
ਅਮਰੀਕੀ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਦਿਤਾ ਹੈ.....
ਵਾਸ਼ਿੰਗਟਨ : ਅਮਰੀਕੀ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਡੋਨਾਲਡ ਟਰੰਪ ਨੂੰ ਵੱਡਾ ਝਟਕਾ ਦਿਤਾ ਹੈ। ਸਾਂਸਦਾਂ ਨੇ ਟਰੰਪ ਅਤੇ ਸਾਊਦੀ ਅਰਬ ਦੇ ਨਾਲ ਉਨ੍ਹਾਂ ਦੇ ਗਠਜੋੜ ਨੂੰ ਝਟਕਾ ਦਿੰਦੇ ਹੋਏ ਯਮਨ ਵਿਚ ਖਾੜੀ ਦੇਸ਼ਾਂ ਦੀਆਂ ਯੁੱਧ ਕੋਸ਼ਿਸ਼ਾਂ ਵਿਚ ਅਮਰੀਕਾ ਦੀ ਸ਼ਮੂਲੀਅਤ ਨੂੰ ਖ਼ਤਮ ਕਰਨ ਦੇ ਪੱਖ ਵਿਚ ਵੋਟਿੰਗ ਕੀਤੀ। ਅਮਰੀਕੀ ਸਦਨ ਨੇ ਬੁਧਵਾਰ ਨੂੰ 177 ਦੇ ਮੁਕਾਬਲੇ 248 ਵੋਟਾਂ ਨਾਲ ਇਤਿਹਾਸਿਕ ਬਿੱਲ ਪਾਸ ਕੀਤਾ, ਜਿਸ ਦੇ ਬਾਅਦ ਰਾਸ਼ਟਰਪਤੀ ਨੂੰ 30 ਦਿਨਾਂ ਦੇ ਅੰਦਰ ਯਮਨ ਤੋਂ ਅਮਰੀਕੀ ਹਥਿਆਰਬੰਦ ਫ਼ੌਜੀਆਂ ਨੂੰ ਹਟਾਉਣਾ ਹੋਵੇਗਾ।
ਜ਼ਿਕਰਯੋਗ ਹੈ ਕਿ ਯਮਨ ਵਿਚ ਸਾਲਾਂ ਤੋਂ ਚੱਲ ਰਹੇ ਸੰਘਰਸ਼ ਵਿਚ ਹਜ਼ਾਰਾਂ ਨਾਗਰਿਕ ਮਾਰੇ ਜਾ ਚੁੱਕੇ ਹਨ। ਬਿੱਲ ਦੇ ਪੱਖ ਵਿਚ 18 ਰੀਪਬਲਿਕਨ ਸੰਸਦ ਮੈਂਬਰਾਂ ਨੇ ਵੀ ਡੈਮੋਕ੍ਰੇਟਸ ਦਾ ਸਾਥ ਦਿਤਾ। ਵੋਟਿੰਗ ਕਾਰਨ ਸੈਨੇਟ 'ਤੇ ਕਦਮ ਚੁੱਕਣ ਦਾ ਦਬਾਅ ਵੱਧ ਗਿਆ ਹੈ। ਸੈਨੇਟ ਨੇ ਵੀ ਬੀਤੇ ਸਾਲ ਅਜਿਹਾ ਹੀ ਬਿੱਲ ਪਾਸ ਕੀਤਾ ਸੀ ਪਰ ਉਦੋਂ ਰੀਪਬਲਿਕਨ ਦੇ ਕੰਟਰੋਲ ਵਾਲਾ ਸਦਨ ਇਸ 'ਤੇ ਵੋਟਿੰਗ ਨਹੀਂ ਕਰਵਾ ਪਾਇਆ ਸੀ, ਜਿਸ ਨਾਲ ਇਹ ਬਿੱਲ ਕਿਰਿਆਹੀਣ ਹੋ ਗਿਆ। ਵਰਤਮਾਨ ਵਿਚ ਸਦਨ ਵਿਚ ਡੈਮੋਕ੍ਰੇਟਸ ਦਾ ਕੰਟਰੋਲ ਹੈ। ਸਾਲਾਂ ਤੋਂ ਅਮਰੀਕੀ ਮਿਲਟਰੀ ਦਖ਼ਲ ਅੰਦਾਜ਼ੀ ਦਾ ਵਿਰੋਧ ਕਰ ਰਹੇ ਡੈਮੋਕ੍ਰੇਟ ਸੰਸਦ ਮੈਂਬਰ ਰੋਅ ਖੰਨਾ ਨੇ ਟਵਿੱਟਰ 'ਤੇ
ਕਿਹਾ,''ਸਦਨ ਵਿਚ ਮੇਰਾ ਪ੍ਰਸਤਾਵ ਪਾਸ ਹੋਣ ਨਾਲ ਅਸੀਂ ਇਸ ਮਨੁੱਖੀ ਤਬਾਹੀ ਵਿਚ ਅਪਣੀ ਸ਼ਮੂਲੀਅਤ ਖਤਮ ਕਰਨ ਦੇ ਕਰੀਬ ਹਾਂ।'' ਰੀਪਬਲਿਕਨ ਸੰਸਦ ਮੈਂਬਰਾਂ ਨੇ ਰਾਸ਼ਟਰਪਤੀ ਦੀ ਸੀਰੀਆ ਅਤੇ ਅਫ਼ਗਾਨਿਸਤਾਨ ਤੋਂ ਫ਼ੌਜੀ ਵਾਪਸ ਬੁਲਾਏ ਜਾਣ ਦੀ ਯੋਜਨਾ ਸਮੇਤ ਹੋਰ ਵਿਦੇਸ਼ ਨੀਤੀ ਵਿਵਾਦਾਂ 'ਤੇ ਵੀ ਨਾਰਾਜ਼ਗੀ ਜ਼ਾਹਰ ਕੀਤੀ।(ਭਾਸ਼ਾ) (ਪੀਟੀਆਈ)