
ਅੰਮ੍ਰਿਤਾ ਨਾਂ ਦੀ ਮਹਿਲਾ ਨੇ ਮਸਕਟ 'ਚ ਆਪਣੇ ਪਤੀ ਨੂੰ ਮਿਲਣ ਲਈ 8 ਮਈ ਦੀ ਫਲਾਈਟ ਦੀ ਟਿਕਟ ਬੁੱਕ ਕਰਵਾਈ ਸੀ
Air India Express Row : ਪਿਛਲੇ ਹਫਤੇ ਏਅਰ ਇੰਡੀਆ ਐਕਸਪ੍ਰੈਸ ਦੀ ਉਡਾਣ ਰੱਦ ਹੋਣ ਕਾਰਨ ਇੱਕ ਮਹਿਲਾ ਓਮਾਨ ਦੇ ਇੱਕ ਹਸਪਤਾਲ ਦੇ ਆਈਸੀਯੂ 'ਚ ਦਾਖਲ ਆਪਣੇ ਪਤੀ ਨੂੰ ਮੌਤ ਤੋਂ ਪਹਿਲਾਂ ਆਖਰੀ ਵਾਰ ਦੇਖ ਨਹੀਂ ਸਕੀ। ਉਸ ਦੇ ਪਰਿਵਾਰ ਨੇ ਇਹ ਆਰੋਪ ਲਗਾਇਆ ਹੈ।
ਦਰਅਸਲ 'ਚ ਅੰਮ੍ਰਿਤਾ ਨਾਂ ਦੀ ਮਹਿਲਾ ਨੇ ਮਸਕਟ 'ਚ ਆਪਣੇ ਪਤੀ ਨੂੰ ਮਿਲਣ ਲਈ 8 ਮਈ ਦੀ ਫਲਾਈਟ ਦੀ ਟਿਕਟ ਬੁੱਕ ਕਰਵਾਈ ਸੀ ਪਰ ਇੱਥੇ ਏਅਰਪੋਰਟ ਪਹੁੰਚਣ 'ਤੇ ਉਸ ਨੂੰ ਦੱਸਿਆ ਗਿਆ ਕਿ ਫਲਾਈਟ ਰੱਦ ਹੋ ਗਈ ਹੈ। ਹਵਾਈ ਅੱਡੇ 'ਤੇ ਇਸ ਦਾ ਵਿਰੋਧ ਕਰਨ ਤੋਂ ਬਾਅਦ ਉਸਨੂੰ ਅਗਲੇ ਦਿਨ ਏਅਰ ਇੰਡੀਆ ਐਕਸਪ੍ਰੈਸ ਦੀ ਇੱਕ ਹੋਰ ਫਲਾਈਟ ਦੀ ਟਿਕਟ ਦਿੱਤੀ ਗਈ ਪਰ ਬਦਕਿਸਮਤੀ ਨਾਲ ਉਹ ਵੀ ਰੱਦ ਹੋ ਗਈ ਅਤੇ ਉਨ੍ਹਾਂ ਨੂੰ ਆਪਣੀ ਯਾਤਰਾ ਦੀ ਯੋਜਨਾ ਪੂਰੀ ਤਰ੍ਹਾਂ ਛੱਡਣੀ ਪਈ। ਸੋਮਵਾਰ ਨੂੰ ਉਸ ਦੇ ਪਤੀ ਦੀ ਮੌਤ ਦੀ ਖ਼ਬਰ ਓਮਾਨ ਤੋਂ ਉਸ ਕੋਲ ਪਹੁੰਚੀ।
ਅੰਮ੍ਰਿਤਾ ਦੀ ਮਾਂ ਨੇ ਇੱਕ ਟੀਵੀ ਚੈਨਲ ਨੂੰ ਦੱਸਿਆ, "ਇਹ ਇੰਨਾ ਅਣਉਚਿਤ ਸੀ ਕਿ ਉਹ ਆਪਣੇ ਪਤੀ ਨੂੰ ਆਖਰੀ ਵਾਰ ਨਹੀਂ ਦੇਖ ਸਕੀ। ਅਸੀਂ ਏਅਰਲਾਈਨ ਤੋਂ ਬੇਨਤੀ ਕੀਤੀ ਕਿ ਸਾਨੂੰ ਕਿਸੇ ਹੋਰ ਜਹਾਜ਼ ਵਿੱਚ ਜਗ੍ਹਾ ਦਿੱਤੀ ਜਾਵੇ ਤਾਂ ਜੋ ਅਸੀਂ ਉਸਨੂੰ (ਅੰਮ੍ਰਿਤਾ ਦੇ ਪਤੀ) ਨੂੰ ਆਖਰੀ ਵਾਰ ਦੇਖ ਸਕੀਏ ਪਰ ਏਅਰਲਾਈਨ ਨੇ ਕੁਝ ਨਹੀਂ ਕੀਤਾ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਅੰਮ੍ਰਿਤਾ ਦੇ ਪਤੀ ਨੇ ਕਿਹਾ ਸੀ ਕਿ ਉਹ ਆਪਣੀ ਪਤਨੀ ਅਤੇ ਬੱਚਿਆਂ ਨੂੰ ਮਿਲਣਾ ਚਾਹੁੰਦੇ ਹਨ ਅਤੇ ਇਸ ਲਈ ਪਰਿਵਾਰ ਨੇ ਉਨ੍ਹਾਂ ਨੂੰ ਦੇਖਣ ਜਾਣ ਲਈ ਟਿਕਟਾਂ ਬੁੱਕ ਕਰਵਾਈਆਂ ਸਨ। ਅੰਮ੍ਰਿਤਾ ਨੇ ਬਾਅਦ ਵਿੱਚ ਪੱਤਰਕਾਰਾਂ ਨੂੰ ਦੱਸਿਆ ਕਿ ਦੂਜੀ ਫਲਾਈਟ ਵੀ ਰੱਦ ਹੋਣ ਤੋਂ ਬਾਅਦ ਏਅਰਲਾਈਨ ਨੇ ਉਸ ਨੂੰ ਕਿਹਾ ਕਿ ਕੁਝ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਅਗਲੇ ਚਾਰ ਦਿਨਾਂ ਲਈ ਉਨ੍ਹਾਂ ਦੀਆਂ ਉਡਾਣਾਂ ਭਰੀਆਂ ਹੋਈਆਂ ਹਨ ਅਤੇ ਉਹ ਕੁਝ ਨਹੀਂ ਕਰ ਸਕਦੇ। ਉਸ ਦੇ ਪਤੀ ਨੂੰ ਦਿਲ ਦਾ ਦੌਰਾ ਪੈਣ ਤੋਂ ਬਾਅਦ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। ਅੰਮ੍ਰਿਤਾ ਨੇ ਕਿਹਾ, ''ਮੈਂ ਉਨ੍ਹਾਂ (ਪਤੀ) ਨਾਲ ਫੋਨ 'ਤੇ ਗੱਲ ਕੀਤੀ। ਮੈਂ ਉਨ੍ਹਾਂ ਨੂੰ ਕਿਹਾ ਕਿ ਮੈਂ ਉੱਥੇ ਪਹੁੰਚਣ ਦੀ ਪੂਰੀ ਕੋਸ਼ਿਸ਼ ਕਰਾਂਗੀ ਪਰ ਅਜਿਹਾ ਨਹੀਂ ਹੋ ਸਕਿਆ। ਫਿਲਹਾਲ ਇਸ ਮਾਮਲੇ 'ਤੇ ਏਅਰਲਾਈਨ ਵੱਲੋਂ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।
ਕੈਬਿਨ ਕਰੂ ਦੇ ਛੁੱਟੀ 'ਤੇ ਜਾਣ ਕਾਰਨ 260 ਤੋਂ ਵੱਧ ਉਡਾਣਾਂ ਹੋਈਆਂ ਸੀ ਰੱਦ
ਟਾਟਾ ਗਰੁੱਪ ਦੀ ਮਲਕੀਅਤ ਵਾਲੀ ਏਅਰਲਾਈਨ 'ਚ ਕਥਿਤ ਦੁਰਪ੍ਰਬੰਧ ਦੇ ਵਿਰੋਧ 'ਚ ਚਾਲਕ ਦਲ ਦੇ ਮੈਂਬਰਾਂ ਦੀ ਕਮੀ ਕਾਰਨ ਏਅਰ ਇੰਡੀਆ ਐਕਸਪ੍ਰੈਸ ਨੇ ਪਿਛਲੇ ਹਫਤੇ 'ਵੱਡੀ ਸੰਖਿਆ 'ਚ ਉਡਾਣਾਂ' ਰੱਦ ਕਰ ਦਿੱਤੀਆਂ ਸਨ। ਘੱਟ ਕੀਮਤ ਵਾਲੀ ਏਅਰਲਾਈਨ 'ਚ ਕੈਬਿਨ ਕਰੂ ਮੈਂਬਰਾਂ ਵਿਚ ਅਸੰਤੁਸ਼ਟੀ ਕਾਰਨ ਇਹ ਉਡਾਣਾਂ ਰੱਦ ਕਰ ਦਿੱਤੀਆਂ ਗਈਆਂ ਸਨ। ਕੈਬਿਨ ਕਰੂ ਦੀ ਇਹ ਅਸੰਤੁਸ਼ਟੀ ਏਆਈਐਕਸ ਕਨੈਕਟ (ਪਹਿਲਾਂ ਏਅਰ ਏਸ਼ੀਆ ਇੰਡੀਆ) ਦੇ ਨਾਲ ਏਅਰ ਇੰਡੀਆ ਐਕਸਪ੍ਰੈਸ ਦੇ ਰਲੇਵੇਂ ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਬਾਅਦ ਸ਼ੁਰੂ ਹੋਈ ਸੀ।