
ਨੌਕਰੀ ਦਿਵਾਉਣ ਦੇ ਬਹਾਨੇ ਇਕ ਰੁਜ਼ਗਾਰ ਏਜੰਟ ਨੇ ਭੇਜਿਆ ਸੀ ਰੂਸ
ਹੈਦਰਾਬਾਦ: ਰੂਸ-ਯੂਕਰੇਨ ਜੰਗ ਦੌਰਾਨ ਰੂਸੀ ਫੌਜ ’ਚ ‘ਸਪੋਰਟ ਸਟਾਫ’ ਦੇ ਤੌਰ ’ਤੇ ਕੰਮ ਕਰ ਰਿਹਾ ਤੇਲੰਗਾਨਾ ਦਾ ਇਕ ਨੌਜੁਆਨ ਸਨਿਚਰਵਾਰ ਨੂੰ ਭਾਰਤ ਪਰਤ ਆਇਆ। ਉਸ ਨੂੰ ਨੌਕਰੀ ਦਿਵਾਉਣ ਦੇ ਬਹਾਨੇ ਇਕ ਰੁਜ਼ਗਾਰ ਏਜੰਟ ਨੇ ਰੂਸ ਭੇਜਿਆ ਸੀ।
ਨਾਰਾਇਣਪੇਟ ਜ਼ਿਲ੍ਹੇ ਦਾ ਰਹਿਣ ਵਾਲਾ 22 ਸਾਲ ਦਾ ਸੂਫੀਆਨ ਪਿਛਲੇ ਸਾਲ ਨਵੰਬਰ ’ਚ ਯੂਕਰੇਨ ਵਿਰੁਧ ਜੰਗ ’ਚ ਰੂਸੀ ਫੌਜ ਦੀ ਮਦਦ ਲਈ ਰੂਸ ਗਿਆ ਸੀ। ਹੁਣ ਉਸ ਦੇ ਘਰ ਪਰਤਣ ਨਾਲ ਉਨ੍ਹਾਂ ਦੇ ਪਰਵਾਰ ਦਾ ਦਰਦਨਾਕ ਇੰਤਜ਼ਾਰ ਖਤਮ ਹੋ ਗਿਆ ਹੈ।
ਸੂਫ਼ੀਆਨ ਨੇ ਕਿਹਾ, ‘‘ਮੈਨੂੰ ਸੁਰੱਖਿਆ ਨਾਲ ਸਬੰਧਤ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ, ਪਰ ਮੈਨੂੰ ਇਹ ਨਹੀਂ ਦਸਿਆ ਗਿਆ ਕਿ ਮੈਨੂੰ ਜੰਗ ’ਚ ਫ਼ੌਜੀਆਂ ਦੀ ਮਦਦ ਕਰਨੀ ਪਵੇਗੀ।’’ ਉਸ ਨੂੰ ਦਸਿਆ ਗਿਆ ਕਿ ਉਸ ਨੂੰ ਤਿੰਨ ਮਹੀਨਿਆਂ ਦੀ ਸਿਖਲਾਈ ਲੈਣੀ ਪਵੇਗੀ ਜਿਸ ਤੋਂ ਬਾਅਦ ਉਸ ਦੀ ਤਨਖਾਹ ’ਚ ਵਾਧਾ ਕੀਤਾ ਜਾਵੇਗਾ।
ਇਸ ਸਾਲ ਜੁਲਾਈ ’ਚ ਸੂਫੀਆਨ ਦੇ ਭਰਾ ਸਲਮਾਨ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਰੂਸ ਯਾਤਰਾ ਤੋਂ ਬਾਅਦ ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਭਰਾ ਜਲਦੀ ਹੀ ਵਾਪਸ ਆ ਜਾਵੇਗਾ।
ਪ੍ਰਧਾਨ ਮੰਤਰੀ ਮੋਦੀ ਨੇ ਰੂਸ ਦੀ ਅਪਣੀ ਯਾਤਰਾ ਦੌਰਾਨ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਰੂਸੀ ਫੌਜ ’ਚ ਸਹਿਯੋਗੀ ਸਟਾਫ ਦੇ ਤੌਰ ’ਤੇ ਕੰਮ ਕਰ ਰਹੇ ਭਾਰਤੀ ਨਾਗਰਿਕਾਂ ਦੀ ਜਲਦੀ ਵਾਪਸੀ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ ਸੀ, ਜਿਸ ਤੋਂ ਬਾਅਦ ਉਹ ਇਸ ਮੰਗ ’ਤੇ ਸਹਿਮਤ ਹੋ ਗਏ ਸਨ।