
ਤਿੰਨੋ ਸਿੱਖ ਨੌਜਵਾਨ ਪਹਿਲਾਂ ਸਤੰਬਰ ਵਿੱਚ ਡੀਸੀ ਸਰਕਟ ਲਈ ਯੂਐਸ ਕੋਰਟ ਆਫ਼ ਅਪੀਲਜ਼ ਵਿੱਚ ਅਪੀਲ ਕਰ ਚੁੱਕੇ ਹਨ,
ਨਿਊਯਾਰਕ - ਅਮਰੀਕਨ ਨੇਵੀ, ਯੂਐਸ ਮਰੀਨ ਕੋਰਪਸ ਵਿੱਚ ਭਰਤੀ ਹੋਣ ਲਈ ਜੁਟੇ ਤਿੰਨ ਸਿੱਖ ਰੰਗਰੂਟਾਂ ਨੇ, ਡਿਸਟ੍ਰਿਕਟ ਆਫ਼ ਕੋਲੰਬੀਆ ਦੀ ਫ਼ੈਡਰਲ ਅਦਾਲਤ ਵਿੱਚ ਕੋਰਪਸ ਦੇ ਸਿਰ ਦੇ ਵਾਲ ਅਤੇ ਦਾੜ੍ਹੀ ਕਟਵਾਉਣ ਦੇ ਬੂਟ ਕੈਂਪ ਨਿਯਮ ਤੋਂ ਤੁਰੰਤ ਛੋਟ ਪ੍ਰਾਪਤ ਕਰਨ ਲਈ ਐਮਰਜੈਂਸੀ ਅਪੀਲ ਕੀਤੀ। ਇਨ੍ਹਾਂ ਤਿੰਨੋ ਸਿੱਖ ਦਾਅਵੇਦਾਰਾਂ ਦੇ ਨਾਂਅ ਤਿੰਨ ਆਕਾਸ਼ ਸਿੰਘ, ਮਿਲਾਪ ਸਿੰਘ ਚਾਹਲ ਅਤੇ ਜਸਕੀਰਤ ਸਿੰਘ ਦੱਸੇ ਗਏ ਹਨ, ਜਿਹੜੇ ਬਿਨਾਂ ਆਪਣੀ ਦਾੜ੍ਹੀ ਕਟਵਾਏ ਅਤੇ ਦਸਤਾਰਾਂ ਨੂੰ ਬਿਨਾਂ ਤਿਆਗੇ ਮਰੀਨ ਕੋਰਪਸ ਦੀ ਮੁਢਲੀ ਸਿਖਲਾਈ ਹਾਸਲ ਕਰਨਾ ਚਾਹੁੰਦੇ ਹਨ।
ਤਿੰਨ ਜੱਜਾਂ ਦੇ ਪੈਨਲ ਨੇ ਸ਼ੰਕਾ ਜ਼ਾਹਿਰ ਕੀਤੀ ਕਿ ਮਰੀਨ ਕੋਰਪਸ ਕੋਲ ਆਪਣੇ ਮਾਪਦੰਡਾਂ ਵਿੱਚ ਧਾਰਮਿਕ ਤੌਰ 'ਤੇ ਕੋਈ ਛੋਟ ਦੇਣ ਤੋਂ ਇਨਕਾਰ ਕਰਨ ਦਾ ਇੱਕ ਚੰਗਾ ਕਾਰਨ ਸੀ, ਅਤੇ ਸਵਾਲ ਕੀਤਾ ਕਿ ਦਾਅਵੇਦਾਰਾਂ ਨੂੰ ਹੰਗਾਮੀ ਭਾਵ ਐਮਰਜੈਂਸੀ ਰਾਹਤ ਦੀ ਲੋੜ ਕਿਉਂ ਸੀ? ਜੱਜਾਂ ਵੱਲੋਂ ਇਸ ਮਾਮਲੇ 'ਤੇ ਕੋਈ ਫ਼ੈਸਲਾ ਨਹੀਂ ਦਿੱਤਾ ਗਿਆ ਸੀ।
ਤਿੰਨੋ ਸਿੱਖ ਨੌਜਵਾਨ ਪਹਿਲਾਂ ਸਤੰਬਰ ਵਿੱਚ ਡੀਸੀ ਸਰਕਟ ਲਈ ਯੂਐਸ ਕੋਰਟ ਆਫ਼ ਅਪੀਲਜ਼ ਵਿੱਚ ਅਪੀਲ ਕਰ ਚੁੱਕੇ ਹਨ, ਜਦੋਂ ਇੱਕ ਹੇਠਲੀ-ਅਦਾਲਤ ਦੇ ਜੱਜ ਨੇ ਉਨ੍ਹਾਂ ਦੀ ਸ਼ੁਰੂਆਤੀ ਹੁਕਮ ਜਾਰੀ ਕਰਨ ਦੀ ਬੇਨਤੀ ਖਾਰਜ ਕਰ ਦਿੱਤੀ ਸੀ। ਜੇਕਰ ਅਜਿਹਾ ਹੋ ਜਾਂਦਾ ਤਾਂ ਸਿੱਖ ਨੌਜਵਾਨਾਂ ਨੂੰ ਆਪਣੇ ਧਾਰਮਿਕ ਚਿੰਨ੍ਹਾਂ ਸਮੇਤ ਬੂਟ ਕੈਂਪ ਵਿੱਚ ਦਾਖਲ ਹੋਣ ਦੀ ਇਜਾਜ਼ਤ ਮਿਲ ਸਕਦੀ ਸੀ।
ਮਰੀਨ ਕੋਰਪਸ ਵੱਲੋਂ ਇਨ੍ਹਾਂ ਬੇਨਤੀਆਂ ਤੋਂ ਇਨਕਾਰ ਕਰ ਦਿੱਤੇ ਜਾਣ ਕਰਕੇ ਤਿੰਨੋ ਨੌਜਵਾਨ ਕਈ ਸਾਲਾਂ ਤੋਂ ਪੂਲੀਜ਼ ਬਣੇ ਹੋਏ ਹਨ। ਪੂਲੀ ਇੱਕ ਅਜਿਹੇ ਵਿਅਕਤੀ ਨੂੰ ਕਿਹਾ ਜਾਂਦਾ ਹੈ ਜੋ ਇੱਕ ਮਰੀਨ ਬਣਨ ਲਈ ਸਾਈਨ ਅੱਪ ਤਾਂ ਕਰ ਚੁੱਕਾ ਹੋਵੇ, ਪਰ ਹਾਲੇ ਤੱਕ ਭਰਤੀ ਹੋਣ ਦੀ ਮੁਢਲੀ ਸਿਖਲਾਈ ਵਾਸਤੇ ਬੂਟ ਕੈਂਪ ਵਿੱਚ ਨਾ ਗਿਆ ਹੋਵੇ।
ਸੀਨੀਅਰ ਸਟਾਫ ਅਟਾਰਨੀ, ਗਿਜ਼ੇਲ ਕਲੈਪਰ ਨੇ ਕਿਹਾ, "ਸਾਡਾ ਮੰਨਣਾ ਹੈ ਕਿ ਮਰੀਨ ਕੋਰਪਸ ਅਮਰੀਕਨ ਕਨੂੰਨ 'ਚ ਦਰਜ ਅਤੇ ਸਾਡੀਆਂ ਹਥਿਆਰਬੰਦ ਸੈਨਾਵਾਂ ਦੀਆਂ ਹੋਰ ਸ਼ਾਖਾਵਾਂ ਵੱਲੋਂ ਮਾਨਤਾ ਪ੍ਰਾਪਤ ਬੁਨਿਆਦੀ ਅਧਿਕਾਰਾਂ ਤੋਂ ਇਨਕਾਰ ਕਰਕੇ, ਸਾਡੇ ਮੁਵੱਕਿਲ ਅਤੇ ਖ਼ੁਦ ਆਪਣਾ, ਦੋਵਾਂ ਦਾ ਨੁਕਸਾਨ ਕਰ ਰਹੀ ਹੈ।"
ਵਿਨਸਟਨ ਐਂਡ ਸਟ੍ਰਾਨ ਐੱਲਐੱਲਪੀ ਦੇ ਭਾਈਵਾਲ ਅਮਨਦੀਪ ਸਿੰਘ ਸਿੱਧੂ ਨੇ ਕਿਹਾ, "ਅਨੇਕਾਂ ਵਾਰੀ, ਅਮਰੀਕੀ ਫ਼ੌਜ ਤੇ ਹਵਾਈ ਸੈਨਾ ਸਮੇਤ, ਦੁਨੀਆ ਭਰ ਦੇ ਫ਼ੌਜੀ ਬਲਾਂ 'ਚ ਸੇਵਾਵਾਂ ਨਿਭਾ ਰਹੇ ਸਿੱਖਾਂ ਨੇ ਇਹ ਸਾਬਤ ਕੀਤਾ ਹੈ ਕਿ ਉਨ੍ਹਾਂ ਦੇ ਧਾਰਮਿਕ ਚਿੰਨ੍ਹ ਅਤੇ ਅਕੀਦੇ ਫ਼ੌਜ ਜਾਂ ਹਥਿਆਰਬੰਦ ਸੈਨਾਵਾਂ 'ਚ ਸੇਵਾ ਨਿਭਾਉਣ ਲਈ ਕਿਸੇ ਕਿਸਮ ਦੀ ਰੁਕਾਵਟ ਨਹੀਂ ਬਣਦੇ।"