
California News: ਉਨ੍ਹਾਂ ਨੂੰ ਹੁਣ ਤਕ ਧਮਕੀ ਭਰੇ 100 ਤੋਂ ਵਧ ਟੈਕਸਟ ਸੁਨੇਹੇ ਆ ਚੁਕੇ ਹਨ
California News: ਕੈਲੀਫ਼ੋਰਨੀਆ ਦੀ ਪਹਿਲੀ ਸਿੱਖ ਵਿਧਾਇਕਾ ਡਾ. ਜਸਮੀਤ ਕੌਰ ਬੈਂਸ ਨੂੰ ਲਗਾਤਾਰ ਧਮਕੀਆਂ ਮਿਲ ਰਹੀਆਂ ਹਨ ਤੇ ਜਿਨ੍ਹਾਂ ਕਰ ਕੇ ਉਹ ਡਾਢੇ ਪਰੇਸ਼ਾਨ ਹਨ। ਇੱਕ ਨਿਊਜ਼ ਏਜੰਸੀ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ 1984 ਦੌਰਾਨ ਭਾਰਤ ’ਚ ਹਜ਼ਾਰਾਂ ਸਿੱਖਾਂ ਦੀ ਨਸਲਕੁਸ਼ੀ ਵਿਰੁਧ ਪਿਛਲੇ ਵਰ੍ਹੇ ਉਨ੍ਹਾਂ ਕੈਲੀਫ਼ੋਰਨੀਆ ਵਿਧਾਨ ਸਭਾ ’ਚ ਇਕ ਮਤਾ ਪੇਸ਼ ਕੀਤਾ ਸੀ, ਜੋ ਪਾਸ ਵੀ ਹੋ ਗਿਆ ਸੀ। ਉਸ ਤੋਂ ਬਾਅਦ ਭਾਰਤੀ ਮੂਲ ਦੇ ਚਾਰ ਵਿਅਕਤੀਆਂ ਨੇ ਉਨ੍ਹਾਂ ਨੂੰ ਉਨ੍ਹ੍ਹਾਂ ਦੇ ਦਫ਼ਤਰ ’ਚ ਆ ਕੇ ਨਤੀਜੇ ਭੁਗਤਣ ਲਈ ਤਿਆਰ ਰਹਿਣ ਦੀ ਧਮਕੀ ਦਿਤੀ ਸੀ।
ਉਸ ਤੋਂ ਬਾਅਦ ਉਨ੍ਹਾਂ ਨੂੰ ਹੁਣ ਤਕ ਧਮਕੀ ਭਰੇ 100 ਤੋਂ ਵਧ ਟੈਕਸਟ ਸੁਨੇਹੇ ਆ ਚੁਕੇ ਹਨ। ਡਾ. ਜਸਮੀਤ ਕੌਰ ਬੈਂਸ ਨੇ ਇਸ ਬਾਰੇ ਵਿਸਥਾਰਪੂਰਬਕ ਜਾਣਕਾਰੀ ਦਿੰਦਿਆਂ ਦਸਿਆ ਕਿ ਇਕ ਵਾਰ ਉਨ੍ਹਾਂ ਨੇ ਪਾਰਕਿੰਗ ’ਚ ਖੜ੍ਹੇ ਇਕ ਟਰੱਕ ਵਿਚ ਬੈਠੇ ਇਕ ਵਿਅਕਤੀ ਨੂੰ ਉਨ੍ਹਾਂ ਦੀ ਬੇਕਰਜ਼ਫ਼ੀਲਡ ਸਥਿਤ ਰਿਹਾਇਸ਼ਗਾਹ ਦੀਆਂ ਤਸਵੀਰਾਂ ਲੈਂਦਿਆਂ ਵੇਖਿਆ ਸੀ। ਇਸ ਤੋਂ ਇਲਾਵਾ ਉਨ੍ਹਾਂ ਦੇ ਘਰ ਦੇ ਬਾਹਰ ਡਾਕ ਲਈ ਲਗੇ ਡੱਬੇ ਦਾ ਜਿੰਦਰਾ ਤਾਂ ਕਈ ਵਾਰ ਟੁਟਿਆ ਮਿਲਿਆ ਹੈ।