ਦੋਹਾਂ ਦੇਸ਼ਾਂ ਵਿਚਕਾਰ ਦੋ ਦਿਨਾਂ ਤਕ ਚੱਲੀ ਫ਼ੌਜੀ ਗੱਲਬਾਤ ਦਾ 19ਵਾਂ ਦੌਰ ਮੁਕੰਮਲ
ਸਰਹੱਦੀ ਇਲਾਕਿਆਂ ’ਚ ਜ਼ਮੀਨੀ ਪੱਧਰ ’ਤੇ ਸ਼ਾਂਤੀ ਕਾਇਮ ਰੱਖਣ ਲਈ ਦੋਵੇਂ ਦੇਸ਼ ਸਹਿਮਤ
ਨਵੀਂ ਦਿੱਲੀ: ਭਾਰਤ ਅਤੇ ਚੀਨ ਪੂਰਬੀ ਲੱਦਾਖ ’ਚ ਅਸਲ ਕੰਟਰੋਲ ਰੇਖਾ (ਐਲ.ਏ.ਸੀ.) ’ਤੇ ਰੇੜਕੇ ਦੇ ਬਾਕੀ ਮੁੱਦਿਆਂ ਨੂੰ ਛੇਤੀ ਹੱਲ ਕਰਨ ’ਤੇ ਸਹਿਮਤ ਹੋ ਗਏ ਹਨ। ਦੋਹਾਂ ਧਿਰਾਂ ਵਲੋਂ ਦੋ ਦਿਨਾਂ ਦੀ ਫ਼ੌਜੀ ਗੱਲਬਾਤ ਮੁਕੰਮਲ ਹੋਣ ਤੋਂ ਇਕ ਦਿਨ ਬਾਅਦ ਮੰਗਲਵਾਰ ਨੂੰ ਇਕ ਸਾਂਝੇ ਬਿਆਨ ’ਚ ਇਹ ਜਾਣਕਾਰੀ ਦਿਤੀ ਗਈ।
ਇਸ ’ਚ ਕਿਹਾ ਗਿਆ, ‘‘ਦੋਵੇਂ ਧਿਰਾਂ ਨੇ ਪਛਮੀ ਖੇਤਰ ’ਚ ਐਲ.ਏ.ਸੀ. ’ਤੇ ਬਾਕੀ ਮੁੱਦਿਆਂ ਦੇ ਹੱਲ ਬਾਰੇ ਸਾਕਾਰਾਤਮਕ, ਰਚਨਾਤਮਕ ਅਤੇ ਡੂੰਘੀ ਚਰਚਾ ਕੀਤੀ।’’
ਬਿਆਨ ’ਚ ਕਿਹਾ ਗਿਆ, ‘‘ਲੀਡਰਸ਼ਿਪ ਵਲੋਂ ਦਿਤੇ ਮਾਰਗਦਰਸ਼ਨ ਅਨੁਸਾਰ, ਉਨ੍ਹਾਂ ਨੇ ਖੁੱਲ੍ਹੇ ਅਤੇ ਦੂਰਦਰਸ਼ੀ ਤਰੀਕੇ ਨਾਲ ਵਿਚਾਰਾਂ ਦਾ ਲੈਣ-ਦੇਣ ਕੀਤਾ।’’
ਇਸ ’ਚ ਕਿਹਾ ਗਿਆ ਹੈ ਕਿ ਭਾਰਤ-ਚੀਨ ਕੋਰ ਕਮਾਂਡਰ-ਪੱਧਰੀ ਬੈਠਕ ਦਾ 19ਵਾਂ ਦੌਰ 13-14 ਅਗੱਸਤ ਨੂੰ ਭਾਰਤੀ ਸਰਹੱਦ ’ਤੇ ਚੁਸ਼ੁਲ-ਮੋਲਡੋ ਸਰਹੱਦੀ ਬੈਠਕ ਬਿੰਦੂ ’ਤੇ ਕੀਤਾ ਗਿਆ ਸੀ।
ਇਹ ਪਹਿਲੀ ਵਾਰੀ ਸੀ ਕਿ ਲੰਮੇ ਸਮੇਂ ਤੋਂ ਚਲ ਰਹੇ ਸਰਹੱਦੀ ਵਿਵਾਦ ’ਤੇ ਉੱਚ ਪੱਧਰੀ ਫ਼ੌਜੀ ਗੱਲਬਾਤ ਦੋ ਦਿਨਾਂ ਤਕ ਚੱਲੀ। ਵਿਦੇਸ਼ ਮੰਤਰਾਲੇ ਵਲੋਂ ਜਾਰੀ ਬਿਆਨ ’ਚ ਕਿਹਾ ਗਿਆ, ‘‘ਉਹ ਬਾਕੀ ਮੁੱਦਿਆਂ ਨੂੰ ਛੇਤੀ ਹੱਲ ਕਰਨ ਅਤੇ ਫ਼ੌਜੀ ਤੇ ਸਫ਼ਾਰਤੀ ਜ਼ਰੀਆਂ ਰਾਹੀਂ ਸੰਵਾਦ ਅਤੇ ਗੱਲਬਾਤ ਦੀ ਗਤੀ ਕਾਇਮ ਰੱਖਣ ’ਤੇ ਸਹਿਮਤ ਹੋਏ।’’
ਇਸ ’ਚ ਕਿਹਾ ਗਿਆ, ‘‘ਅੰਤਰਿਮ ਰੂਪ ’ਚ ਦੋਵੇਂ ਧਿਰਾਂ ਸਰਹੱਦੀ ਇਲਾਕਿਆਂ ’ਚ ਜ਼ਮੀਨੀ ਪੱਧਰ ’ਤੇ ਸ਼ਾਂਤੀ ਕਾਇਮ ਰੱਖਣ ਲਈ ਸਹਿਮਤ ਹੋਏ।’’
ਭਾਰਤ ਅਤੇ ਚੀਨੀ ਫ਼ੌਜੀ ਪੂਰਬੀ ਲੱਦਾਖ ’ਚ ਰੇੜਕੇ ਦੇ ਕੁੱਝ ਬਿੰਦੂਆਂ ’ਤੇ ਤਿੰਨ ਸਾਲ ਤੋਂ ਵੱਧ ਸਮੇਂ ਤੋਂ ਟਕਰਾਅ ਦੀ ਸਥਿਤੀ ’ਚ ਹਨ, ਹਾਲਾਂਕਿ ਦੋਹਾਂ ਧਿਰਾਂ ਨੇ ਵਿਆਪਕ ਸਫ਼ਾਰਤੀ ਅਤੇ ਫ਼ੌਜੀ ਗੱਲਬਾਤ ਤੋਂ ਬਾਅਦ ਕਈ ਇਲਾਕਿਆਂ ’ਚ ਫ਼ੌਜੀਆਂ ਦੀ ਵਾਪਸੀ ਪੂਰੀ ਕਰ ਲਈ ਹੈ।