
ਹੇਰਾਥ ਨੇ ਕਿਹਾ, ‘‘ਅਸੀਂ ਅਪਣੇ ਗੁਆਂਢੀ ਦੇਸ਼ ਭਾਰਤ ਨਾਲ ਨੇੜਲੇ ਸਬੰਧ ਬਣਾਏ ਰੱਖੇ ਹਨ।
ਕੋਲੰਬੋ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਿਛਲੇ ਸਾਲ ਰਾਸ਼ਟਰਪਤੀ ਅਨੁਰਾ ਕੁਮਾਰ ਦਿਸਾਨਾਇਕੇ ਦੀ ਦਿੱਲੀ ਯਾਤਰਾ ਦੌਰਾਨ ਹੋਏ ਸਮਝੌਤਿਆਂ ਨੂੰ ਅੰਤਿਮ ਰੂਪ ਦੇਣ ਲਈ ਅਗਲੇ ਮਹੀਨੇ ਦੇ ਸ਼ੁਰੂ ’ਚ ਸ੍ਰੀਲੰਕਾ ਪਹੁੰਚਣਗੇ। ਵਿਦੇਸ਼ ਮੰਤਰੀ ਵਿਜੇਤਾ ਹੇਰਾਥ ਨੇ ਇੱਥੇ ਸੰਸਦ ’ਚ ਬਜਟ ਅਲਾਟਮੈਂਟ ਬਹਿਸ ਬਾਰੇ ਇਕ ਸਵਾਲ ਦਾ ਜਵਾਬ ਦਿੰਦੇ ਹੋਏ ਇਹ ਬਿਆਨ ਦਿਤਾ।
ਹੇਰਾਥ ਨੇ ਕਿਹਾ, ‘‘ਅਸੀਂ ਅਪਣੇ ਗੁਆਂਢੀ ਦੇਸ਼ ਭਾਰਤ ਨਾਲ ਨੇੜਲੇ ਸਬੰਧ ਬਣਾਏ ਰੱਖੇ ਹਨ। ਸਾਡੀ ਪਹਿਲੀ ਕੂਟਨੀਤਕ ਯਾਤਰਾ ਭਾਰਤ ਦੀ ਸੀ, ਜਿੱਥੇ ਅਸੀਂ ਦੁਵਲੇ ਸਹਿਯੋਗ ’ਤੇ ਕਈ ਸਮਝੌਤਿਆਂ ’ਤੇ ਪਹੁੰਚੇ।’’ ਉਨ੍ਹਾਂ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਪ੍ਰੈਲ ਦੇ ਸ਼ੁਰੂ ’ਚ ਇੱਥੇ ਪਹੁੰਚਣਗੇ। ਹੇਰਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਯਾਤਰਾ ਦੌਰਾਨ ਸਾਮਪੁਰ ਸੋਲਰ ਪਾਵਰ ਸਟੇਸ਼ਨ ਦੇ ਉਦਘਾਟਨ ਤੋਂ ਇਲਾਵਾ ਕਈ ਨਵੇਂ ਸਹਿਮਤੀ ਪੱਤਰਾਂ ’ਤੇ ਦਸਤਖਤ ਕੀਤੇ ਜਾਣਗੇ।
2023 ’ਚ, ਰਾਜ ਦੀ ਬਿਜਲੀ ਇਕਾਈ ਸੀਲੋਨ ਇਲੈਕਟ੍ਰੀਸਿਟੀ ਬੋਰਡ ਅਤੇ ਭਾਰਤ ਦੀ ਐਨਟੀਪੀਸੀ ਪੂਰਬੀ ਤ੍ਰਿਨਕੋਮਾਲੀ ਜ਼ਿਲ੍ਹੇ ਦੇ ਸਮਪੁਰ ਕਸਬੇ ’ਚ 135 ਮੈਗਾਵਾਟ ਦਾ ਸੋਲਰ ਪਾਵਰ ਪਲਾਂਟ ਬਣਾਉਣ ਲਈ ਸਹਿਮਤ ਹੋਏ।
ਹੇਰਾਥ ਨੇ ਕਿਹਾ ਕਿ ਨੈਸ਼ਨਲ ਪੀਪਲਜ਼ ਪਾਵਰ (ਐਨਪੀਪੀ) ਸਰਕਾਰ ਦੀ ਭਾਰਤ ਪ੍ਰਤੀ ਸਦਭਾਵਨਾ ਨੀਤੀ ਦੇ ਨਤੀਜੇ ਵਜੋਂ ਟਾਪੂ ਦੇਸ਼ ਨੂੰ ਕਈ ਲਾਭ ਹੋਏ ਹਨ, ਜਿਸ ’ਚ ਕਈ ਚੱਲ ਰਹੇ ਭਾਰਤੀ ਪ੍ਰਾਜੈਕਟ ਵੀ ਸ਼ਾਮਲ ਹਨ। ਹੇਰਾਥ ਨੇ ਕਿਹਾ ਕਿ ਅਸੀਂ ਕੌਮੀ ਹਿੱਤਾਂ ਨੂੰ ਬਣਾਈ ਰੱਖਣ ਲਈ ਕੰਮ ਕਰਦੇ ਹੋਏ ਬਿਨਾਂ ਕਿਸੇ ਦਾ ਪੱਖ ਲਏ ਅਪਣੀ ਵਿਦੇਸ਼ ਨੀਤੀ ਵਿਚ ਨਿਰਪੱਖ ਰਹਾਂਗੇ। ਸਾਲ 2015 ਤੋਂ ਬਾਅਦ ਪ੍ਰਧਾਨ ਮੰਤਰੀ ਮੋਦੀ ਦੀ ਇਹ ਚੌਥੀ ਯਾਤਰਾ ਹੋਵੇਗੀ।