
ਪਾਕਿਸਤਾਨ ਦੀ ਨਿਆਂ ਪ੍ਰਣਾਲੀ ’ਤੇ ਭਰੋਸਾ ਖਤਮ ਹੋ ਗਿਆ ਹੈ : ਬੁਸ਼ਰਾ ਬੀਬੀ
ਇਸਲਾਮਾਬਾਦ : ਪਾਕਿਸਤਾਨ ਦੀ ਇਕ ਅਦਾਲਤ ਨੇ ਮੰਗਲਵਾਰ ਨੂੰ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ ਬੁਸ਼ਰਾ ਬੀਬੀ ਨੂੰ 12 ਤੋਂ ਵੱਧ ਮਾਮਲਿਆਂ ’ਚ ਅੰਤਰਿਮ ਜ਼ਮਾਨਤ ਦੇ ਦਿਤੀ। ਬੁਸ਼ਰਾ ਬੀਬੀ ਨੇ ਹਾਲਾਂਕਿ ਅਦਾਲਤ ਨੂੰ ਦਸਿਆ ਕਿ ਉਨ੍ਹਾਂ ਦਾ ਪਾਕਿਸਤਾਨ ਦੀ ਨਿਆਂ ਪ੍ਰਣਾਲੀ ’ਤੇ ਭਰੋਸਾ ਖਤਮ ਹੋ ਗਿਆ ਹੈ।
ਅਤਿਵਾਦ ਰੋਕੂ ਅਦਾਲਤ ਦੇ ਜੱਜ ਤਾਹਿਰ ਅੱਬਾਸ ਸੁਪਰਾ ਨੇ ਡੀ-ਚੌਕ ਪ੍ਰਦਰਸ਼ਨ ਨਾਲ ਜੁੜੇ 13 ਮਾਮਲਿਆਂ ’ਚ ਬੁਸ਼ਰਾ ਨੂੰ 7 ਫ਼ਰਵਰੀ ਤਕ ਅੰਤਰਿਮ ਜ਼ਮਾਨਤ ਦੇ ਦਿਤੀ । ਉਸ ਨੂੰ ਪਿਛਲੇ ਸਾਲ ਵਿਰੋਧ ਪ੍ਰਦਰਸ਼ਨਾਂ ਦੌਰਾਨ ਅਰਧ ਸੈਨਿਕ ਰੇਂਜਰਾਂ ਦੀ ਹੱਤਿਆ ਨਾਲ ਜੁੜੇ ਇਕ ਹੋਰ ਮਾਮਲੇ ਵਿਚ ਵੀ ਜ਼ਮਾਨਤ ਦਿਤੀ ਗਈ ਸੀ।
ਬੀਬੀ ਤੋਂ ਇਲਾਵਾ ਉਸ ਦੇ ਪਤੀ ਖਾਨ (72) ਅਤੇ ਪਾਰਟੀ ਦੇ ਹੋਰ ਨੇਤਾਵਾਂ ਨੂੰ ਰਮਨਾ ਥਾਣੇ ਵਿਚ ਧਾਰਾ 302 (ਕਤਲ) ਅਤੇ ਪਾਕਿਸਤਾਨ ਪੀਨਲ ਕੋਡ ਦੀਆਂ ਹੋਰ ਧਾਰਾਵਾਂ ਤਹਿਤ ਦਰਜ ਐਫ.ਆਈ.ਆਰ. ਵਿਚ ਨਾਮਜ਼ਦ ਕੀਤਾ ਗਿਆ ਹੈ।
ਐਫ.ਆਈ.ਆਰ. ਮੁਤਾਬਕ ਖਾਨ ਨੇ ਪਾਰਟੀ ਲੀਡਰਸ਼ਿਪ, ਪਤਨੀ ਬੁਸ਼ਰਾ, ਖੈਬਰ ਪਖਤੂਨਖਵਾ ਦੇ ਮੁੱਖ ਮੰਤਰੀ ਅਲੀ ਅਮੀਨ ਗੰਡਾਪੁਰ ਅਤੇ ਉਨ੍ਹਾਂ ਦੀ ਭੈਣ ਅਲੀਮਾ ਖਾਨ ਨੂੰ ਹੁਕਮ ਦਿਤਾ ਸੀ ਕਿ ਉਹ ਉਨ੍ਹਾਂ ਨੂੰ ਜੇਲ੍ਹ ਤੋਂ ਰਿਹਾਅ ਕਰਵਾਉਣ ਲਈ ਹਰ ਸੰਭਵ ਕੋਸ਼ਿਸ਼ ਕਰਨ। ਜੱਜ ਨੂੰ ਦਸਿਆ ਗਿਆ ਕਿ ਇਸਲਾਮਾਬਾਦ ਦੇ ਵੱਖ-ਵੱਖ ਥਾਣਿਆਂ ਵਿਚ ਉਸ ਦੇ ਵਿਰੁਧ 13 ਮਾਮਲੇ ਦਰਜ ਹਨ। ਅਦਾਲਤ ਨੇ ਉਨ੍ਹਾਂ ਨੂੰ ਸਾਰੇ 13 ਮਾਮਲਿਆਂ ’ਚ 5-5 ਹਜ਼ਾਰ ਰੁਪਏ ਦੇ ਨਿੱਜੀ ਮੁਚਲਕੇ ’ਤੇ 7 ਫ਼ਰਵਰੀ ਤਕ ਅੰਤਰਿਮ ਜ਼ਮਾਨਤ ਦੇ ਦਿਤੀ ਹੈ। ਬੁਸ਼ਰਾ ਨੇ ਜਨਵਰੀ 2018 ’ਚ ਖਾਨ ਨਾਲ ਵਿਆਹ ਕੀਤਾ ਸੀ।