
230 ਤੋਂ 400 ਰੁਪਏ ਪ੍ਰਤੀ ਕਿਲੋ ਤਕ ਵਿਕ ਰਹੀਆਂ ਹਨ ਦਾਲਾਂ
ਕਰਾਚੀ : ਆਰਥਿਕ ਸੰਕਟ ਨਾਲ ਜੂਝ ਰਹੇ ਪਾਕਿਸਤਾਨ ’ਚ ਲੋਕਾਂ ਨੂੰ ਰੋਟੀ ਤੋਂ ਬਾਅਦ ਹੁਣ ਦਾਲ ਲਈ ਤਰਸਣਾ ਪੈ ਰਿਹਾ ਹੈ। ਉਹ ਪਹਿਲਾਂ ਹੀ ਆਟੇ ਦੀ ਕਿੱਲਤ ਤੋਂ ਪ੍ਰੇਸ਼ਾਨ ਹੈ ਤੇ ਹੁਣ ਦਾਲਾਂ ਦੀ ਅਸਮਾਨ ਨੂੰ ਛੂੰਹਦੀ ਕੀਮਤ ਨੇ ਜਨਤਾ ਦੇ ਸਾਹਮਣੇ ਦਾਲ-ਰੋਟੀ ਜੁਟਾਉਣ ਦੀ ਸਮੱਸਿਆ ਪੈਦਾ ਕਰ ਦਿਤੀ ਹੈ। ਪ੍ਰਚੂਨ ਬਾਜ਼ਾਰ ’ਚ ਮੂੰਗੀ, ਮਾਂਹ ਤੇ ਛੋਲਿਆਂ ਦੀ ਦਾਲ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਇਹ ਦਾਲਾਂ 230 ਤੋਂ ਲੈ ਕੇ 400 ਪਾਕਿਸਤਾਨੀ ਰੁਪਏ ਪ੍ਰਤੀ ਕਿਲੋ ਤਕ ਵਿਕ ਰਹੀਆਂ ਹਨ।
ਡਾਨ ਅਖ਼ਬਾਰ ਅਨੁਸਾਰ ਬੈਂਕਾਂ ਨਾਲ ਸਬੰਧਤ ਦਸਤਾਵੇਜ਼ਾਂ ਨੂੰ ਮਨਜ਼ੂਰੀ ਨਾ ਮਿਲਣ ਕਾਰਨ ਬੰਦਰਗਾਹ ’ਤੇ ਦਰਾਮਦ ਖੇਪਾਂ ਦੀ ਨਿਕਾਸੀ ਨਹੀਂ ਹੋ ਪਾ ਰਹੀ ਹੈ। ਇਸ ਦਾ ਪ੍ਰਭਾਵ ਦਾਲਾਂ ਦੇ ਮੁੱਲ ’ਤੇ ਪੈ ਰਿਹਾ ਹੈ। ਪਾਕਿਸਤਾਨ ਪ੍ਰਤੀ ਸਾਲ ਕਰੀਬ 15 ਲੱਖ ਟਨ ਦਾਲਾਂ ਦੀ ਦਰਾਮਦ ਕਰਦਾ ਹੈ। ਕਰਾਚੀ ਕਰਿਆਨਾ ਪ੍ਰਚੂਨ ਵਿਕਰੇਤਾ ਸੰਘ (ਕੇਡਬਲਿਊਜੀਏ) ਦੇ ਚੇਅਰਮੈਨ ਰਊਫ਼ ਇਬਰਾਹੀਮ ਨੇ ਕਿਹਾ ਕਿ ਵਪਾਰੀਆਂ ਨੇ ਵੀਰਵਾਰ ਨੂੰ ਸਟੇਟ ਬੈਂਕ ਦੇ ਹੈੱਡ ਆਫ਼ਿਸ ਦੇ ਸਾਹਮਣੇ ਪ੍ਰਦਰਸ਼ਨ ਕੀਤਾ। ਵਪਾਰੀਆਂ ਨੇ ਡਾਲਰ ਦੀ ਕਮੀ ਦੇ ਬਹਾਨੇ ਪਿਛਲੇ ਦੋ ਮਹੀਨੇ ਤੋਂ ਬੰਦਰਗਾਹ ’ਤੇ ਦਾਲਾਂ ਦੇ 6000 ਕੰਟੇਨਰਾਂ ਨੂੰ ਕਲੀਅਰੈਂਸ ਨਾ ਦਿਤੇ ਜਾਣ ਦਾ ਵਿਰੋਧ ਕੀਤਾ। ਬੈਂਕ ਦਰਾਮਦ ਦਸਤਾਵੇਜ਼ਾਂ ਨੂੰ ਸਵੀਕਾਰ ਕਰਨ ’ਚ ਆਨਾਕਾਨੀ ਕਰ ਰਿਹਾ ਹੈ।
ਬਰਾਮਦਕਾਰ ਤੇ ਦਰਾਮਦਕਾਰ ਫ਼ੈਜ਼ਲ ਅਨੀਸ ਮਜੀਦ ਨੇ ਡਾਨ ਅਖਬਾਰ ਨੂੰ ਕਿਹਾ ਕਿ ਛੋਲਿਆਂ ਦੀ ਦਾਲ ਦਾ ਪ੍ਰਚੂਨ ਮੁੱਲ ਇਕ ਜਨਵਰੀ ਨੂੰ 180 ਰੁਪਏ ਪ੍ਰਤੀ ਕਿਲੋ ਸੀ, ਜੋ ਵੱਧ ਕੇ 205 ਪਾਕਿਸਤਾਨੀ ਰੁਪਏ ਪ੍ਰਤੀ ਕਿਲੋ ਹੋ ਗਿਆ ਹੈ, ਜਦਕਿ ਬੀਤੇ ਦਸੰਬਰ ਨੂੰ ਕੀਮਤ 170 ਰੁਪਏ ਕਿਲੋ ਸੀ। ਇਸੇ ਤਰ੍ਹਾਂ ਮਾਂਹ ਦੀ ਦਾਲ ਦੀ ਕੀਮਤ 225 ਰੁਪਏ ਪ੍ਰਤੀ ਕਿੱਲੋ ਸੀ, ਜਦਕਿ ਰਿਟੇਲ ’ਚ ਮਾਂਹ ਦੀ ਕੀਮਤ 250 ਤੋਂ 300 ਰੁਪਏ, ਮੂੰਗ 250 ਤੋਂ 300, ਮਸਰ 380 ਤੋਂ 400 ਰੁਪਏ ਤੇ ਛੋਲਿਆਂ ਦੀ ਦਾਲ 230 ਤੋਂ 260 ਰੁਪਏ ਪ੍ਰਤੀ ਕਿਲੋ ਵਿਕ ਰਹੀ ਹੈ। ਬੰਦਰਗਾਹ ਤੋਂ ਕੰਟੇਨਰਾਂ ਦੀ ਕਲੀਅਰੈਂਸ ਨਾ ਹੋਣ ਦੇ ਕਾਰਨ ਰਿਟੇਲ ਮੁੱਲ ’ਚ ਹੋਰ ਤੇਜ਼ੀ ਆਉਣ ਦਾ ਖਦਸ਼ਾ ਹੈ। ਮਜੀਦ ਨੇ ਦੋਸ਼ ਲਾਇਆ ਕਿ ਇਕ ਜਨਵਰੀ ਤੋਂ ਬੈਂਕਾਂ ਨੇ ਦਰਾਮਦ ਦਸਤਾਵੇਜ਼ ਸਵੀਕਾਰ ਕਰਨੇ ਬੰਦ ਕਰ ਦਿਤੇ ਹਨ।