
ਪਰਿਵਾਰਾਂ ਲਈ ਬਾਲ ਟੈਕਸ ਕ੍ਰੈਡਿਟ ਨੂੰ ਵਧਾ ਕੇ 6000 ਅਮਰੀਕੀ ਡਾਲਰ ਕਰਨਾ ਚਾਹੁੰਦੀ-ਕਮਲਾ ਹੈਰਿਸ
ਵਾਸ਼ਿੰਗਟਨ: ਡੈਮੋਕ੍ਰੇਟਿਕ ਪਾਰਟੀ ਦੀ ਰਾਸ਼ਟਰਪਤੀ ਅਹੁਦੇ ਦੀ ਉਮੀਦਵਾਰ ਕਮਲਾ ਹੈਰਿਸ ਨੇ ਸ਼ੁਕਰਵਾਰ ਨੂੰ ਕਿਹਾ ਕਿ ਉਹ ਮੌਜੂਦਾ ਰਾਸ਼ਟਰਪਤੀ ਜੋ ਬਾਈਡਨ ਤੋਂ ਵੱਖਰੇ ਹਨ ਕਿਉਂਕਿ ਉਹ ਨਵੀਂ ਪੀੜ੍ਹੀ ਦੀ ਨੁਮਾਇੰਦਗੀ ਕਰਦੇ ਹਨ।
ਦੇਸ਼ ’ਚ ਨਵੰਬਰ ਦੌਰਾਨ ਰਾਸ਼ਟਰਪਤੀ ਚੋਣਾਂ ਹੋਣੀਆਂ ਹਨ। ਚੋਣਾਂ ਦਾ ਇਕ ਮਹੱਤਵਪੂਰਨ ਹਿੱਸਾ ‘ਪ੍ਰੈਜ਼ੀਡੈਂਸ਼ੀਅਲ ਡੀਬੇਟ’ ਹੈ। ਇਹ ਬਹਿਸ ਬੁਧਵਾਰ ਨੂੰ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਡੋਨਾਲਡ ਟਰੰਪ ਅਤੇ ਕਮਲਾ ਹੈਰਿਸ ਵਿਚਾਲੇ ਹੋਈ, ਜਿਸ ’ਚ ਹੈਰਿਸ ਟਰੰਪ ’ਤੇ ਭਾਰੇ ਪੈਂਦੇ ਹੋਏ ਨਜ਼ਰ ਆਏ।
ਪਾਰਟੀ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਣਨ ਤੋਂ ਬਾਅਦ ਇਕ ਟੀ.ਵੀ. ਚੈਨਲ ਨੂੰ ਦਿਤੇ ਅਪਣੇ ਪਹਿਲੇ ਇੰਟਰਵਿਊ ਵਿਚ ਹੈਰਿਸ ਨੇ ਡੋਨਾਲਡ ਟਰੰਪ ਦੇ ਨਫ਼ਰਤ ਭਰੇ ਭਾਸ਼ਣ ਅਤੇ ਵੰਡਪਾਊ ਭਾਸ਼ਣ ਦੀ ਆਲੋਚਨਾ ਕਰਦੇ ਹੋਏ ਕਿਹਾ, ‘‘ਮੈਨੂੰ ਲਗਦਾ ਹੈ ਕਿ ਲੋਕ ਟਰੰਪ ਦੀ ਲੀਡਰਸ਼ਿਪ ਸ਼ੈਲੀ ਤੋਂ ਥੱਕ ਗਏ ਹਨ।’’
ਫਿਲਾਡੇਲਫੀਆ ਵਿਚ ਨਿਊਜ਼ ਚੈਨਲ ਡਬਲਯੂ.ਪੀ.ਵੀ.ਆਈ.-ਟੀ.ਵੀ. ਦੇ ਐਂਕਰ ਬ੍ਰਾਇਨ ਟੈਫ ਨੇ ਹੈਰਿਸ ਨੂੰ ਇਕ ਜਾਂ ਦੋ ਖੇਤਰਾਂ ਦੀ ਸੂਚੀ ਦੇਣ ਲਈ ਕਿਹਾ ਜਿੱਥੇ ਉਹ ਅਪਣੇ ਆਪ ਨੂੰ ਬਾਈਡਨ ਤੋਂ ਵੱਖਰਾ ਦੇਖਦੀ ਹੈ। ਹੈਰਿਸ ਨੇ ਕਿਹਾ, ‘‘ਮੈਂ ਜੋ ਬਾਈਡਨ ਨਹੀਂ ਹਾਂ ਅਤੇ ਮੈਂ ਨਵੀਂ ਪੀੜ੍ਹੀ ਦੀ ਨੁਮਾਇੰਦਗੀ ਕਰਦੀ ਹਾਂ।’’ ਉਨ੍ਹਾਂ ਕਿਹਾ ਕਿ ਜਿਹੜੀਆਂ ਚੀਜ਼ਾਂ ਨੂੰ ਕਦੇ ਹਲਕੇ ’ਚ ਲਿਆ ਜਾਂਦਾ ਸੀ, ਉਨ੍ਹਾਂ ਨੂੰ ਹੁਣ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ।
ਹੈਰਿਸ ਨੇ ਕਿਹਾ, ‘‘ਉਦਾਹਰਣ ਵਜੋਂ, ਮੇਰੇ ਕੋਲ ਇਕ ਯੋਜਨਾ ਹੈ ਜੋ ਇਕ ਨਵੀਂ ਪਹੁੰਚ ’ਤੇ ਅਧਾਰਤ ਹੈ। ਇਸ ਦੇ ਤਹਿਤ, ਮੈਂ ਪਰਿਵਾਰਾਂ ਲਈ ਬਾਲ ਟੈਕਸ ਕ੍ਰੈਡਿਟ ਨੂੰ ਵਧਾ ਕੇ 6000 ਅਮਰੀਕੀ ਡਾਲਰ ਕਰਨਾ ਚਾਹੁੰਦੀ ਹਾਂ ਜਦੋਂ ਤਕ ਕਿ ਉਨ੍ਹਾਂ ਦਾ ਬੱਚਾ ਇਕ ਸਾਲ ਦਾ ਨਹੀਂ ਹੋ ਜਾਂਦਾ ਕਿਉਂਕਿ ਇਹ ਸਾਲ ਬੱਚੇ ਦੇ ਵਿਕਾਸ ਲਈ ਬਹੁਤ ਮਹੱਤਵਪੂਰਨ ਹੈ ਅਤੇ ਇਸ ਲਈ ਮੇਰਾ ਦ੍ਰਿਸ਼ਟੀਕੋਣ ਮੌਜੂਦਾ ਸਮੇਂ ਨੂੰ ਧਿਆਨ ਵਿਚ ਰਖਦੇ ਹੋਏ ਨਵੇਂ ਵਿਚਾਰਾਂ ਅਤੇ ਨਵੀਆਂ ਨੀਤੀਆਂ ਬਾਰੇ ਹੈ।’’
ਉਨ੍ਹਾਂ ਕਿਹਾ, ‘‘ਸੱਚ ਕਹਾਂ ਤਾਂ ਮੇਰਾ ਧਿਆਨ ਇਸ ਗੱਲ ’ਤੇ ਹੈ ਕਿ ਸਾਨੂੰ 21ਵੀਂ ਸਦੀ ਦੇ ਨਾਲ ਤਾਲਮੇਲ ਬਣਾਈ ਰੱਖਣ ਲਈ ਅਗਲੇ 10-20 ਸਾਲਾਂ ’ਚ ਕੀ ਕਰਨਾ ਹੈ, ਜਿਸ ’ਚ ਸਾਡੀਆਂ ਸਮਰੱਥਾਵਾਂ ਅਤੇ ਚੁਨੌਤੀਆਂ ਨੂੰ ਹੋਰ ਵਧਾਉਣਾ ਸ਼ਾਮਲ ਹੈ।’’