
ਪਾਕਿਸਤਾਨੀ ਕੰਪਨੀ ਅਤੇ ਇਕ ਚੀਨੀ ਵਿਅਕਤੀ ਵਿਰੁਧ ਮਿਜ਼ਾਈਲ ਪਾਬੰਦੀ ਕਾਨੂੰਨ ਤਹਿਤ ਕਾਰਵਾਈ
ਵਾਸ਼ਿੰਗਟਨ: ਅਮਰੀਕਾ ਨੇ ਪਾਕਿਸਤਾਨ ਦੇ ਬੈਲਿਸਟਿਕ ਮਿਜ਼ਾਈਲ ਪ੍ਰੋਗਰਾਮ ਦਾ ਸਮਰਥਨ ਕਰਨ ਵਾਲੀਆਂ ਚਾਰ ਚੀਨੀ ਸੰਸਥਾਵਾਂ, ਇਕ ਪਾਕਿਸਤਾਨੀ ਕੰਪਨੀ ਅਤੇ ਇਕ ਚੀਨੀ ਵਿਅਕਤੀ ਵਿਰੁਧ ਮਿਜ਼ਾਈਲ ਪਾਬੰਦੀ ਕਾਨੂੰਨ ਤਹਿਤ ਕਾਰਵਾਈ ਕੀਤੀ ਹੈ। ਅਮਰੀਕੀ ਵਿਦੇਸ਼ ਵਿਭਾਗ ਨੇ ਇਹ ਜਾਣਕਾਰੀ ਦਿਤੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੈਥਿਊ ਮਿਲਰ ਨੇ ਵੀਰਵਾਰ ਨੂੰ ਇਕ ਬਿਆਨ ਵਿਚ ਕਿਹਾ ਕਿ ਅਮਰੀਕਾ ਨੇ ਬੀਜਿੰਗ ਰੀਸਰਚ ਇੰਸਟੀਚਿਊਟ ਆਫ ਆਟੋਮੇਸ਼ਨ ਫਾਰ ਮਸ਼ੀਨ ਬਿਲਡਿੰਗ ਇੰਡਸਟਰੀ (ਆਰ.ਆਈ.ਏ.ਐਮ.ਬੀ.ਏ.) ’ਤੇ ਮਿਜ਼ਾਈਲ ਪਾਬੰਦੀ ਕਾਨੂੰਨ (ਹਥਿਆਰ ਨਿਰਯਾਤ ਕੰਟਰੋਲ ਐਕਟ (ਏ.ਈ.ਸੀ.ਏ.) ਅਤੇ ਐਕਸਪੋਰਟ ਕੰਟਰੋਲ ਰਿਫਾਰਮ ਐਕਟ (ਈ.ਸੀ.ਆਰ.ਏ.)) ਤਹਿਤ ਪਾਬੰਦੀਆਂ ਲਗਾਈਆਂ ਹਨ।
ਬਿਆਨ ਵਿਚ ਕਿਹਾ ਗਿਆ ਹੈ ਕਿ ਬੀਜਿੰਗ ਰੀਸਰਚ ਇੰਸਟੀਚਿਊਟ ਨੇ ਸ਼ਾਹੀਨ-3 ਅਤੇ ਅਬਾਬੀਲ ਸਮੇਤ ਵੱਡੇ ਵਿਆਸ ਦੀਆਂ ਰਾਕੇਟ ਮੋਟਰਾਂ ਦੀ ਪਰਖ ਲਈ ਉਪਕਰਣ ਖਰੀਦਣ ਲਈ ਪਾਕਿਸਤਾਨ ਦੇ ਲੰਬੀ ਦੂਰੀ ਦੀਆਂ ਬੈਲਿਸਟਿਕ ਮਿਜ਼ਾਈਲਾਂ ਦੇ ਵਿਕਾਸ ਅਤੇ ਉਤਪਾਦਨ ਵਿਚ ਐਨ.ਡੀ.ਸੀ. ਨੂੰ ਸਹਿਯੋਗ ਦਿਤਾ।
ਬਿਆਨ ’ਚ ਕਿਹਾ ਗਿਆ ਹੈ, ‘‘ਚੀਨ ਅਧਾਰਤ ਹੁਬੇਈ ਹੁਆਚਾਂਗਡਾ ਇੰਟੈਲੀਜੈਂਟ ਉਪਕਰਣ ਕੰਪਨੀ, ਯੂਨੀਵਰਸਲ ਐਂਟਰਪ੍ਰਾਈਜ਼ ਲਿਮਟਿਡ ਅਤੇ ਸ਼ੀਆਨ ਲੌਂਗਡੇ ਟੈਕਨੋਲੋਜੀ ਡਿਵੈਲਪਮੈਂਟ ਕੰਪਨੀ ਲਿਮਟਿਡ (ਲੋਨਟੈਕ); ਅਤੇ ਚੀਨੀ ਨਾਗਰਿਕ ਲੂਓ ਡੋਂਗਮੇਈ (ਉਰਫ ਸਟੀਡ ਲੂਓ) ਨੇ ਜਾਣਬੁਝ ਕੇ ਐਮ.ਟੀ.ਸੀ.ਆਰ. ਸ਼੍ਰੇਣੀ 1 ਮਿਜ਼ਾਈਲ ਪ੍ਰੋਗਰਾਮਾਂ ਲਈ ਮਿਜ਼ਾਈਲ ਟੈਕਨੋਲੋਜੀ ਕੰਟਰੋਲ ਰੈਜੀਮ (ਐਮ.ਟੀ.ਸੀ.ਆਰ.) ਇਕਰਾਰਨਾਮੇ ਦੇ ਤਹਿਤ ਨਿਯੰਤਰਿਤ ਉਪਕਰਣਾਂ ਅਤੇ ਤਕਨਾਲੋਜੀ ਨੂੰ ਗੈਰ-ਐਮ.ਟੀ.ਸੀ.ਆਰ. ਦੇਸ਼ ’ਚ ਤਬਦੀਲ ਕਰ ਦਿਤਾ।’’
ਬਿਆਨ ਮੁਤਾਬਕ ਮੰਤਰਾਲੇ ਨੇ ਮਿਜ਼ਾਈਲ ਪਾਬੰਦੀ ਕਾਨੂੰਨਾਂ ਤਹਿਤ ਪਾਕਿਸਤਾਨ ਸਥਿਤ ਇਨੋਵੇਟਿਵ ਉਪਕਰਣਾਂ ’ਤੇ ਵੀ ਪਾਬੰਦੀਆਂ ਲਗਾਈਆਂ ਹਨ। ਇਸ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਚਿੰਤਾਜਨਕ ਪ੍ਰਸਾਰ ਅਤੇ ਇਸ ਨਾਲ ਜੁੜੀਆਂ ਖਰੀਦ ਗਤੀਵਿਧੀਆਂ ਵਿਰੁਧ ਕਾਰਵਾਈ ਕਰਨਾ ਜਾਰੀ ਰੱਖੇਗਾ।