
ਪਾਕਿਸਤਾਨ ਵਿਚ ਇਕ ਸਿੱਖ ਕੁੜੀ ਦੁਆਰਾ ਅਪਣੇ ਪ੍ਰਵਾਰ ਵਿਰੁਧ ਜਾ ਕੇ ਕਥਿਤ ਤੌਰ ’ਤੇ ਇਕ ਮੁਸਲਿਮ ਲੜਕੇ ਨਾਲ ਵਿਆਹ ਕਰਨ ਦੇ ਮਾਮਲੇ ਵਿਚ
ਲਾਹੌਰ : ਪਾਕਿਸਤਾਨ ਵਿਚ ਇਕ ਸਿੱਖ ਕੁੜੀ ਦੁਆਰਾ ਅਪਣੇ ਪ੍ਰਵਾਰ ਵਿਰੁਧ ਜਾ ਕੇ ਕਥਿਤ ਤੌਰ ’ਤੇ ਇਕ ਮੁਸਲਿਮ ਲੜਕੇ ਨਾਲ ਵਿਆਹ ਕਰਨ ਦੇ ਮਾਮਲੇ ਵਿਚ ਅਦਾਲਤ ਨੇ ਫ਼ੈਸਲਾ ਸੁਣਾਇਆ ਹੈ ਕਿ ਲੜਕੀ ਨਾਬਾਲਗ਼ ਨਹੀਂ ਹੈ ਅਤੇ ਉਹ ਅਪਣੇ ਪਤੀ ਨਾਲ ਜਿਥੇ ਚਾਹੇ ਰਹਿ ਸਕਦੀ ਹੈ। ਅਦਾਲਤ ਦੇ ਇਸ ਫ਼ੈਸਲੇ ਨਾਲ ਦੋਵਾਂ ਪਰਵਾਰਾਂ ਵਿਚਕਾਰ ਤਣਾਅ ਵੱਧ ਗਿਆ ਹੈ। ਨਨਕਾਣਾ ਸਾਹਿਬ ਦੀ ਰਹਿਣ ਵਾਲੀ ਜਗਜੀਤ ਕੌਰ ਨੇ ਪਿਛਲੇ ਸਾਲ ਸਤੰਬਰ ਵਿਚ ਕਥਿਤ ਤੌਰ ’ਤੇ ਅਪਣੇ ਪ੍ਰਵਾਰ ਵਿਰੁਧ ਜਾ ਕੇ ਮੁਹੰਮਦ ਹਸਨ ਨਾਲ ਵਿਆਹ ਕੀਤਾ ਸੀ।
Jagjit Kaur
ਲਾਹੌਰ ਹਾਈ ਕੋਰਟ ਨੇ ਅਪਣੇ ਸੁਣਾਏ ਫ਼ੈਸਲੇ ਵਿਚ ਕਿਹਾ ਕਿ ਜਗਜੀਤ ਕੌਰ ਅਪਣੇ ਪਤੀ ਨਾਲ ਜਿਥੇ ਚਾਹੇ ਉਥੇ ਜਾ ਸਕਦੀ ਹੈ। ਜਗਜੀਤ ਕੌਰ ਦੇ ਪਰਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਹਸਨ ਨੇ ਉਸ ਨੂੰ ਅਗ਼ਵਾ ਕਰ ਕੇ ਜ਼ਬਰਦਸਤੀ ਉਸ ਨਾਲ ਵਿਆਹ ਕਰਵਾਇਆ ਸੀ। ਇਸ ਮਾਮਲੇ ’ਤੇ ਭਾਰਤ ਸਰਕਾਰ ਨੇ ਵੀ ਪਾਕਿਸਤਾਨ ਦੀ ਸਰਕਾਰ ਤੋਂ ਦਖ਼ਲ ਦੀ ਮੰਗ ਕੀਤੀ ਸੀ।
Lahore High Court
ਲਾਹੌਰ ਹਾਈ ਕੋਰਟ ਦੇ ਜੱਜ ਚੌਧਰੀ ਸ਼ੇਹਰਾਮ ਸਰਵਰ ਨੇ ਹਸਨ ਦੀ ਪਟੀਸ਼ਨ ’ਤੇ ਫ਼ੈਸਲਾ ਸੁਣਾਇਆ। ਸੁਣਵਾਈ ਦੌਰਾਨ ਪੁਲਿਸ ਜਗਜੀਤ ਕੌਰ ਨੂੰ ਭਾਰੀ ਸੁਰੱਖਿਆ ਹੇਠ ਅਦਾਲਤ ਵਿਚ ਲੈ ਕੇ ਆਈ ਤੇ ਇਸ ਮੌਕੇ ਉਸ ਦਾ ਭਰਾ ਤੇ ਪਰਵਾਰਕ ਮੈਂਬਰ ਮੌਜੂਦ ਸਨ। ਪ੍ਰਵਾਰ ਨੇ ਇਸ ਫ਼ੈਸਲੇ ’ਤੇ ਨਾਰਾਜ਼ਗੀ ਪ੍ਰਗਟ ਕੀਤੀ ਹੈ।
ਸੁਣਵਾਈ ਦੌਰਾਨ ਜਗਜੀਤ ਕੌਰ ਦੇ ਮਾਪਿਆਂ ਦੇ ਵਕੀਲ ਖਲੀਲ ਤਾਹਿਰ ਸਿੰਧੂ ਨੇ ਕਿਹਾ ਕਿ ਸਕੂਲ ਦਾ ਸਰਟੀਫ਼ੀਕੇਟ ਹੀ ਇਹ ਦੱਸਣ ਲਈ ਕਾਫ਼ੀ ਹੈ ਕਿ ਕੁੜੀ ਨਾਬਾਲਗ਼ ਹੈ।
Chaudhry Muhammad Sarwar
ਸਿੰਧੂ ਨੇ ਕੌਮੀ ਡਾਟਾਬੇਸ ਤੇ ਰਜਿਸਟ੍ਰੇਸ਼ਨ ਅਥਾਰਟੀ (ਨਾਦਰਾ) ਵਲੋਂ ਸਿੱਖ ਕੁੜੀ ਬਾਰੇ ਪੇਸ਼ ਕੀਤੇ ਰੀਕਾਰਡ ਨੂੰ ਗ਼ਲਤ ਦਸਿਆ। ਸਿੰਧੂ ਨੇ ਇਹ ਵੀ ਕਿਹਾ ਕਿ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਵਲੋਂ ਦੋਵਾਂ ਧਿਰਾਂ ਵਿਚ ਕਰਵਾਏ ਸਮਝੌਤੇ ਮੁਤਾਬਕ ਕੁੜੀ ਨੂੰ ਮਾਪਿਆਂ ਨੂੰ ਸੌਂਪਿਆ ਜਾਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇਸ ਫ਼ੈਸਲੇ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੇਗੀ।
Jagjit Kaur with Brother
ਹਸਨ ਵਲੋਂ ਪੇਸ਼ ਵਕੀਲ ਸੁਲਤਾਨ ਸ਼ੇਖ ਨੇ ਅਦਾਲਤ ਨੂੰ ਦਸਿਆ ਕਿ ਨਾਦਰਾ ਵਲੋਂ ਪੇਸ਼ ਕੀਤੇ ਰੀਕਾਰਡ ਮੁਤਾਬਕ ਕੁੜੀ ਦੀ ਉਮਰ 19 ਸਾਲ ਹੈ। ਇਸ ਤੋਂ ਇਲਾਵਾ ਅਦਾਲਤ ਵਲੋਂ ਬਣਾਏ ਮੈਡੀਕਲ ਬੋਰਡ ਨੇ ਵੀ ਕੁੜੀ ਨੂੰ ਬਾਲਗ਼ ਦਸਿਆ ਹੈ। ਜੱਜ ਨੇ ਨਾਦਰਾ ਦੇ ਦਸਤਾਵੇਜ਼ ਨੂੰ ਸਹੀ ਮੰਨਦਿਆਂ ਅਪਣਾ ਫ਼ੈਸਲਾ ਸੁਣਾ ਦਿਤਾ।