
ਪੈਰਿਸ ਪੁਲਿਸ ਨੇ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਅਤੇ ਪਾਣੀ ਦੀਆਂ ਤੋਪਾਂ ਦਾਗੀਆਂ
ਪੈਰਿਸ: ਫ਼ਲਸਤੀਨੀ ਖਾੜਕੂ ਜਥੇਬੰਦੀ ਹਮਾਸ ਵਲੋਂ ਇਜ਼ਰਾਈਲ ’ਤੇ ਹਮਲਾ ਕੀਤੇ ਜਾਣ ਤੋਂ ਬਾਅਦ ਯਹੂਦੀ ਵਿਰੋਧੀ ਘਟਨਾਵਾਂ ’ਚ ਵਾਧੇ ਦੇ ਮੱਦੇਨਜ਼ਰ ਫ਼ਰਾਂਸ ਦੇ ਗ੍ਰਹਿ ਮੰਤਰੀ ਨੇ ਵੀਰਵਾਰ ਨੂੰ ਸਥਾਨਕ ਅਧਿਕਾਰੀਆਂ ਨੂੰ ਸਾਰੇ ਫ਼ਲਸਤੀਨ ਪੱਖੀ ਪ੍ਰਦਰਸ਼ਨਾਂ ’ਤੇ ਪਾਬੰਦੀ ਲਗਾਉਣ ਦਾ ਹੁਕਮ ਦਿਤਾ ਹੈ। ਰਾਸ਼ਟਰਪਤੀ ਇਮੈਨੁਅਲ ਮੈਕਰੋਨ ਨੇ ਫਰਾਂਸ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਪਛਮੀ ਏਸ਼ੀਆ ’ਚ ਚੱਲ ਰਹੀ ਜੰਗ ਦਾ ਅਸਰ ਅਪਣੇ ਦੇਸ਼ ’ਤੇ ਨਹੀਂ ਪੈਣ ਦੇਣਗੇ।
ਮੈਕਰੋਨ ਨੇ ਮੱਧ ਪੂਰਬ ’ਚ ਸੰਘਰਸ਼ ’ਤੇ ਦੇਸ਼ ਨੂੰ ਸੰਬੋਧਨ ਕਰਨ ਤੋਂ ਠੀਕ ਪਹਿਲਾਂ, ਪੈਰਿਸ ਪੁਲਿਸ ਨੇ ਫਲਸਤੀਨ ਪੱਖੀ ਪ੍ਰਦਰਸ਼ਨਕਾਰੀਆਂ ਨੂੰ ਖਿੰਡਾਉਣ ਲਈ ਅੱਥਰੂ ਗੈਸ ਅਤੇ ਪਾਣੀ ਦੀਆਂ ਤੋਪਾਂ ਦਾਗੀਆਂ। ਇਨ੍ਹਾਂ ਲੋਕਾਂ ਨੇ ਪਾਬੰਦੀ ਦੀ ਉਲੰਘਣਾ ਕਰਦੇ ਹੋਏ ਇਜ਼ਰਾਈਲ ਸਰਕਾਰ ਵਿਰੁਧ ਪ੍ਰਦਰਸ਼ਨ ਕੀਤਾ ਸੀ।
ਅਪਣੇ ਸੰਬੋਧਨ ’ਚ ਮੈਕਰੋਨ ਨੇ ਕਿਹਾ, ‘‘ਸਾਨੂੰ ਇੱਥੇ (ਫਰਾਂਸ) ਵਿਚਾਰਧਾਰਕ ਜੋਖਮ ਨਹੀਂ ਲਿਆਉਣੇ ਚਾਹੀਦੇ। ਆਉ ਕੌਮਾਂਤਰੀ ਵਖਰੇਵਿਆਂ ਨੂੰ ਰਾਸ਼ਟਰੀ ਵਿਤਕਰਿਆਂ ਨੂੰ ਨਾ ਜੋੜੀਏ। ਸਾਨੂੰ ਇਕਜੁਟ ਰਹਿਣਾ ਚਾਹੀਦਾ ਹੈ।’’
ਮੰਨਿਆ ਜਾ ਰਿਹਾ ਹੈ ਕਿ ਹਮਾਸ ਨੇ ਕਈ ਫਰਾਂਸੀਸੀ-ਇਜ਼ਰਾਈਲੀ ਨਾਗਰਿਕਾਂ ਨੂੰ ਬੰਧਕ ਬਣਾ ਲਿਆ ਹੈ। ਮੈਕਰੋਨ ਨੇ ਕਿਹਾ ਕਿ ਫਰਾਂਸ ਅਪਣੇ ਯਹੂਦੀ ਨਾਗਰਿਕਾਂ ਦੀ ਸੁਰੱਖਿਆ ਕਰੇਗਾ। ਨਾਲ ਹੀ ਉਨ੍ਹਾਂ ਫਰਾਂਸ ’ਚ ਰਹਿ ਰਹੇ ਮੁਸਲਮਾਨਾਂ ਪ੍ਰਤੀ ਦੁਸ਼ਮਣੀ ਦੀ ਵਧ ਰਹੀ ਭਾਵਨਾ ’ਤੇ ਵੀ ਚਿੰਤਾ ਪ੍ਰਗਟਾਈ।
ਗ੍ਰਹਿ ਮੰਤਰੀ ਗੇਰਾਲਡ ਡਾਰਮੈਨਿਨ ਨੇ ਵੀਰਵਾਰ ਨੂੰ ਸਥਾਨਕ ਅਧਿਕਾਰੀਆਂ ਨੂੰ ਯਹੂਦੀ ਸਕੂਲਾਂ, ਪ੍ਰਾਰਥਨਾ ਸਥਾਨਾਂ ਅਤੇ ਹੋਰ ਥਾਵਾਂ ਦੇ ਆਲੇ-ਦੁਆਲੇ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੇ ਹੁਕਮ ਦਿਤੇ। ਹੁਕਮਾਂ ’ਚ ਵਿਚ ਕਿਹਾ ਗਿਆ ਹੈ ਕਿ ਫਲਸਤੀਨ ਦੀ ਹਮਾਇਤ ’ਚ ਪ੍ਰਦਰਸ਼ਨਾਂ ’ਤੇ ਪਾਬੰਦੀ ਲਗਾਈ ਜਾਣੀ ਚਾਹੀਦੀ ਹੈ ਅਤੇ ਪਾਬੰਦੀਆਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ।
ਬੀਜਿੰਗ 'ਚ ਇਜ਼ਰਾਇਲੀ ਸਫ਼ਾਰਤਖ਼ਾਨੇ ਦੇ ਮੁਲਾਜ਼ਮ ’ਤੇ ਹਮਲਾ, ਹਸਪਤਾਲ ’ਚ ਭਰਤੀ
ਯੇਰੂਸ਼ਲਮ: ਇਜ਼ਰਾਈਲ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਬੀਜਿੰਗ ’ਚ ਉਸ ਦੇ ਸਫ਼ਾਰਤਖ਼ਾਨੇ ਦੇ ਇਕ ਮੁਲਾਜ਼ਮ ’ਤੇ ਸ਼ੁਕਰਵਾਰ ਨੂੰ ਹਮਲਾ ਕੀਤਾ ਗਿਆ, ਜਿਸ ਤੋਂ ਬਾਅਦ ਉਹ ਹਸਪਤਾਲ ’ਚ ਭਰਤੀ ਹੈ। ਚੀਨ ਨੇ ਅਜੇ ਤਕ ਹਮਲੇ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਹੈ। ਅਜੇ ਤਕ ਇਹ ਸਪੱਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਹਮਲਾ ਕਿਸ ਕਾਰਨ ਹੋਇਆ ਹੈ, ਹਾਲਾਂਕਿ ਇਹ ਹਮਲਾ ਉਸ ਸਮੇਂ ਹੋਇਆ ਹੈ ਜਦੋਂ ਫਲਸਤੀਨੀ ਖਾੜਕੂ ਜਥੇਬੰਦੀ ਹਮਾਸ ਵਲੋਂ ਕੀਤੇ ਗਏ ਹਮਲੇ ਤੋਂ ਬਾਅਦ ਦੋਵਾਂ ਧਿਰਾਂ ਵਿਚਾਲੇ ਚੱਲ ਰਹੇ ਟਕਰਾਅ ਨੂੰ ਲੈ ਕੇ ਚੀਨ ਵਲੋਂ ਦਿਤੇ ਗਏ ਬਿਆਨ ’ਤੇ ਇਜ਼ਰਾਈਲ ਨੇ ਜਵਾਬੀ ਕਾਰਵਾਈ ਕਰਦਿਆਂ ਉਸ ਦੀ ਆਲੋਚਨਾ ਕੀਤੀ ਸੀ। ਵਿਦੇਸ਼ ਮੰਤਰਾਲੇ ਨੇ ਪੱਤਰਕਾਰਾਂ ਨੂੰ ਇਕ ਬਿਆਨ ਜਾਰੀ ਕਰ ਕੇ ਕਿਹਾ ਕਿ ਹਮਲਾ ਸਫ਼ਰਤਖ਼ਾਨੇ ਦੀ ਜ਼ਮੀਨ ’ਤੇ ਨਹੀਂ ਹੋਇਆ। ਬਿਆਨ ’ਚ ਕਿਹਾ ਗਿਆ ਹੈ, ‘‘ਮੁਲਾਜ਼ਮ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਸੀ ਅਤੇ ਉਸ ਦੀ ਹਾਲਤ ਸਥਿਰ ਹੈ।’’ ਬਿਆਨ ’ਚ ਹੋਰ ਕੋਈ ਜਾਣਕਾਰੀ ਨਹੀਂ ਦਿਤੀ ਗਈ। ਬਿਆਨ ’ਚ ਕਿਹਾ ਗਿਆ ਹੈ ਕਿ ਇਜ਼ਰਾਇਲੀ ਅਧਿਕਾਰੀ ਹਮਲੇ ਦੇ ਕਾਰਨ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਨ।