀਟਰੀ ਮੈਡੀਕਲ ਸੈਂਟਰ’ ਪੁੱਜੇ। ਉਨ੍ਹਾਂ ਵ੍ਹਾਈਟ ਹਾਊਸ ਤੋਂ ਨਿਕਲਦੇ ਸਮੇਂ ਪੱਤਰਕਾਰਾਂ ਨੂੰ ਕਿਹਾ, ‘ਖਾਸਕਰ, ਜਦੋਂ ਤੁਸੀਂ ਕਿਸੇ ਹਸਪਤਾਲ ਵਿਚ ਹੋ, ਤਾਂ ਮੈਨੂੰ ਲਗਦਾ ਹੈ ਕਿ ਮਾਸਕ ਪਹਿਨਣਾ ਚਾਹੀਦਾ ਹੈ।’ ਟਰੰਪ ਵਾਲਟਰ ਰੀਡ ਦੇ ਗਲਿਆਰੇ ਵਿਚ ਮਾਸਕ ਪਾਈ ਨਜ਼ਰ ਆਏ। ਹਾਲਾਂਕਿ ਜਦੋਂ ਉਹ ਹੈਲੀਕਾਪਟਰ ਤੋਂ ਉਤਰੇ ਸਨ, ਉਦੋਂ ਉਨ੍ਹਾਂ ਨੇ ਮਾਸਕ ਨਹੀਂ ਸੀ ਪਾਇਆ ਹੋਇਆ ।
Donald Trump
ਅਮਰੀਕਾ ਵਿਚ ਕੋਰੋਨਾ ਵਾਇਰਸ ਨਾਲ 32 ਲੱਖ ਲੋਕ ਪੀੜਤ ਹਨ ਅਤੇ ਇਸ ਨਾਲ ਘੱਟ ਤੋਂ ਘਟ 1,34,000 ਲੋਕਾਂ ਦੀ ਮੌਤ ਹੋ ਗਈ ਹੈ। ਟਰੰਪ ਨੂੰ ਚਾਹੇ ਹੀ ਪਹਿਲੀ ਵਾਰ ਮਾਸਕ ਪਾਈ ਵੇਖਿਆ ਗਿਆ ਹੋਵੇ ਪਰ ਦੇਸ਼ ਦੇ ਉਪ ਰਾਸ਼ਟਰਪਤੀ ਮਾਇਕ ਪੇਂਸ ਸਮੇਤ ਕਈ ਸਿਖ਼ਰ ਰਿਪਬਲਿਕਨ ਨੇਤਾ ਜਨਤਕ ਸਥਾਨਾਂ ’ਤੇ ਮਾਸਕ ਦਾ ਇਸਤੇਮਾਲ ਕਰਦੇ ਹਨ। ਇਸ ਤੋਂ ਪਹਿਲਾਂ ਟਰੰਪ ਨੇ ਪੱਤਰਕਾਰ ਸੰਮੇਲਨ, ਰੈਲੀਆਂ ਅਤੇ ਹੋਰ ਜਨਤਕ ਸਥਾਨਾਂ ’ਤੇ ਮਾਸਕ ਪਾਉਣ ਤੋਂ ਇਨਕਾਰ ਕਰ ਦਿਤਾ ਸੀ। ਟਰੰਪ ਦੇ ਨਜ਼ਦੀਕੀ ਲੋਕਾਂ ਨੇ ‘ਏਪੀ’ ਨੂੰ ਦਸਿਆ ਕਿ ਰਾਸ਼ਟਰਪਤੀ ਨੂੰ ਇਸ ਵਾਰ ਦਾ ਡਰ ਹੈ ਕਿ ਮਾਸਕ ਪਾਉਣ ਨਾਲ ਉਹ ਕਮਜ਼ੋਰ ਪ੍ਰਤੀਤ ਹੋਣਗੇ ਅਤੇ ਇਸ ਨਾਲ ਲੋਕਾਂ ਦਾ ਧਿਆਨ ਆਰਥਕ ਰੂਪ ਤੋਂ ਉਬਰਨ ਦੀ ਬਜਾਏ ਜਨ ਸਿਹਤ ਸੰਕਟ ’ਤੇ ਕੇਂਦਰਿਤ ਹੋ ਜਾਵੇਗਾ। (ਪੀਟੀਆਈ)
ਟਰੰਪ ਤੇ ਬਿਡੇਨ ਨੇ ਲੁਈਸਿਆਨਾ ਤੋਂ ਜਿੱਤੇ ਪ੍ਰਾਇਮਰੀ ਚੋਣ
ਵਾਸ਼ਿੰਗਟਨ, 12 ਜੁਲਾਈ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਤੇ ਡੈਮੋਕ੍ਰੇਟਿਕ ਪਾਰਟੀ ਵਲੋਂ ਰਾਸ਼ਟਰਪਤੀ ਪਦ ਦੇ ਉਮੀਦਵਾਰ ਜੋ ਬਿਡੇਨ ਨੇ ਲੁਈਸਿਆਨਾ ਤੋਂ ਪ੍ਰਾਇਮਰੀ ਚੋਣ ਜਿੱਤ ਲਈ ਹੈ। ਇਸ ਸੀਟ ’ਤੇ ਰਿਪਬਲਿਕਨ ਪਾਰਟੀ ਦੇ ਕਿਸੇ ਹੋਰ ਉਮੀਦਵਾਰ ਤੋਂ ਟਰੰਪ ਸਖ਼ਤ ਟੱਕਰ ਤਾਂ ਨਹੀਂ ਮਿਲੀ ਪਰ ਸ਼ਨਿਚਰਵਾਰ ਨੂੰ ਹੋਈ ਚੋਣ ’ਚ ਉਨ੍ਹਾਂ ਖ਼ਿਲਾਫ਼ ਚਾਰ ਲੋਕਾਂ ਨੇ ਦਾਅਵੇਦਾਰੀ ਪੇਸ਼ ਕੀਤੀ ਸੀ। ਦੂਜੇ ਪਾਸੇ ਬਿਡੇਨ ਦੇ ਸਾਹਮਣੇ 13 ਹੋਰ ਡੈਮੋਕ੍ਰੇਟਿਸ ਨੇ ਚੁਣੌਤੀ ਪੇਸ਼ ਕੀਤੀ ਸੀ। ਹਾਲਾਂਕਿ ਉਹ ਪਾਰਟੀ ਵਲੋਂ ਰਾਸ਼ਟਰਪਤੀ ਪਦ ਦਾ ਉਮੀਦਵਾਰ ਬਣਨ ਲਈ ਹੋਰ ਸੂਬਿਆਂ ’ਚ ਪ੍ਰਤੀਨਿਧੀ ਪਹਿਲਾਂ ਹੀ ਇਕੱਠੇ ਕਰ ਚੁੱਕੇ ਸੀ। ਲੁਈਸਿਆਨਾ ਦੇਸ਼ ਦੀ ਆਖ਼ਰੀ ਪ੍ਰੈਸੀਡੈਂਸ਼ੀਅਲ ਪ੍ਰਾਇਮਰੀ ’ਚੋਂ ਇਕ ਹੈ। ਇਥੇ ਸਭ ਤੋਂ ਪਹਿਲਾਂ ਚਾਰ ਅਪ੍ਰੈਲ ਨੂੰ ਚੋਣ ਹੋਣੀ ਸੀ ਪਰ ਕੋਰੋਨਾ ਵਾਇਰਸ ਵਿਸ਼ਵ ਮਹਾਂਮਾਰੀ ਕਾਰਨ ਉਸ ਨੂੰ ਟਾਲ ਦਿਤਾ ਗਿਆ। (ਪੀਟੀਆਈ)