
ਘਟਨਾ ਬਹੁਤ ਹੀ ਨਿੰਦਣਯੋਗ, ਡਾਕਟਰ ਨੇ ਸਾਡੇ ਤੋਂ ਨਹੀਂ ਲਈ ਇਜਾਜ਼ਤ- ਪਰਿਵਾਰ
ਬਰੈਂਪਟਨ : ਕੈਨੇਡਾ ਦੇ ਬਰੈਂਪਟਨ ਸ਼ਹਿਰ ਤੋਂ ਇਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬਰੈਂਪਟਨ ਸਹਿਰ ਵਿਖੇ ਕੇਸਾਂ ਦੀ ਬੇਅਦਬੀ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਕੈਨੇਡਾ ਦੇ ਇਕ ਹਸਪਤਾਲ ਵਿਚ ਦਾਖਲ ਸਿੱਖ ਬਜ਼ੁਰਗ ਦੀ ਦਾੜ੍ਹੀ ਉਸ ਦੀ ਮਰਜ਼ੀ ਤੋਂ ਬਗੈਰ ਸ਼ੇਵ ਕਰ ਦਿੱਤੀ ਅਤੇ ਉਸ ਦੇ ਕੇਸ ਵੀ ਕੱਟ ਦਿੱਤੇ ਹਨ।
ਵਰਲਡ ਸਿੱਖ ਆਰਗੇਨਾਈਜ਼ੇਸ਼ਨ ਨੇ ਦਾਅਵਾ ਕੀਤਾ ਹੈ ਕਿ ਬਰੈਂਪਟਨ ਸਿਵਿਕ ਹਸਪਤਾਲ ਵਿਚ ਇਲਾਜ ਦੌਰਾਨ 85 ਸਾਲ ਦੇ ਜੋਗਿੰਦਰ ਸਿੰਘ ਕਲੇਰ ਦੀ ਦਾੜ੍ਹੀ ਸ਼ੇਵ ਕੀਤੀ ਗਈ ਜੋ ਧਰਮ ਅਨੁਸਾਰ ਕੇਸਾ ਦੀ ਬੇਅਦਬੀ ਹੈ।
ਸਿੱਖ ਜਥੇਬੰਦੀ ਨੇ ਕਿਹਾ ਕਿ ਇਲਾਜ ਦੌਰਾਨ ਜੋਗਿੰਦਰ ਸਿੰਘ ਕਲੇਰ ਬੇਹੋਸ਼ ਸਨ, ਜਿਸ ਦੇ ਮੱਦੇਨਜ਼ਰ ਹਸਪਤਾਲ ਵਾਲਿਆਂ ਨੇ ਉਨ੍ਹਾਂ ਦੇ ਪਰਿਵਾਰ ਨਾਲ ਸੰਪਰਕ ਕਰਦਿਆਂ ਦਾੜ੍ਹੀ ਸ਼ੇਵ ਕਰਨ ਦੀ ਇਜਾਜ਼ਤ ਮੰਗੀ ਪਰ ਪਰਿਵਾਰ ਨੇ ਇਸ ਤੋਂ ਇਨਕਾਰ ਕਰ ਦਿੱਤਾ।
ਪਰਿਵਾਰ ਵਿੱਚ ਭਾਰੀ ਰੋਸ
ਡਬਲਿਊ.ਐਸ.ਓ. ਦੇ ਪ੍ਰਧਾਨ ਦਾਨਿਸ਼ ਸਿੰਘ ਨੇ ਕਿਹਾ ਕਿ ਜੋਗਿੰਦਰ ਸਿੰਘ ਕਲੇਰ ਨਾਲ ਵਾਪਰੀ ਘਟਨਾ ਸਿੱਖ ਮਨਾਂ ਵਿਚ ਰੋਸ ਪੈਦਾ ਕਰਦੀ ਹੈ। ਇਸੇ ਦੌਰਾਨ ਜੋਗਿੰਦਰ ਸਿੰਘ ਕਲੇਰ ਦੇ ਜਵਾਈ ਜਸਜੀਤ ਧਾਲੀਵਾਲ ਨੇ ਦੱਸਿਆ ਕਿ ਉਨ੍ਹਾਂ ਦੇ ਸਹੁਰਾ ਸਾਹਿਬ 26 ਜੁਲਾਈ ਨੂੰ ਪੌੜੀਆਂ ਤੋਂ ਡਿੱਗ ਕੇ ਬੇਹੋਸ਼ ਹੋ ਗਏ, ਜਿਸ ਮਗਰੋਂ ਉਨ੍ਹਾਂ ਨੂੰ ਬਰੈਂਪਟਨ ਸਿਵਿਕ ਹਸਪਤਾਲ ਲਿਜਾਇਆ ਗਿਆ। ਜੋਗਿੰਦਰ ਸਿੰਘ ਕਲੇਰ ਦੇ ਸਿਰ ਵਿਚ ਅੰਦਰੂਨੀ ਖੂਨ ਦਾ ਰਿਸਾਅ ਹੋ ਰਿਹਾਅ ਸੀ ਅਤੇ ਜਬਾੜੇ ਸਣੇ ਬਾਂਹ ਵਿਚ ਵੀ ਫਰੈਕਚਰ ਆਇਆ। ਸੇਂਟ ਮਾਈਕਲਜ਼ ਹਸਪਤਾਲ ਵਿਖੇ ਜਬਾੜੇ ਦੀ ਸਰਜਰੀ ਕੀਤੀ ਗਈ ਅਤੇ ਵਾਪਸ ਬਰੈਂਪਟਨ ਸਿਵਿਕ ਹਸਪਤਾਲ ਲਿਆਂਦਾ ਗਿਆ। ਸੇਂਟ ਮਾਈਕਲਜ਼ ਹਸਪਤਾਲ ਦੇ ਸਟਾਫ ਨੇ ਵੀ ਦਾੜ੍ਹੀ ਸ਼ੇਵ ਕਰਨ ਦੀ ਇਜਾਜ਼ਤ ਮੰਗੀ ਸੀ ਪਰ ਪਰਿਵਾਰ ਨੇ ਨਾਂਹ ਕਰ ਦਿੱਤੀ। ਡਾਕਟਰ ਨੇ ਪਰਿਵਾਰ ਦੀ ਇਜਾਜ਼ਤ ਤੋਂ ਬਿਨ੍ਹਾਂ ਕੇਸ ਕੱਟ ਦਿੱਤੇ।