
ਜਪਨੀਤ ਸਿੰਘ ਮੁਲਤਾਨੀ ਨਿਊਯਾਰਕ ਦੀ ਅਗਵਾਈ ਵਿਚ ਕਾਰਵਾਈ ਨੂੰ ਅੰਜਾਮ ਦਿਤਾ ਜਾ ਰਿਹੈ
ਵਾਸ਼ਿੰਗਟਨ ਡੀ ਸੀ (ਗਿੱਲ) : ਕੁਈਨਜ਼, ਨਿਊਯਾਰਕ ਦੇ ਰਿਚਮੰਡ ਹਿੱਲ ਸੈਕਸ਼ਨ ਵਿਚ ਮੰਗਲਵਾਰ ਨੂੰ ਦੋ ਸਿੱਖਾਂ ’ਤੇ ਹਮਲਾ ਕੀਤਾ ਗਿਆ, ਜਿਸ ਦੀ ਨਿਊਯਾਰਕ ਪੁਲਿਸ ਨਫ਼ਰਤੀ ਅਪਰਾਧ ਵਜੋਂ ਜਾਂਚ ਕਰ ਰਹੀ ਹੈ। ਪੁਲਿਸ ਨੇ ਕਿਹਾ ਕਿ ਹਮਲਾ ਦੋ ਵਿਅਕਤੀਆਂ ਦੁਆਰਾ ਕੀਤਾ ਗਿਆ ਸੀ ਜਿਨ੍ਹਾਂ ਨੇ ਪੀੜਤਾਂ ਨੂੰ ਮੁੱਕਿਆਂ ਅਤੇ ਡੰਡਿਆਂ ਨਾਲ ਮਾਰਿਆ, ਉਨ੍ਹਾਂ ਤੋਂ ਪੈਸੇ ਲਏ ਅਤੇ ਉਨ੍ਹਾਂ ਦੀਆਂ ਪੱਗਾਂ ਲਾਹ ਦਿਤੀਆਂ। ਪੁਲਿਸ ਦਾ ਕਹਿਣਾ ਹੈ ਕਿ ਪੀੜਤਾਂ ਨੂੰ ਮਾਮੂਲੀ ਸੱਟਾਂ ਲਗੀਆਂ ਅਤੇ ਦੋਸ਼ੀ ਨੂੰ ਮੌਕੇ ’ਤੇ ਗ੍ਰਿਫ਼ਤਾਰ ਕਰ ਲਿਆ ਗਿਆ।
PHOTO
ਇਹ ਹਮਲਾ ਉਸੇ ਚੌਰਾਹੇ ’ਤੇ ਹੋਇਆ ਜਿਥੇ ਪਿਛਲੇ ਹਫ਼ਤੇ ਨਿਰਮਲ ਸਿੰਘ (70) ਨੂੰ ਬੇਰਹਿਮੀ ਨਾਲ ਕੁਟਿਆ ਗਿਆ ਸੀ। ਭਾਰਤ ਤੋਂ ਆਇਆ ਸਿੱਖ, ਜਦੋਂ ਸੈਰ ਕਰ ਰਿਹਾ ਸੀ ਤਾਂ ਅਚਾਨਕ ਕਿਸੇ ਨੇ ਉਸ ਦੇ ਮੂੰਹ ’ਤੇ ਮੁੱਕਾ ਮਾਰਿਆ ਅਤੇ ਉਸ ਨੂੰ ਲਹੂ-ਲੁਹਾਨ ਕਰ ਦਿਤਾ ਸੀ।
PHOTO
ਸਿੱਖਜ਼ ਆਫ਼ ਯੂ.ਐਸ.ਏ. ਦੇ ਸੀਨੀਅਰ ਕੁਆਰਡੀਨੇਟਰ ਜਪਨੀਤ ਸਿੰਘ ਨਿਊਯਾਰਕ ਨੇ ਕਿਹਾ, “ਸਿੱਖਾਂ ਨੇ ਵਾਰ-ਵਾਰ ਇਸ ਤਰ੍ਹਾਂ ਦੀ ਹਿੰਸਾ ਦਾ ਸਾਹਮਣਾ ਕੀਤਾ ਹੈ। ਹੁਣ ਇਸ ਮਹੀਨੇ ਵਿਚ ਕਈ ਵਾਰ ਇਸੇ ਜਗ੍ਹਾ ’ਤੇ ਇਹ ਮਾਰ ਕੁਟਾਈ ਦੀ ਘਟਨਾ ਵਾਪਰੀ ਹੈ।” ਸਿੱਖਜ਼ ਆਫ਼ ਯੂ.ਐਸ.ਏ. ਸੰਸਥਾ ਜੋ ਨਫ਼ਰਤ ਨਾਲ ਲੜਨ ਅਤੇ ਰੋਕਣ ਲਈ ਕੰਮ ਕਰਦੀ ਹੈ, ਅਸੀਂ ਕੁਈਨਜ਼ ਵਿਚ ਸਿੱਖ ਭਾਈਚਾਰੇ ਦੇ ਨਾਲ-ਨਾਲ ਨਿਊਯਾਰਕ ਸਿਟੀ ਦੇ ਸਾਰੇ ਪ੍ਰਭਾਵਤ ਭਾਈਚਾਰਿਆਂ ਦੇ ਨਾਲ ਖੜੇ ਹਾਂ। ਜੋ ਨਿਯਮਿਤ ਤੌਰ ’ਤੇ ਇਹਨਾਂ ਨਫ਼ਰਤੀ ਅਪਰਾਧਾਂ ਦਾ ਅਨੁਭਵ ਕਰਦੇ ਹਨ।
PHOTO
ਸਿੱਖ ਅਮਰੀਕੀ ਨੇਤਾਵਾਂ ਅਤੇ ਨਾਗਰਿਕ ਅਧਿਕਾਰ ਸੰਗਠਨਾਂ ਨੇ ਅਪ੍ਰੈਲ 2021 ਵਿੱਚ ਇੰਡੀਆਨਾਪੋਲਿਸ ਫੇਡਐਕਸ ਸਹੂਲਤ ਵਿਚ ਚਾਰ ਸਿੱਖ ਵਰਕਰਾਂ ਦੇ ਕਤਲ ਤੋਂ ਬਾਅਦ ਅਜਿਹੀ ਹਿੰਸਾ ਵੱਲ ਵਧੇਰੇ ਧਿਆਨ ਖਿੱਚਣ ਲਈ ਕੰਮ ਕੀਤਾ ਹੈ। ਅਮਰੀਕੀ ਸਿੱਖਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਸਾਲਾਂ ਤੋਂ ‘ਅਦਿੱਖ’ ਨਸਲਵਾਦ ਦਾ ਸਾਹਮਣਾ ਕੀਤਾ ਹੈ। ਐਫ਼ਬੀਆਈ ਦੇ ਅੰਕੜਿਆਂ ਅਨੁਸਾਰ, 2019 ਤੋਂ 2020 ਤਕ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਵਿਚ 68 ਪ੍ਰਤੀਸ਼ਤ ਵਾਧਾ ਹੋਇਆ ਹੈ, ਜਿਨ੍ਹਾਂ ਵਿਚੋਂ ਜ਼ਿਆਦਾਤਰ ਗੋਰੇ ਲੋਕਾਂ ਦੁਆਰਾ ਇਸ ਤਰ੍ਹਾਂ ਨਫ਼ਰਤੀ ਅਪਰਾਧ ਕੀਤੇ ਗਏ ਹਨ।