
G7 summit Italy : ਇਸ ਤੋਂ ਪਹਿਲਾਂ PM ਮੋਦੀ ਰਾਸ਼ਟਰਪਤੀ ਇਮੈਨੁਅਲ, ਰਾਸ਼ਟਰਪਤੀ ਬਾਈਡੇਨ ਅਤੇ PM ਰਿਸ਼ੀ ਸੁਨਕ ਨਾਲ ਕਰ ਚੁੱਕੇ ਮੁਲਾਕਾਤ
G7 summit Italy : ਰੋਮ - ਇਟਲੀ ਵਿਚ ਜੀ-7 ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨਾਲ ਵੀ ਮੁਲਾਕਾਤ ਕੀਤੀ। ਪ੍ਰਧਾਨ ਮੰਤਰੀ ਮੋਦੀ ਨੇ ਮੁਲਾਕਾਤ ਦੀ ਤਸਵੀਰ ਆਪਣੇ ਟਵਿਟਰ ਹੈਂਡਲ 'ਤੇ ਸ਼ੇਅਰ ਕੀਤੀ ਹੈ। ਹਾਲਾਂਕਿ ਦੋਵਾਂ ਨੇਤਾਵਾਂ ਵਿਚਾਲੇ ਅਜੇ ਤੱਕ ਦੁਵੱਲੀ ਗੱਲਬਾਤ ਨਹੀਂ ਹੋਈ ਹੈ।
ਜ਼ਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ-7 ਸੰਮੇਲਨ 'ਚ ਹਿੱਸਾ ਲੈਣ ਲਈ ਇਟਲੀ ਦੇ ਦੋ ਦਿਨਾਂ ਦੇ ਦੌਰੇ 'ਤੇ ਹਨ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਮੋਦੀ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕਰੋਨ, ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਬ੍ਰਿਟੇਨ ਦੇ ਪ੍ਰਧਾਨ ਮੰਤਰੀ ਰਿਸ਼ੀ ਸੁਨਕ ਨਾਲ ਵੀ ਮੁਲਾਕਾਤ ਕਰ ਚੁੱਕੇ ਹਨ।
ਹਾਲ ਹੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਕੈਨੇਡੀਅਨ ਹਮਰੁਤਬਾ ਜਸਟਿਨ ਟਰੂਡੋ ਦੇ ਵਧਾਈ ਸੰਦੇਸ਼ ਦਾ ਜਵਾਬ ਦਿੱਤਾ ਸੀ। ਇਸ ਜਵਾਬ ’ਚ ਆਪਸੀ ਸਮਝ ਅਤੇ ਇੱਕ ਦੂਜੇ ਦੀਆਂ ਚਿੰਤਾਵਾਂ ਦੇ ਪ੍ਰਤੀ ਸਤਿਕਾਰ ਦੇ ਆਧਾਰ 'ਤੇ ਓਟਵਾ ਨਾਲ ਸਹਿਯੋਗ ਕਰਨ ਦੇ ਨਵੀਂ ਦਿੱਲੀ ਦੇ ਇਰਾਦੇ ਨੂੰ ਰੇਖਾਂਕਿਤ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਸੀ ਕਿ ਉਹ ਕੈਨੇਡਾ ਨਾਲ ਕੰਮ ਕਰਨ ਲਈ ਉਤਸੁਕ ਹਨ।
ਭਾਰਤ ਨੇ ਲਗਾਤਾਰ ਇਸ ਗੱਲ ਨੂੰ ਉਜਾਗਰ ਕੀਤਾ ਹੈ ਕਿ ਦੁਵੱਲੇ ਸਬੰਧਾਂ ’ਚ ਮੁੱਖ ਮੁੱਦਾ ਕੈਨੇਡਾ ਵਿਚ ਖਾਲਿਸਤਾਨ ਪੱਖੀ ਤੱਤ ਰਿਹਾ ਹੈ। ਇਸ ਤੋਂ ਇਲਾਵਾ ਖਾਲਿਸਤਾਨੀ ਸਮਰਥਕਾਂ ਵੱਲੋਂ ਭਾਰਤੀ ਡਿਪਲੋਮੈਟਾਂ ਨੂੰ ਧਮਕੀਆਂ ਦੇਣ ਦੇ ਕਈ ਮਾਮਲੇ ਵੀ ਸਾਹਮਣੇ ਆਏ ਹਨ।
ਦੱਸਣਾ ਬਣਦਾ ਹੈ ਕਿ ਕੈਨੇਡਾ ‘ਚ ਗਰਮਖ਼ਿਆਲੀ ਹਰਦੀਪ ਸਿੰਘ ਨਿੱਝਰ ਦੇ ਕਤਲ ਤੋਂ ਬਾਅਦ ਭਾਰਤ ਅਤੇ ਕੈਨੇਡਾ ਦੇ ਰਿਸ਼ਤਿਆਂ ‘ਚ ਖਟਾਸ ਆ ਗਈ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਭਾਰਤ ਦੀ ਸ਼ਮੂਲੀਅਤ ਦਾ ਦੋਸ਼ ਲਾਇਆ ਸੀ। ਪਰ ਭਾਰਤ ਨੇ ਕੈਨੇਡਾ ਦੇ ਇਨ੍ਹਾਂ ਦੋਸ਼ਾਂ ਨੂੰ ਪੂਰੀ ਤਰ੍ਹਾਂ ਰੱਦ ਕਰਦਿਆਂ ਇਨ੍ਹਾਂ ਨੂੰ ਸਿਆਸਤ ਤੋਂ ਪ੍ਰੇਰਿਤ ਅਤੇ ਬਦਨੀਤੀ ਵਾਲਾ ਕਰਾਰ ਦਿੱਤਾ ਸੀ।
ਇਸ ਤੋਂ ਪਹਿਲਾਂ ਜਸਟਿਨ ਟਰੂਡੋ ਜੀ-20 ਸੰਮੇਲਨ 'ਚ ਹਿੱਸਾ ਲੈਣ ਲਈ ਪਿਛਲੇ ਸਾਲ ਸਤੰਬਰ 'ਚ ਭਾਰਤ ਆਏ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਰਤਾਨੀਆ ਅਤੇ ਕੈਨੇਡਾ ’ਚ ਗਰਮਖ਼ਿਆਲੀਆਂ ਦੀਆਂ ਸਰਗਰਮੀਆਂ ਵਧਣ ਦਾ ਮੁੱਦਾ ਉਠਾਇਆ ਸੀ। ਦੋ-ਪੱਖੀ ਗੱਲਬਾਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਦੋਵਾਂ ਦੇਸ਼ਾਂ ’ਚ ਵੱਧ ਰਹੇ ਗਰਮਖਿਆਲੀ ਸਮਰਥਕਾਂ ਅਤੇ ਭਾਰਤ ਵਿਰੁੱਧ ਉਨ੍ਹਾਂ ਦੀ ਸਾਜ਼ਿਸ਼ ਬਾਰੇ ਚਿੰਤਾ ਜ਼ਾਹਰ ਕੀਤੀ। ਭਾਰਤ ਨੇ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਤੋਂ ਵੀ ਗਰਮਖਿਆਲੀਆਂ ਦੀਆਂ ਗਤੀਵਿਧੀਆਂ ਨੂੰ ਰੋਕਣ ਅਤੇ ਭਾਰਤ ਵਿਰੁੱਧ ਪ੍ਰਦਰਸ਼ਨ ਬੰਦ ਕਰਨ ਦੀ ਮੰਗ ਕੀਤੀ ਹੈ।
(For more news apart from PM Modi met Justin Trudeau at the G7 summit in Italy News in Punjabi, stay tuned to Rozana Spokesman)