
ਅਦਾਲਤ ਨੇ 7 ਦਿਨਾਂ ਵਿੱਚ ਜਾਂਚ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼
Pakistan News : ਪਾਕਿਸਤਾਨ ਦੀ ਅੱਤਵਾਦ ਵਿਰੋਧੀ ਅਦਾਲਤ ਨੇ 9 ਮਈ 2023 ਦੀ ਹਿੰਸਾ ਨਾਲ ਜੁੜੇ 12 ਮਾਮਲਿਆਂ 'ਚ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਦੀ ਜ਼ਮਾਨਤ ਪਟੀਸ਼ਨ ਖਾਰਜ ਕਰ ਦਿੱਤੀ ਹੈ। ਪਾਕਿਸਤਾਨ ਤਹਿਰੀਕ-ਏ-ਇਨਸਾਫ਼ (ਪੀ.ਟੀ.ਆਈ.) ਪਾਰਟੀ ਦੇ ਸੰਸਥਾਪਕ ਇਮਰਾਨ ਖ਼ਾਨ ਦੀ ਭ੍ਰਿਸ਼ਟਾਚਾਰ ਦੇ ਇੱਕ ਕਥਿਤ ਮਾਮਲੇ ਵਿੱਚ ਗ੍ਰਿਫ਼ਤਾਰੀ ਦੌਰਾਨ ਹਿੰਸਾ ਭੜਕ ਗਈ ਸੀ। ਇਸ ਹਿੰਸਾ ਵਿੱਚ 100 ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਸੀ।
7 ਦਿਨਾਂ ਵਿੱਚ ਜਾਂਚ ਮੁਕੰਮਲ ਕਰਨ ਦੇ ਦਿੱਤੇ ਨਿਰਦੇਸ਼
ਅੱਤਵਾਦ ਵਿਰੋਧੀ ਅਦਾਲਤ (ਏਟੀਸੀ) ਰਾਵਲਪਿੰਡੀ ਦੇ ਜੱਜ ਮਲਿਕ ਇਜਾਜ਼ ਆਸਿਫ਼ ਨੇ ਸੋਮਵਾਰ ਨੂੰ 49 ਸਾਲਾ ਬੁਸ਼ਰਾ ਬੀਬੀ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ ਤੋਂ ਬਾਅਦ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਦੀ ਲੋੜ ਹੈ ਅਤੇ ਬਾਅਦ ਜ਼ਮਾਨਤ ਅਰਜ਼ੀ ਰੱਦ ਕਰ ਦਿੱਤੀ। ਜੱਜ ਨੇ ਮਾਮਲੇ ਦੀ ਜਾਂਚ ਸੱਤ ਦਿਨਾਂ ਦੇ ਅੰਦਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਬੁਸ਼ਰਾ ਬੀਬੀ ਖ਼ਿਲਾਫ਼ 9 ਮਈ ਨੂੰ ਹੋਈ ਹਿੰਸਾ ਦੇ ਵੱਖ-ਵੱਖ ਮਾਮਲਿਆਂ ਵਿੱਚ ਕੇਸ ਦਰਜ ਕੀਤੇ ਗਏ ਸਨ। ਇਨ੍ਹਾਂ ਮਾਮਲਿਆਂ ਵਿੱਚ ਬੁਸ਼ਰਾ ਬੀਬੀ ਨੇ ਜ਼ਮਾਨਤ ਦੀ ਅਪੀਲ ਕੀਤੀ ਸੀ।
ਪਿਛਲੇ ਸਾਲ 9 ਮਈ ਨੂੰ ਹਿੰਸਾ ਭੜਕੀ ਸੀ
ਪਿਛਲੇ ਸਾਲ ਜਦੋਂ ਇਮਰਾਨ ਖਾਨ ਨੂੰ ਕਥਿਤ ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਪੀਟੀਆਈ ਪਾਰਟੀ ਸਮਰਥਕਾਂ ਨੇ ਇਮਰਾਨ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਦੇਸ਼ ਭਰ ਵਿੱਚ ਭੰਨਤੋੜ ਅਤੇ ਅੱਗਜ਼ਨੀ ਸ਼ੁਰੂ ਕਰ ਦਿੱਤੀ ਸੀ। ਇਸ ਹਿੰਸਾ ਵਿੱਚ ਦੇਸ਼ ਭਰ ਵਿੱਚ ਨਾਗਰਿਕ ਅਤੇ ਫੌਜੀ ਅਦਾਰਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ। ਲਾਹੌਰ ਵਿੱਚ ਇੱਕ ਚੋਟੀ ਦੇ ਫੌਜੀ ਕਮਾਂਡਰ ਦੇ ਘਰ ਅਤੇ ਰਾਵਲਪਿੰਡੀ ਵਿੱਚ ਫੌਜੀ ਅਦਾਰਿਆਂ ਦੀ ਭੰਨਤੋੜ ਕੀਤੀ ਗਈ। ਇਮਰਾਨ ਖਾਨ (71 ਸਾਲ) ਕਈ ਮਾਮਲਿਆਂ ਵਿੱਚ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਇੱਕ ਸਾਲ ਤੋਂ ਵੱਧ ਸਮੇਂ ਤੋਂ ਜੇਲ੍ਹ ਵਿੱਚ ਹਨ। ਬੁਸ਼ਰਾ ਬੀਬੀ ਵੀ ਉਨ੍ਹਾਂ ਦੇ ਨਾਲ ਜੇਲ੍ਹ ਵਿੱਚ ਹੈ।
ਪਿਛਲੇ ਹਫਤੇ ਇਕ ਮਾਮਲੇ ਦੀ ਸੁਣਵਾਈ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਇਮਰਾਨ ਖਾਨ ਨੇ ਚਿਤਾਵਨੀ ਦਿੱਤੀ ਸੀ ਕਿ ਸ਼ਾਹਬਾਜ਼ ਸ਼ਰੀਫ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਦੋ ਮਹੀਨਿਆਂ ਤੋਂ ਵੱਧ ਨਹੀਂ ਚੱਲੇਗੀ। ਇਮਰਾਨ ਖਾਨ ਨੇ 9 ਮਈ ਦੀ ਹਿੰਸਾ ਵਿੱਚ ਪੀਟੀਆਈ ਸਮਰਥਕਾਂ ਦੀ ਸ਼ਮੂਲੀਅਤ ਤੋਂ ਵੀ ਇਨਕਾਰ ਕੀਤਾ ਹੈ।