
ਪਹਿਲੇ ਬੱਚੇ ਦੇ ਜਨਮ ’ਤੇ ਮਾਪਿਆਂ ਨੂੰ ਦਿਤੇ ਜਾਣਗੇ ਲਗਭਗ 90 ਹਜ਼ਾਰ ਰੁਪਏ
ਦੂਜਾ ਅਤੇ ਤੀਜਾ ਬੱਚਾ ਹੋਣ ’ਤੇ ਮਿਲੇਗੀ ਲਗਭਗ 1.30 ਲੱਖ ਅਤੇ 2.30 ਲੱਖ ਰੁਪਏ ਦੀ ਵਾਧੂ ਰਕਮ
ਬੀਜਿੰਗ : ਚੀਨ ਲਈ ਘਟਦੀ ਜਨਮ ਦਰ ਚਿੰਤਾ ਦਾ ਸੱਭ ਤੋਂ ਵੱਡਾ ਕਾਰਨ ਹੈ। ਕੁਝ ਸਮੇਂ ਬਾਅਦ ਇਸ ਦੀ ਆਬਾਦੀ ਬੁੱਢੀ ਹੋ ਜਾਵੇਗੀ ਅਤੇ ਫਿਰ ਘੱਟ ਹੋਣੀ ਸ਼ੁਰੂ ਹੋ ਜਾਵੇਗੀ। ਅਜਿਹੀ ਸਥਿਤੀ ਤੋਂ ਬਚਣ ਲਈ ਚੀਨ ਨੇ ਪਹਿਲਾਂ ਹੀ ਉਪਾਅ ਕਰਨੇ ਸ਼ੁਰੂ ਕਰ ਦਿਤੇ ਹਨ। ਇਸ ਦੀ ਤਾਜ਼ਾ ਮਿਸਾਲ ਬੱਚੇ ਪੈਦਾ ਕਰਨ ਲਈ ਮਾਪਿਆਂ ਨੂੰ 2 ਲੱਖ ਰੁਪਏ ਤੋਂ ਵੱਧ ਦੀ ਪੇਸ਼ਕਸ਼ ਹੈ। ਆਬਾਦੀ ਨੂੰ ਘਟਣ ਤੋਂ ਰੋਕਣ ਲਈ ਚੀਨ ’ਚ ਲੋਕਾਂ ਨੂੰ ਅਜਿਹੇ ਕਈ ਆਫ਼ਰ ਦਿਤੇ ਜਾ ਰਹੇ ਹਨ।
ਅਸਲ ਵਿਚ ਚੀਨ ਅਪਣੀ ਹੀ ‘ਇਕ ਬੱਚਾ ਨੀਤੀ’ ਵਿਚ ਫਸਿਆ ਹੋਇਆ ਹੈ। ਇਸ ਮਾੜੇ ਪ੍ਰਭਾਵ ਨੂੰ ਘੱਟ ਕਰਨ ਲਈ ਸ਼ੇਨਜ਼ੇਨ ਸ਼ਹਿਰ ਦੇ 17.7 ਮਿਲੀਅਨ ਲੋਕਾਂ ਨੂੰ ਅਪਣੇ ਪਰਵਾਰ ਵਧਾਉਣ ਲਈ ਨਕਦੀ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਸ ਯੋਜਨਾ ਤਹਿਤ ਪਹਿਲੇ ਬੱਚੇ ਦੇ ਜਨਮ ’ਤੇ ਮਾਪਿਆਂ ਨੂੰ ਲਗਭਗ 90 ਹਜ਼ਾਰ ਰੁਪਏ ਦਿਤੇ ਜਾਣਗੇ। ਦੂਜਾ ਅਤੇ ਤੀਜਾ ਬੱਚਾ ਹੋਣ ’ਤੇ ਉਨ੍ਹਾਂ ਨੂੰ ਲਗਭਗ 1.30 ਲੱਖ ਰੁਪਏ ਅਤੇ 2.30 ਲੱਖ ਰੁਪਏ ਦੀ ਵਾਧੂ ਰਕਮ ਦਿਤੀ ਜਾਵੇਗੀ। ਚੀਨ ਦੇ ਸਰਕਾਰੀ ਅਖ਼ਬਾਰ ਗਲੋਬਲ ਟਾਈਮਜ਼ ਦੀ ਰਿਪੋਰਟ ਮੁਤਾਬਕ ਹਰ ਬੱਚੇ ਦੇ ਤਿੰਨ ਸਾਲ ਦੇ ਹੋਣ ਤਕ ਇਹ ਪੈਸਾ ਮਿਲਦਾ ਰਹੇਗਾ।
ਚੀਨ ਦੇ ਦਖਣੀ ਸ਼ਹਿਰ ਵਿਚ ਇਕ ਵਾਰ ਸੱਭ ਤੋਂ ਵੱਧ ਜਨਮ ਦਰ ਸੀ ਪਰ ਸਰਕਾਰ ਦੀ ਇਕ ਬੱਚਾ ਨੀਤੀ ਕਾਰਨ ਇਹ ਡਿੱਗ ਗਈ। ਅਧਿਕਾਰਤ ਅੰਕੜੇ ਦਰਸਾਉਂਦੇ ਹਨ ਕਿ 2021 ਵਿਚ ਸ਼ਹਿਰ ਵਿਚ ਪੈਦਾ ਹੋਏ ਬੱਚਿਆਂ ਦੀ ਗਿਣਤੀ 2,01,300 ਸੀ, ਜੋ ਕਿ 2017 ਦੇ ਮੁਕਾਬਲੇ 25 ਫ਼ੀ ਸਦੀ ਤੋਂ ਵੀ ਘੱਟ ਸੀ। ਦੂਜੇ ਪਾਸੇ ਪੂਰਬੀ ਸ਼ਹਿਰ ਜਿਨਾਨ ਵਿਚ ਸਥਾਨਕ ਅਧਿਕਾਰੀ ਵੀ ਇਸ ਸਾਲ ਪੈਦਾ ਹੋਏ ਹਰ ਬੱਚੇ ਲਈ 7,000 ਰੁਪਏ ਦੀ ਮਹੀਨਾਵਾਰ ਅਦਾਇਗੀ ਦੀ ਪੇਸ਼ਕਸ਼ ਕਰਨ ਦੀ ਯੋਜਨਾ ਬਣਾ ਰਹੇ ਹਨ, ਜੇਕਰ ਉਹ ਦੂਜਾ ਜਾਂ ਤੀਜਾ ਬੱਚਾ ਹੈ।