
ਬੱਚਿਆਂ ਸਮੇਤ ਘੱਟ ਤੋਂ ਘੱਟ 19 ਲੋਕਾਂ ਦੀ ਹੋਈ ਮੌਤ ਤੇ ਅੱਧਾ ਦਰਜਨ ਜ਼ਖ਼ਮੀ
ਕਾਹਿਰਾ : ਦੁਨੀਆ ਭਰ ਵਿਚ ਹਰ ਰੋਜ਼ ਅਨੇਕਾਂ ਹੀ ਸੜਕ ਹਾਦਸੇ ਅਤੇ ਦੁਰਘਟਨਾਵਾਂ ਵਾਪਰਦੀਆਂ ਹਨ ਜਿਸ ਵਿਚ ਬਹੁਤ ਸਾਰੀਆਂ ਕੀਮਤੀ ਜ਼ਿੰਦਗੀਆਂ ਤਬਾਹ ਹੋ ਜਾਂਦੀਆਂ ਹਨ। ਅਜਿਹੀ ਹੀ ਇੱਕ ਖਬਰ ਮਿਸਰ ਤੋਂ ਸਾਹਮਣੇ ਆਈ ਹੈ ਜਿਥੇ ਇੱਕ ਵੱਡਾ ਬੱਸ ਹਾਦਸਾ ਵਾਪਰਿਆ ਹੈ।
ਮਿਲੀ ਜਾਣਕਾਰੀ ਅਨੁਸਾਰ ਯਾਤਰੀਆਂ ਨਾਲ ਭਰੀ ਬੱਸ ਨਹਿਰ ਵਿੱਚ ਡਿੱਗ ਗਈ, ਜਿਸ ਕਾਰਨ ਘੱਟੋ-ਘੱਟ 19 ਲੋਕਾਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਵਿਚ ਬੱਚੇ ਵੀ ਸ਼ਾਮਲ ਹਨ। ਇਸ ਤੋਂ ਇਲਾਵਾ ਹੋਰ ਕਈ ਸਵਾਰੀਆਂ ਦੇ ਜ਼ਖ਼ਮੀ ਹੋਣ ਬਾਰੇ ਵੀ ਖਬਰ ਹੈ। ਇਸ ਬੱਸ 'ਚ ਕਰੀਬ 35 ਲੋਕ ਸਵਾਰ ਸਨ। ਦੇਸ਼ ਦੇ ਸਿਹਤ ਮੰਤਰਾਲੇ ਨੇ ਮੌਤਾਂ ਦੀ ਪੁਸ਼ਟੀ ਕੀਤੀ ਹੈ।
ਸਰਕਾਰੀ ਬਿਆਨ 'ਚ ਕਿਹਾ ਗਿਆ ਹੈ ਕਿ ਇਹ ਹਾਦਸਾ ਮਿਸਰ ਦੀ ਨੀਲ ਨਦੀ ਦੇ ਡੈਲਟਾ ਖੇਤਰ ਵਿੱਚ ਵਾਪਰਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਅਤੇ ਐਂਬੂਲੈਂਸ ਮੌਕੇ 'ਤੇ ਪਹੁੰਚ ਗਈਆਂ ਅਤੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ। ਘਟਨਾ 'ਚ ਜ਼ਖਮੀ ਹੋਏ ਸਾਰੇ ਲੋਕ ਫਿਲਹਾਲ ਹਸਪਤਾਲ 'ਚ ਜ਼ੇਰੇ ਇਲਾਜ ਹਨ।