
Italy News: ਪਾਣੀ ’ਚ ਡੁੱਬ ਰਹੇ ਜਰਮਨੀ ਮੂਲ ਦੇ ਬੱਚੇ ਨੂੰ ਬਚਾਉਂਦਿਆਂ ਗਵਾਈ ਜਾਨ
Italy News: ਵਿਦੇਸ਼ਾ ਵਿੱਚ ਭਾਰਤੀਆਂ ਦੀਆ ਹਾਦਸੇ ਦੌਰਾਨ ਮੌਤ ਹੋ ਜਾਣ ਦੀਆ ਖਬਰਾਂ ਸਾਹਮਣੇ ਆਉਂਦੀਆ ਹਨ। ਇਸੇ ਤਰਾਂ ਦਾ ਘਟਨਾ ਵਿੱਚ ਇਟਲੀ ਵੱਸਦੇ ਹਰਿਆਣਾ ਦੇ ਨੌਜਵਾਨ ਤਰਨਦੀਪ ਸਿੰਘ ਦੀ ਜਾਨ ਚਲੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਿਕ ਨੌਜਵਾਨ ਤਰਨਦੀਪ ਜੋ ਕਿ ਆਪਣੇ ਦੋਸਤਾਂ ਨਾਲ ਰੀਵਾ ਦੇਲ ਗਾਰਦਾ ਵਿਖੇ ਘੁੰਮਣ ਗਿਆ ਸੀ, ਉੱਥੇ ਪਾਣੀ ਵਿੱਚ ਡੁੱਬ ਰਹੇ ਜਰਮਨੀ ਮੂਲ ਦੇ ਬੱਚੇ ਨੂੰ ਬਚਾਉਂਦਿਆ ਹਾਦਸੇ ਵਿੱਚ ਆਪਣੀ ਜਾਨ ਗੁਆ ਬੈਠਾ। ਉਸ ਦੇ ਸਾਥੀ ਨੌਜਵਾਨ ਹਰਮਨ ਨੇ ਭਰੇ ਮਨ ਨਾਲ ਜਾਣਕਾਰੀ ਦਿੰਦਿਆ ਦੱਸਿਆ ਕਿ ਸੋਮਵਾਰ ਨੂੰ ਪੰਜ ਦੋਸਤ ਰੀਵਾ ਦੇਲ ਗਾਰਦਾ ਝੀਲ ’ਤੇ ਘੁੰਮਣ ਗਏ ਸਨ। ਸ਼ਾਮ ਨੂੰ ਤਕਰੀਬਨ 5 ਵਜੇ ਇੱਕ ਜਰਮਨੀ ਮੂਲ ਦੇ ਬੱਚੇ ਨੂੰ ਡੁੱਬਣ ਤੋਂ ਬਚਾਉਣ ਲਈ ਝੀਲ ਵਿੱਚ ਗਿਆ।
ਬੱਚੇ ਨੂੰ ਬਚਾਉਂਦਿਆ ਆਪ ਝੀਲ ਵਿੱਚ ਡੁੱਬ ਗਿਆ। ਮੌਕੇ ’ਤੇ ਪਹੁੰਚੀ ਪ੍ਰਸ਼ਾਸ਼ਨ ਦੀ ਟੀਮ ਨੇ ਤਰਨਦੀਪ ਸਿੰਘ ਨੂੰ ਬਾਹਰ ਕੱਢਿਆ, ਜਿੱਥੇ ਉਹ ਮ੍ਰਿਤਕ ਪਾਇਆ ਗਿਆ। ਇਹ ਵੀ ਜਾਣਕਾਰੀ ਮਿਲੀ ਕਿ ਤਰਨਦੀਪ ਜਿਸ ਬੱਚੇ ਨੂੰ ਬਚਾਉਣ ਲਈ ਝੀਲ਼ ਵਿੱਚ ਗਿਆ ਸੀ, ਉਸ ਨੂੰ ਪਹਿਲਾ ਬਚਾਅ ਲਿਆ ਗਿਆ ਸੀ।
ਜਾਣਕਾਰੀ ਅਨੁਸਾਰ ਤਰਨਦੀਪ ਸਿੰਘ (26) ਚੀਗੋਲੇ ਰਹਿੰਦਾ ਸੀ ਅਤੇ ਯਮੁਨਾਨਗਰ (ਹਰਿਆਣਾ) ਨਾਲ ਸੰਬੰਧਿਤ ਹੈ। 3 ਸਾਲ ਦੇ ਕਰੀਬ ਹੀ ਭਾਰਤ ਤੋਂ ਇਟਲੀ ਪਹੁੰਚਿਆ ਸੀ ਅਤੇ ਫੈਕਟਰੀ ਵਿੱਚ ਕੰਮ ਕਰਦਾ ਸੀ। ਉਸਦੇ ਨਾਲ ਕੰਮ ਕਰਦੇ ਸਾਥੀ ਸਤਨਾਮ ਸਿੰਘ ਨੇ ਦੱਸਿਆ ਕਿ ਤਰਨਦੀਪ ਦੀ ਮ੍ਰਿਤਕ ਦੇਹ ਨੂੰ ਭਾਰਤ ਭੇਜਿਆ ਜਾਵੇਗਾ।