
Canada News: ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀਆ ਵੀ ਲਿਬਰਲ ਪਾਰਟੀ ਦੀ ਅਗਵਾਈ ਹੇਠ ਚੋਣਾਂ ਨਹੀਂ ਲੜੇਗੀ
Canada News: ਕੈਨੇਡਾ ਦੇ ਇਨੋਵੇਸ਼ਨ, ਵਿਗਿਆਨ ਅਤੇ ਉਦਯੋਗ ਮੰਤਰੀ ਫ਼ਰੈਂਕੋਇਸ ਫਿਲਿਪ ਸ਼ੈਂਪੇਨ ਨੇ ਕਿਹਾ ਕਿ ਉਹ ਆਉਣ ਵਾਲੀ ਚੋਣਾਂ ’ਚ ਕੈਨੇਡਾ ਦੀ ਲਿਬਰਲ ਪਾਰਟੀ ਦੀ ਅਗਵਾਈ ਨਹੀਂ ਮੰਗਣਗੇ। ਉਸਨੇ ਇਸ ਫ਼ੈਸਲੇ ਨੂੰ ਔਖਾ ਦਸਿਆ ਅਤੇ ਦੇਸ਼ ਭਰ ਦੇ ਕੈਨੇਡੀਅਨਾਂ, ਸਹਿਯੋਗੀਆਂ ਅਤੇ ਪ੍ਰਬੰਧਕਾਂ ਦਾ ਧਨਵਾਦ ਕੀਤਾ।
ਐਕਸ ’ਤੇ ਇਕ ਪੋਸਟ ਸ਼ੇਅਰ ਕਰਦੇ ਹੋਏ, ਕੈਨੇਡੀਅਨ ਮੰਤਰੀ ਫ਼ਰੈਂਕੋਇਸ ਸ਼ੈਂਪੇਨ ਨੇ ਕਿਹਾ, ‘‘ਮੈਂ ਆਉਣ ਵਾਲੀ ਚੋਣਾਂ ਵਿਚ ਲਿਬਰਲ ਪਾਰਟੀ ਆਫ਼ ਕੈਨੇਡਾ ਦੀ ਅਗਵਾਈ ਨਹੀਂ ਮੰਗਾਂਗਾ। ਇਹ ਇਕ ਮੁਸ਼ਕਲ ਫ਼ੈਸਲਾ ਹੈ ਪਰ ਮੈਂ ਕੈਨੇਡਾ ਨੂੰ ਧਿਆਨ ਵਿਚ ਰੱਖ ਕੇ ਇਹ ਫ਼ੈਸਲਾ ਲਿਆ ਹੈ। ਮੈਂ ਕੈਨੇਡਾ ਦੇ ਲੋਕਾਂ, ਦੇਸ਼ ਭਰ ਦੇ ਅਪਣੇ ਸਹਿਯੋਗੀਆਂ ਅਤੇ ਪ੍ਰਬੰਧਕਾਂ ਦਾ ਧਨਵਾਦ ਕਰਦਾ ਹਾਂ। ਜੋ ਇਕ ਮਾਣਮੱਤੇ, ਅਭਿਲਾਸ਼ੀ ਅਤੇ ਖ਼ੁਸ਼ਹਾਲ ਕੈਨੇਡਾ ਦੇ ਦ੍ਰਿਸ਼ਟੀਕੋਣ ਨੂੰ ਸਾਂਝਾ ਕਰਦੇ ਹਨ।’’
ਕੈਨੇਡੀਅਨ ਮੰਤਰੀ ਫ਼ਰੈਂਕੋਇਸ ਸ਼ੈਂਪੇਨ ਤੋਂ ਪਹਿਲਾਂ, ਕੈਨੇਡਾ ਦੀ ਵਿਦੇਸ਼ ਮੰਤਰੀ ਮੇਲਾਨੀ ਜੋਲੀ ਨੇ ਕੈਨੇਡਾ ਦੀ ਲਿਬਰਲ ਪਾਰਟੀ ਦੀ ਅਗਵਾਈ ਲਈ ਚੋਣ ਨਾ ਕਰਨ ਦਾ ਐਲਾਨ ਕੀਤਾ ਸੀ, ਜਿਸ ਵਿਚ ਉਨ੍ਹਾਂ ਨੇ ਆਰਥਕ ਦਬਾਅ ਅਤੇ ਅਮਰੀਕਾ ਦੇ ਚੁਣੇ ਹੋਏ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਟੈਰਿਫ਼ ਧਮਕੀਆਂ ਸਮੇਤ ਅੰਤਰਰਾਸ਼ਟਰੀ ਚੁਨੌਤੀਆਂ ਨਾਲ ਨਜਿੱਠਣ ’ਤੇ ਧਿਆਨ ਕੇਂਦਰਤ ਕਰਨ ਦੀ ਲੋੜ ਦਾ ਹਵਾਲਾ ਦਿਤਾ ਸੀ।
ਕੈਨੇਡੀਅਨ ਮੰਤਰੀ ਫ਼ਰੈਂਕੋਇਸ ਸ਼ੈਂਪੇਨ ਦਾ ਇਹ ਐਲਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਉਸ ਐਲਾਨ ਤੋਂ ਬਾਅਦ ਆਇਆ ਹੈ ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਜਿਵੇਂ ਇਸ ਅਹੁਦੇ ਲਈ ਕੋਈ ਨਵਾਂ ਉਮੀਦਵਾਰ ਮਿਲ ਜਾਵੇਗਾ, ਉਹ ਲਿਬਰਲ ਪਾਰਟੀ ਦੇ ਨੇਤਾ ਅਤੇ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦੇਣਗੇ। ਉਨ੍ਹਾਂ ਇਹ ਵੀ ਕਿਹਾ ਕਿ ਕੈਨੇਡੀਅਨ ਸੰਸਦ ਨੂੰ 24 ਮਾਰਚ ਤਕ ਮੁਲਤਵੀ ਜਾਂ ਮੁਅੱਤਲ ਕਰ ਦਿਤਾ ਜਾਵੇਗਾ। ਟਰੂਡੋ ਨੇ ਇਹ ਵੀ ਕਿਹਾ ਸੀ ਕਿ ਉਨ੍ਹਾਂ ਪ੍ਰਧਾਨ ਮੰਤਰੀ ਲਈ ਨਵੇਂ ਉਮੀਦਵਾਰ ਦੀ ਭਾਲ ਸ਼ੁਰੂ ਕਰਨ ਲਈ ਲਿਬਰਲ ਪਾਰਟੀ ਦੇ ਪ੍ਰਧਾਨ ਨਾਲ ਗੱਲ ਕੀਤੀ ਸੀ।