
ਦਖਣੀ ਆਸਟ੍ਰੇਲੀਆ ਸਰਕਾਰ ਦੇ ਟਰਾਂਸਪੋਰਟ ਮੰਤਰੀ ਸਟੀਫਨ ਨੋਲ ਨੇ ਐਲਾਨ ਕੀਤਾ ਕਿ ਸਰਕਾਰ ਸੂਬੇ ਵਿਚਲੇ ਤਕਰੀਬਨ 1000 ਟੈਕਸੀ ਉਪਰੇਟਰਜ਼ ਦੀ
ਪਰਥ, 14 ਅਪ੍ਰੈਲ(ਪਿਆਰਾ ਸਿੰਘ ਨਾਭਾ): ਦਖਣੀ ਆਸਟ੍ਰੇਲੀਆ ਸਰਕਾਰ ਦੇ ਟਰਾਂਸਪੋਰਟ ਮੰਤਰੀ ਸਟੀਫਨ ਨੋਲ ਨੇ ਐਲਾਨ ਕੀਤਾ ਕਿ ਸਰਕਾਰ ਸੂਬੇ ਵਿਚਲੇ ਤਕਰੀਬਨ 1000 ਟੈਕਸੀ ਉਪਰੇਟਰਜ਼ ਦੀ ਮਦਦ ਲਈ 52 ਲੱਖ ਡਾਲਰ ਦੀ ਸਹਾਇਤਾ ਮੁਹੱਈਆ ਕਰਵਾਏਗੀ ਤਾਂ ਜੋ ਉਹ ਕੋਵਿਡ-19 ਸੰਕਟ ਤੋਂ ਪੈਦਾ ਹੋਏ ਮਾੜੇ ਆਰਥਕ ਹਾਲਾਤਾਂ ਨਾਲ ਨਜਿੱਠ ਸਕਣ।
ਯੂਨਾਈਟਿਡ ਟੈਕਸੀ ਐਸੋਸੀਏਸ਼ਨ ਆਫ਼ ਸਾਊਥ ਆਸਟ੍ਰੇਲੀਆ ਦੇ ਪ੍ਰਧਾਨ ਤ੍ਰਿਮਣ ਗਿੱਲ ਨੇ ਇਸ ਪੈਕੇਜ ਦਾ ਸਵਾਗਤ ਕੀਤਾ ਹੈ।ਉਨ੍ਹਾਂ ਮੀਡੀਆ ਨੂੰ ਦਸਿਆ ਕਿ ਟੈਕਸੀ ਸਨਅਤ ਵਿਚ ਆਮਦਨ ਦੇ ਲਿਹਾਜ ਨਾਲ਼ ਪਿਛਲੇ ਕੁਝ ਸਮੇਂ ਦੌਰਾਨ 60 ਤੋਂ 70 ਫ਼ੀ ਸਦੀ ਘਾਟਾ ਪਿਆ ਹੈ। ਸਰਕਾਰ ਵਲੋਂ ਐਲਾਨੀ 4300 ਡਾਲਰ ਦੀ ਸਹਾਇਤਾ ਅਤੇ ਸਾਲਾਨਾ ਫ਼ੀਸ-ਮਾਫ਼ੀ, ਟੈਕਸੀ ਇੰਡਸਟਰੀ ਨੂੰ ਮੁੜ ਸਥਾਪਤੀ ਵਿਚ ਮਦਦ ਕਰੇਗੀ । ਅਮਰੀਕ ਸਿੰਘ ਥਾਂਦੀ ਜੋ ਪਿਛਲੇ 36 ਸਾਲ ਤੋਂ ਟੈਕਸੀ ਸਨਅਤ ਵਿਚ ਹਨ, ਨੇ ਕਿਹਾ ਕਿ ਭਾਵੇਂ ਉਹ ਇਸ ਸਹਾਇਤਾ ਪੈਕੇਜ ਦਾ ਸਵਾਗਤ ਕਰਦੇ ਹਨ ਪਰ ਹੋ ਰਹੇ ਨੁਕਸਾਨ ਦੀ ਭਰਪਾਈ ਲਈ ਇਹ ਰਕਮ ਬਹੁਤ ਨਿਗੂਣੀ ਹੈ।
ਦੀਪਕ ਭਾਰਦਵਾਜ, ਐਡੀਲੇਡ 'ਚ ਭਾਰਤੀ ਭਾਈਚਾਰੇ ਦੇ ਇਕ ਨੁਮਾਇੰਦੇ ਤੇ ਸੋਸ਼ਲ ਵਰਕਰ ਹਨ। ਉਨ੍ਹਾਂ ਸਰਕਾਰ ਅਤੇ ਟੈਕਸੀ ਮਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਪੈਕੇਜ ਦਾ ਫਾਇਦਾ ਟੈਕਸੀ-ਚਾਲਕਾਂ ਤਕ ਵੀ ਪਹੁੰਚਦਾ ਕਰਨ ਜੋ ਕਿ ਇਸ ਵੇਲੇ ਸਭ ਤੋਂ ਵੱਧ ਨੁਕਸਾਨ ਹੰਢਾ ਰਹੇ ਹਨ। ਉਨ੍ਹਾਂ ਕਿਹਾ ਕਿ ਬਹੁਤ ਸਾਰੇ ਟੈਕਸੀ-ਚਾਲਕ, ਅੰਤਰਰਾਸ਼ਟਰੀ ਵਿਦਿਆਰਥੀ ਜਾਂ ਹੋਰ ਆਰਜ਼ੀ ਵੀਜ਼ਿਆਂ ਉੱਤੇ ਹਨ ਤੇ ਉਨ੍ਹਾਂ ਨੂੰ ਜੌਬ ਕੀਪਰ ਤੇ ਜੌਬ ਸੀਕਰ ਸਰਕਾਰੀ ਭੱਤੇ ਵੀ ਨਹੀਂ ਮਿਲ ਸਕਦੇ, ਜਿਸਦੇ ਚਲਦਿਆਂ ਉਹ ਗੰਭੀਰ ਆਰਥਕ ਤੰਗੀ ਦੇ ਹਾਲਤ 'ਚੋ ਗੁਜ਼ਰ ਰਹੇ ਹਨ।
(ਪੀ.ਟੀ.ਆਈ)