
'ਮੰਤਰੀ ਅਮਰੀਕਾ ਦੇ ਚਾਰ ਦਿਨਾਂ ਦੇ ਦੌਰੇ ’ਤੇ ਹਨ'
New Delhi: ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਕੈਲੀਫੋਰਨੀਆ ਦੇ ਫਰੀਮਾਂਟ ਵਿਚ ਅਮਰੀਕੀ ਇਲੈਕਟ੍ਰਿਕ ਵਹੀਕਲ ਕੰਪਨੀ ਟੈਸਲਾ ਦੀ ਨਿਰਮਾਣ ਇਕਾਈ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਕੰਪਨੀ ਭਾਰਤ ਤੋਂ ਗੱਡੀਆਂ ਦੇ ਪੁਰਜ਼ਿਆਂ ਦੀ ਦਰਾਮਦ ਦੁਗਣੀ ਕਰੇਗੀ। ਮੰਤਰੀ ਅਮਰੀਕਾ ਦੇ ਚਾਰ ਦਿਨਾਂ ਦੌਰੇ ’ਤੇ ਹਨ।
ਦੁਨੀਆਂ ਦੀ ਸਭ ਤੋਂ ਵੱਡੀ ਇਲੈਕਟ੍ਰਿਕ ਕਾਰ ਨਿਰਮਾਤਾ ਕੰਪਨੀ ਟੈਸਲਾ ਇੰਕ. ਦੇ ਮੁਖੀ ਐਲੋਨ ਮਸਕ ਨੇ ਜੂਨ ’ਚ ਨਿਊਯਾਰਕ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕੀਤੀ। ਮੁਲਾਕਾਤ ਤੋਂ ਬਾਅਦ ਮਸਕ ਨੇ ਕਿਹਾ ਸੀ ਕਿ ਉਹ 2024 ’ਚ ਭਾਰਤ ਆਉਣ ਦੀ ਯੋਜਨਾ ਬਣਾ ਰਹੇ ਹਨ। ਗੋਇਲ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਲਿਖਿਆ, ‘‘ਕੈਲੀਫੋਰਨੀਆ ਦੇ ਫਰੀਮਾਂਟ ’ਚ ਟੈਸਲਾ ਦੀ ਅਤਿ-ਆਧੁਨਿਕ ਨਿਰਮਾਣ ਸਹੂਲਤ ਦਾ ਦੌਰਾ ਕੀਤਾ। ਸੀਨੀਅਰ ਅਹੁਦਿਆਂ ’ਤੇ ਕੰਮ ਕਰਦੇ ਪ੍ਰਤਿਭਾਸ਼ਾਲੀ ਭਾਰਤੀ ਇੰਜੀਨੀਅਰਾਂ ਅਤੇ ਵਿੱਤ ਪੇਸ਼ੇਵਰਾਂ ਅਤੇ ਆਟੋਮੋਟਿਵ ਸੰਸਾਰ ਨੂੰ ਬਦਲਣ ਲਈ ਟੈਸਲਾ ਦੇ ਯੋਗਦਾਨ ਨੂੰ ਵੇਖਣਾ ਬਹੁਤ ਵਧੀਆ ਹੈ।’’
ਉਨ੍ਹਾਂ ਕਿਹਾ, ‘‘ਟੈਸਲਾ ਨੂੰ ਇਲੈਕਟ੍ਰਿਕ ਗੱਡੀਆਂ (ਈ.ਵੀ.) ਸਪਲਾਈ ਲੜੀ ’ਚ ਗੱਡੀਆਂ ਦੇ ਭਾਰਤੀ ਉਪਕਰਣ ਸਪਲਾਈਕਰਤਾਵਾਂ ਦੇ ਵਧਦੇ ਯੋਗਦਾਨ ਨੂੰ ਵੇਖ ਕੇ ਵੀ ਮਾਣ ਹੈ। ਇਹ ਭਾਰਤ ਤੋਂ ਅਪਣੇ ਕੰਪੋਨੈਂਟ ਆਯਾਤ ਨੂੰ ਦੁੱਗਣਾ ਕਰਨ ਦੇ ਰਾਹ ’ਤੇ ਹੈ। ਮੈਂ ਐਲੋਨ ਮਸਕ ਨੂੰ ਯਾਦ ਕਰਦਾ ਹਾਂ ਅਤੇ ਉਸ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।’’ ਇਹ ਦੌਰਾ ਉਨ੍ਹਾਂ ਰੀਪੋਰਟਾਂ ਵਿਚਕਾਰ ਆਇਆ ਹੈ ਜਦੋਂ ਭਾਰਤ ਦੇਸ਼ ’ਚ ਇਕ ਪਲਾਂਟ ਸਥਾਪਤ ਕਰਨ ਲਈ ਟੈਸਲਾ ਨੂੰ ਕਸਟਮ ਡਿਊਟੀ ’ਚ ਰਿਆਇਤਾਂ ਦੇਣ ਬਾਰੇ ਵਿਚਾਰ ਕਰ ਰਿਹਾ ਹੈ। ਮੰਚ ’ਤੇ ਮੰਤਰੀ ਦੀ ਗੱਲ ਦਾ ਜਵਾਬ ਦਿੰਦੇ ਹੋਏ ਮਸਕ ਨੇ ਕਿਹਾ, ‘‘ਤੁਹਾਡਾ ਟੈਸਲਾ ’ਚ ਆਉਣਾ ਮਾਣ ਦੀ ਗੱਲ ਹੈ। ਮੈਨੂੰ ਅਫਸੋਸ ਹੈ ਕਿ ਮੈਂ ਅੱਜ ਕੈਲੀਫੋਰਨੀਆ ਨਹੀਂ ਆ ਸਕਿਆ, ਪਰ ਮੈਂ ਤੁਹਾਨੂੰ ਭਵਿੱਖ ’ਚ ਮਿਲਣ ਦੀ ਉਮੀਦ ਕਰਦਾ ਹਾਂ।’’ ਸੋਸ਼ਲ ਮੀਡੀਆ ਮੰਚ ‘ਐਕਸ’ ਵੀ ਐਲੋਨ ਮਸਕ ਦੀ ਮਲਕੀਅਤ ਹੈ।
ਮਸਕ ਨੇ ਅਗੱਸਤ 2021 ’ਚ ਕਿਹਾ ਸੀ ਕਿ ਜੇ ਟੈਸਲਾ ਦੇਸ਼ ’ਚ ਗੱਡੀਆਂ ਦਾ ਆਯਾਤ ਕਰਨ ’ਚ ਸਫਲ ਹੁੰਦਾ ਹੈ ਤਾਂ ਉਹ ਭਾਰਤ ’ਚ ਇਕ ਨਿਰਮਾਣ ਯੂਨਿਟ ਸਥਾਪਤ ਕਰ ਸਕਦੀ ਹੈ। ਉਨ੍ਹਾਂ ਕਿਹਾ ਸੀ ਕਿ ਟੈਸਲਾ ਭਾਰਤ ’ਚ ਅਪਣੀਆਂ ਗੱਡੀਆਂ ਨੂੰ ਲਾਂਚ ਕਰਨਾ ਚਾਹੁੰਦਾ ਹੈ, ਪਰ ਆਯਾਤ ਡਿਊਟੀ (ਭਾਰਤ ’ਚ) ਦੁਨੀਆ ਦੇ ਕਿਸੇ ਵੀ ਵੱਡੇ ਦੇਸ਼ ਦੇ ਮੁਕਾਬਲੇ ਸਭ ਤੋਂ ਵੱਧ ਹੈ। ਭਾਰਤ ਵਰਤਮਾਨ ’ਚ 40,000 ਅਮਰੀਕੀ ਡਾਲਰ ਤੋਂ ਵੱਧ ਦੇ ਸੀ.ਆਈ.ਐਫ਼. (ਲਾਗਤ, ਬੀਮਾ ਅਤੇ ਭਾੜੇ) ਮੁੱਲ ਵਾਲੀਆਂ ਪੂਰੀ ਤਰ੍ਹਾਂ ਆਯਾਤ ਕੀਤੀਆਂ ਕਾਰਾਂ ’ਤੇ 100 ਫ਼ੀ ਸਦੀ ਆਯਾਤ ਡਿਊਟੀ ਲਗਾਉਂਦਾ ਹੈ। ਇਸ ਤੋਂ ਘੱਟ ਕੀਮਤ ਵਾਲੀਆਂ ਕਾਰਾਂ ’ਤੇ 70 ਫੀ ਸਦੀ ਆਯਾਤ ਡਿਊਟੀ ਲਗਾਉਂਦਾ ਹੈ। (ਪੀਟੀਆਈ)
(For more news apart from India is considering giving customs duty concessions to tesla, stay tuned to Rozana Spokesman)