
ਇਕ ਰਿਪੋਰਟ ਅਨੁਸਾਰ ਭਾਰਤ ਦੇ ਇਸ ਗੁਆਂਢੀ ਦੇਸ਼ ਵਿਚ ਇਕ ਦਿਨ ਵਿਚ 5,280 ਨਵੇਂ ਕੋਵਿਡ ਮਰੀਜ਼ ਪਾਏ ਗਏ ਹਨ।
ਬੀਜਿੰਗ: ਚੀਨ 'ਚ ਕੋਰੋਨਾ ਦੇ ਨਵੇਂ ਮਾਮਲਿਆਂ ਨੇ ਸਰਕਾਰ ਦੀ ਚਿੰਤਾ ਵਧਾ ਦਿੱਤੀ ਹੈ। ਇਕ ਰਿਪੋਰਟ ਅਨੁਸਾਰ ਭਾਰਤ ਦੇ ਇਸ ਗੁਆਂਢੀ ਦੇਸ਼ ਵਿਚ ਇਕ ਦਿਨ ਵਿਚ 5,280 ਨਵੇਂ ਕੋਵਿਡ ਮਰੀਜ਼ ਪਾਏ ਗਏ ਹਨ। ਦਰਅਸਲ ਚੀਨ ਬਹੁਤ ਜ਼ਿਆਦਾ ਸੰਕਰਮਣ ਵਾਲੇ 'ਸਟੀਲਥ ਓਮੀਕਰੋਨ' ਵੇਰੀਐਂਟ ਦੇ ਪ੍ਰਕੋਪ ਨਾਲ ਜੂਝ ਰਿਹਾ ਹੈ।
ਇਹ ਗਿਣਤੀ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਬਾਅਦ ਹੁਣ ਤੱਕ ਦੀ ਸਭ ਤੋਂ ਵੱਧ ਗਿਣਤੀ ਹੈ। ਨੈਸ਼ਨਲ ਹੈਲਥ ਕਮਿਸ਼ਨ ਦੇ ਅੰਕੜਿਆਂ ਮੁਤਾਬਕ ਚੀਨ 'ਚ ਸੋਮਵਾਰ ਨੂੰ ਲਾਗ ਦੇ 3,507 ਨਵੇਂ ਮਾਮਲੇ ਸਾਹਮਣੇ ਆਏ, ਜਦਕਿ ਉਸ ਤੋਂ ਇਕ ਦਿਨ ਪਹਿਲਾਂ ਰੋਜ਼ਾਨਾ 1,337 ਮਾਮਲੇ ਸਾਹਮਣੇ ਆਏ। ਸਭ ਤੋਂ ਵੱਧ ਪ੍ਰਭਾਵਿਤ ਖੇਤਰ ਜਿਲਿਨ ਸੂਬਾ ਹੈ। ਚੀਨ ਵਿਚ ਕੋਰੋਨਾ ਦੇ ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕਈ ਸ਼ਹਿਰਾਂ ਵਿਚ ਲਾਕਡਾਊਨ ਲਗਾ ਦਿੱਤਾ ਗਿਆ ਹੈ।
ਚੀਨ ਦੇ ਸਰਕਾਰੀ ਮੀਡੀਆ ਗਲੋਬਲ ਟਾਈਮਜ਼ ਨੇ ਦੱਸਿਆ ਹੈ ਕਿ 1 ਮਾਰਚ ਤੋਂ 14 ਮਾਰਚ ਤੱਕ ਚੀਨ ਵਿਚ 15 ਹਜ਼ਾਰ ਤੋਂ ਵੱਧ ਕੋਵਿਡ ਮਾਮਲੇ ਦੇਖੇ ਗਏ ਹਨ। ਰਿਪੋਰਟਾਂ ਮੁਤਾਬਕ ਚੀਨ ਦੇ 28 ਸੂਬੇ ਕੋਰੋਨਾ ਵਾਇਰਸ ਤੋਂ ਪ੍ਰਭਾਵਿਤ ਹਨ। ਚੀਨ ਦੇ ਰਾਸ਼ਟਰੀ ਸਿਹਤ ਕਮਿਸ਼ਨ ਨੇ ਕਿਹਾ ਹੈ ਕਿ ਕੋਵਿਡ ਮਹਾਂਮਾਰੀ ਦੀ ਸਥਿਤੀ ਗੰਭੀਰ ਅਤੇ ਗੁੰਝਲਦਾਰ ਹੋ ਗਈ ਹੈ ਅਤੇ ਇਸ ਨੂੰ ਰੋਕਣਾ ਅਤੇ ਕੰਟਰੋਲ ਕਰਨਾ ਹੋਰ ਵੀ ਮੁਸ਼ਕਲ ਹੋ ਗਿਆ ਹੈ। ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਕੋਵਿਡ ਦੇ ਵਧਦੇ ਮਾਮਲਿਆਂ ਨਾਲ ਬਿਮਾਰੀ ਨੂੰ ਰੋਕਣ ਅਤੇ ਕੰਟਰੋਲ ਕਰਨ ਵਿਚ ਮੁਸ਼ਕਲਾਂ ਵੀ ਵਧਦੀਆਂ ਹਨ।