ਪ੍ਰਕਾਸ਼ਨ ਨੇ ‘ਐਕਸ’ ਨੂੰ ਇਕ ‘ਜ਼ਹਿਰੀਲਾ’ ਮੰਚ ਦਸਿਆ, ਅਤੇ ਇਸ ’ਤੇ ਕੱਟੜ-ਸੱਜੇ ਪੱਖੀ ਸਾਜ਼ਸ਼ੀ ਸਿਧਾਂਤਾਂ ਅਤੇ ਨਸਲਵਾਦ ਬਾਰੇ ਚਿੰਤਾਵਾਂ ਦਾ ਹਵਾਲਾ ਦਿਤਾ ਗਿਆ
ਲੰਡਨ : ਬ੍ਰਿਟਿਸ਼ ਸਮਾਚਾਰ ਪ੍ਰਕਾਸ਼ਕ ‘ਦਿ ਗਾਰਡੀਅਨ’ ਨੇ ਐਲਨ ਮਸਕ ਦੇ ਸਿਆਸਤ, ਖਾਸ ਕਰ ਕੇ ਅਮਰੀਕੀ ਰਾਸ਼ਟਰਪਤੀ ਚੋਣਾਂ, ’ਤੇ ਅਸਰ ਕਾਰਨ ਸੋਸ਼ਲ ਮੀਡੀਆ ਮੰਚ ਐਕਸ (ਪਹਿਲਾਂ ਟਵਿੱਟਰ) ਨੂੰ ਛੱਡਣ ਦਾ ਐਲਾਨ ਕੀਤਾ ਹੈ। ਪ੍ਰਕਾਸ਼ਨ ਨੇ ‘ਐਕਸ’ ਨੂੰ ਇਕ ‘ਜ਼ਹਿਰੀਲਾ’ ਮੰਚ ਦਸਿਆ, ਅਤੇ ਇਸ ’ਤੇ ਕੱਟੜ-ਸੱਜੇ ਪੱਖੀ ਸਾਜ਼ਸ਼ੀ ਸਿਧਾਂਤਾਂ ਅਤੇ ਨਸਲਵਾਦ ਬਾਰੇ ਚਿੰਤਾਵਾਂ ਦਾ ਹਵਾਲਾ ਦਿਤਾ ਗਿਆ। ਡੋਨਾਲਡ ਟਰੰਪ ਲਈ ਮਸਕ ਦੀ ਸਰਗਰਮ ਮੁਹਿੰਮ ਅਤੇ ਨਵੇਂ ‘ਸਰਕਾਰੀ ਕੁਸ਼ਲਤਾ ਵਿਭਾਗ’ ’ਚ ਉਨ੍ਹਾਂ ਦੀ ਨਿਯੁਕਤੀ ਨੇ ਗਾਰਡੀਅਨ ਦੇ ਫੈਸਲੇ ਨੂੰ ਹੋਰ ਮਜ਼ਬੂਤ ਕੀਤਾ।
ਅਦਾਰੇ ਨੇ ਕਿਹਾ ਕਿ ਉਹ ਹੁਣ ਅਪਣੇ ਅਧਿਕਾਰਤ ਖਾਤਿਆਂ ਤੋਂ ਪੋਸਟ ਨਹੀਂ ਕਰੇਗਾ ਪਰ ਖ਼ਬਰਾਂ ਇਕੱਠੀਆਂ ਕਰਨ ਲਈ ‘ਐਕਸ’ ਦੀ ਵਰਤੋਂ ਕਰਨਾ ਜਾਰੀ ਰੱਖੇਗਾ। ‘ਐਕਸ’ ਪ੍ਰਯੋਗਕਰਤਾ ਅਜੇ ਵੀ ਗਾਰਡੀਅਨ ਲੇਖਾਂ ਨੂੰ ਸਾਂਝਾ ਕਰ ਸਕਦੇ ਹਨ, ਅਤੇ ਕਦੇ-ਕਦਾਈਂ ਸਮੱਗਰੀ ਲੇਖਾਂ ਦੇ ਪੰਨਿਆਂ ’ਚ ਸ਼ਾਮਲ ਕੀਤੀ ਜਾ ਸਕਦੀ ਹੈ। ਇਹ ਫੈਸਲਾ ਅਮਰੀਕੀ ਮੀਡੀਆ ਸੰਗਠਨਾਂ ਐਨ.ਪੀ.ਆਰ. ਅਤੇ ਪੀ.ਬੀ.ਐਸ. ਵਲੋਂ ਵੀ ਆਂ ਅਜਿਹੀਆਂ ਕਾਰਵਾਈਆਂ ਤੋਂ ਬਾਅਦ ਲਿਆ ਗਿਆ ਹੈ, ਜਿਨ੍ਹਾਂ ਨੇ ‘ਰਾਜ ਨਾਲ ਜੁੜੇ ਮੀਡੀਆ’ ਦਾ ਲੇਬਲ ਲਗਾਉਣ ਤੋਂ ਬਾਅਦ ‘ਐਕਸ’ ’ਤੇ ਪੋਸਟ ਕਰਨਾ ਬੰਦ ਕਰ ਦਿਤਾ ਸੀ। ਗਾਰਡੀਅਨ ਦੇ ‘ਐਕਸ’ ’ਤੇ 80 ਤੋਂ ਵੱਧ ਖਾਤੇ ਅਤੇ 27 ਮਿਲੀਅਨ ਫਾਲੋਅਰਜ਼ ਹਨ, ਪਰ ਉਨ੍ਹਾਂ ਦਾ ਮੰਨਣਾ ਹੈ ਕਿ ਇਸ ਦੇ ਸਰੋਤਾਂ ਦੀ ਵਰਤੋਂ ਕਿਤੇ ਹੋਰ ਪੱਤਰਕਾਰੀ ਨੂੰ ਉਤਸ਼ਾਹਤ ਕਰਨ ਲਈ ਕੀਤੀ ਜਾ ਸਕਦੀ ਹੈ।