
Canada News:ਅੰਕੜਿਆਂ ਮੁਤਾਬਕ ਬੇਰੁਜ਼ਗਾਰੀ ਦਰ 6.9 ਫ਼ੀ ਸਦੀ ਦੇ ਪੱਧਰ ’ਤੇ ਸਥਿਰ ਰਹੀ ਪਰ ਮੌਜੂਦਾ ਹਾਲਾਤ ਦੇ ਮੱਦੇਨਜ਼ਰ 7 ਫ਼ੀ ਸਦੀ ਦਾ ਅੰਕੜਾ ਪਾਰ ਕਰਦਿਆਂ ਦੇਰ ਨਹੀਂ ਲੱਗਣੀ
Canadian economy suffers setback, 40,000 jobs lost: ਕੈਨੇਡਾ ਦੀ ਅਰਥਵਿਵਸਥਾ ਵਿਚ ਭਾਰੀ ਗਿਰਾਵਟ ਦਰਜ ਕੀਤੀ ਗਈ। ਕੈਨੇਡਾ ਦੇ ਰੁਜ਼ਗਾਰ ਖੇਤਰ ਨੂੰ ਵੱਡਾ ਝਟਕਾ ਲੱਗਾ ਜਦੋਂ ਜੁਲਾਈ ਮਹੀਨੇ ਦੌਰਾਨ 40 ਹਜ਼ਾਰ ਤੋਂ ਵੱਧ ਨੌਕਰੀਆਂ ਖ਼ਤਮ ਹੋ ਗਈਆਂ ਅਤੇ ਕੰਮ ਕਰ ਰਹੇ ਲੋਕਾਂ ਦੀ ਗਿਣਤੀ ਅੱਠ ਮਹੀਨੇ ਦੇ ਹੇਠਲੇ ਪੱਧਰ ’ਤੇ ਪੁੱਜ ਗਈ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਬੇਰੁਜ਼ਗਾਰੀ ਦਰ 6.9 ਫ਼ੀ ਸਦੀ ਦੇ ਪੱਧਰ ’ਤੇ ਸਥਿਰ ਰਹੀ ਪਰ ਮੌਜੂਦਾ ਹਾਲਾਤ ਦੇ ਮੱਦੇਨਜ਼ਰ 7 ਫ਼ੀ ਸਦੀ ਦਾ ਅੰਕੜਾ ਪਾਰ ਕਰਦਿਆਂ ਦੇਰ ਨਹੀਂ ਲੱਗਣੀ।
ਬੈਂਕ ਆਫ਼ ਮੌਂਟਰੀਅਲ ਦੇ ਚੀਫ਼ ਇਕੌਨੋਮਿਸਟ ਡਗਲਸ ਪੋਰਟਰ ਦਾ ਕਹਿਣਾ ਸੀ ਕਿ ਰੁਜ਼ਗਾਰ ਖੇਤਰ ਦੇ ਕਮਜ਼ੋਰ ਅੰਕੜੇ ਅਰਥਚਾਰੇ ਵਿਚ ਨਰਮੀ ਦੇ ਸੰਕੇਤ ਦੇ ਰਹੇ ਹਨ। ਨੌਕਰੀਆਂ ਦਾ ਸੱਭ ਤੋਂ ਵੱਧ ਨੁਕਸਾਨ ਇਨਫ਼ਾਰਮੇਸ਼ਨ, ਕਲਚਰ ਅਤੇ ਰੀਕ੍ਰੀਏਸ਼ਨ ਇੰਡਸਟਰੀ ਵਿਚ ਹੋਇਆ ਜਿਥੇ ਰੁਜ਼ਗਾਰ ਦੇ 29 ਹਜ਼ਾਰ ਮੌਕੇ ਖ਼ਤਮ ਹੋ ਗਏ ਜਦਕਿ ਕੰਸਟਰਕਸ਼ਨ ਸੈਕਟਰ ਨੂੰ ਵੀ 22 ਹਜ਼ਾਰ ਨੌਕਰੀਆਂ ਦਾ ਨੁਕਸਾਨ ਬਰਦਾਸ਼ਤ ਕਰਨਾ ਪਿਆ। ਦੂਜੇ ਪਾਸੇ ਟਰਾਂਸਪੋਰਟੇਸ਼ਨ ਅਤੇ ਵੇਅਰਹਾਊਸਿੰਗ ਵਰਗੇ ਖੇਤਰਾਂ ਵਿਚ 26 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ।
ਰਾਜਾਂ ਦੇ ਹਿਸਾਬ ਨਾਲ ਦੇਖਿਆ ਜਾਵੇ ਤਾਂ ਬੀ.ਸੀ. ਨੂੰ ਜੂਨ ਦੇ ਮੁਕਾਬਲੇ ਜੁਲਾਈ ਦੌਰਾਨ ਵਧੇਰੇ ਨੁਕਸਾਨ ਹੋਇਆ। ਸੂਬੇ ਦੇ ਕਿਰਤ ਅਤੇ ਆਰਥਿਕ ਵਿਕਾਸ ਮੰਤਰੀ ਨੇ ਕਿਹਾ ਕਿ ਗੁਆਂਢੀ ਮੁਲਕ ਦੇ ਰਾਸ਼ਟਰਪਤੀ ਵਲੋਂ ਐਲਾਨੇ ਟੈਰਿਫ਼ ਕਰ ਕੇ ਹਾਲਾਤ ਪਹਿਲਾਂ ਵਰਗੇ ਨਹੀਂ ਹੋ ਰਹੇ। ਬੀ.ਸੀ. ਵਿਚ ਬੇਰੁਜ਼ਗਾਰੀ ਦਰ 5.9 ਫ਼ੀ ਸਦੀ ਦਰਜ ਕੀਤੀ ਗਈ ਜੋ ਕੌਮੀ ਔਸਤ ਤੋਂ ਘੱਟ ਬਣਦੀ ਹੈ। ਉਧਰ ਐਲਬਰਟਾ ਵਿਚ ਜੁਲਾਈ ਮਹੀਨੇ ਦੌਰਾਨ 17 ਹਜ਼ਾਰ ਨੌਕਰੀਆਂ ਖ਼ਤਮ ਹੋਈਆਂ ਅਤੇ ਸੂਬੇ ਦੇ ਕੰਸਟਰਕਸ਼ਨ ਸੈਕਟਰ ਵਿਚੋਂ ਰੁਜ਼ਗਾਰ ਦੇ 20 ਹਜ਼ਾਰ ਤੋਂ ਵੱਧ ਮੌਕੇ ਖ਼ਤਮ ਹੋ ਗਏ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਮੁਲਕ ਦੇ ਰੁਜ਼ਗਾਰ ਅੰਕੜਿਆਂ ’ਤੇ ਟਿੱਪਣੀ ਕਰਦਿਆਂ ਸਟੀਲ, ਲੰਬਰ ਅਤੇ ਆਟੋ ਸੈਕਟਰ ਦੀ ਸਹਾਇਤਾ ਲਈ ਚੁੱਕੇ ਜਾ ਰਹੇ ਕਦਮਾਂ ਦਾ ਜ਼ਿਕਰ ਕੀਤਾ। ਜ਼ਿਕਰਯੋਗ ਹੈ ਕਿ ਨੌਕਰੀਆਂ ਦੇ ਨੁਕਸਾਨ ਦਾ ਸੱਭ ਤੋਂ ਵੱਡਾ ਕਾਰਨ 15 ਸਾਲ ਤੋਂ 24 ਸਾਲ ਉਮਰ ਵਾਲਿਆਂ ਵਿਚ ਰੁਜ਼ਗਾਰ ਦਾ ਪੱਧਰ ਘਟਣਾ ਦਸਿਆ ਜਾ ਰਿਹਾ ਹੈ ਅਤੇ 1998 ਤੋਂ ਬਾਅਦ ਪਹਿਲੀ ਵਾਰ ਇਸ ਉਮਰ ਵਰਗ ਦੇ 53.6 ਫ਼ੀ ਸਦੀ ਕਿਰਤੀ ਹੀ ਕੰਮ ਕਰ ਰਹੇ ਹਨ। ਕੈਨੇਡਾ ਵਿਚ ਜੂਨ ਮਹੀਨੇ ਦੌਰਾਨ 83 ਹਜ਼ਾਰ ਨਵੀਆਂ ਨੌਕਰੀਆਂ ਪੈਦਾ ਹੋਈਆਂ ਅਤੇ ਰੁਜ਼ਗਾਰ ਦੇ ਸਭ ਤੋਂ ਵੱਧ ਮੌਕੇ ਹੋਲਸੇਲ ਤੇ ਰਿਟੇਲ ਸੈਕਟਰ ਵਿਚ ਸਾਹਮਣੇ ਆਏ ਜਦਕਿ ਹੈਲਥ ਕੇਅਰ ਅਤੇ ਸੋਸ਼ਲ ਅਸਿਸਟੈਂਟਸ ਵਾਲੇ ਖੇਤਰਾਂ ਵਿਚ ਵੀ ਜ਼ਿਕਰਯੋਗ ਵਾਧਾ ਹੋਇਆ। ਜੂਲ ਦੌਰਾਨ 16 ਲੱਖ ਕਿਰਤੀ ਬੇਰੁਜ਼ਗਾਰ ਮੰਨੇ ਗਏ ਅਤੇ ਵਿਦਿਆਰਥੀਆਂ ਵਿਚ ਬੇਰੁਜ਼ਗਾਰੀ ਦੀ ਦਰ 17.4 ਫ਼ੀ ਸਦੀ ਦਰਜ ਕੀਤੀ ਗਈ। (ਏਜੰਸੀ)