
ਸੰਘਰਸ਼ ਦੌਰਾਨ ਲੜਦੇ ਹੋਏ ਇਨ੍ਹਾਂ ਦੋਹਾਂ ਮਹਿਲਾ ਅਧਿਕਾਰੀਆਂ ਦੀ ਮੌਤ
ਯੇਰੂਸ਼ਲਮ: ਇਜ਼ਰਾਈਲ ਦੇ ਦਖਣੀ ਖੇਤਰ ਵਿਚ 7 ਅਕਤੂਬਰ ਨੂੰ ਹਮਾਸ ਵਲੋਂ ਕੀਤੇ ਗਏ ਇਕ ਭਿਆਨਕ ਹਮਲੇ ਵਿਚ ਭਾਰਤੀ ਮੂਲ ਦੀਆਂ ਘੱਟੋ-ਘੱਟ ਦੋ ਇਜ਼ਰਾਇਲੀ ਮਹਿਲਾ ਸੁਰੱਖਿਆ ਅਧਿਕਾਰੀਆਂ ਦੀ ਮੌਤ ਹੋ ਗਈ ਹੈ। ਅਧਿਕਾਰਤ ਸੂਤਰਾਂ ਅਤੇ ਭਾਈਚਾਰੇ ਦੇ ਲੋਕਾਂ ਨੇ ਐਤਵਾਰ ਨੂੰ ਇਸ ਦੀ ਪੁਸ਼ਟੀ ਕੀਤੀ।
ਅਧਿਕਾਰਤ ਸੂਤਰਾਂ ਨੇ ਪੁਸ਼ਟੀ ਕੀਤੀ ਕਿ ਅਸ਼ਦੋਦ ਦੇ ਹੋਮ ਫਰੰਟ ਕਮਾਂਡ ਦੇ ਕਮਾਂਡਰ 22 ਸਾਲਾ ਲੈਫਟੀਨੈਂਟ ਓਰ ਮੂਸਾ ਅਤੇ ਪੁਲਿਸ ਦੇ ਕੇਂਦਰੀ ਜ਼ਿਲ੍ਹੇ ’ਚ ਇਕ ਸਰਹੱਦੀ ਪੁਲਿਸ ਅਧਿਕਾਰੀ ਇੰਸਪੈਕਟਰ ਕਿਮ ਡੋਕਰਕਰ 7 ਅਕਤੂਬਰ ਨੂੰ ਹਮਾਸ ਵਲੋਂ ਕੀਤੇ ਗਏ ਹਮਲੇ ’ਚ ਮਾਰੀਆਂ ਗਈਆਂ ਸਨ। ਦਸਿਆ ਜਾ ਰਿਹਾ ਹੈ ਕਿ ਸੰਘਰਸ਼ ਦੌਰਾਨ ਲੜਦੇ ਹੋਏ ਇਨ੍ਹਾਂ ਦੋਹਾਂ ਮਹਿਲਾ ਅਧਿਕਾਰੀਆਂ ਦੀ ਮੌਤ ਹੋ ਗਈ। ਫ਼ੌਜ ਦੇ ਅਧਿਕਾਰੀਆਂ ਮੁਤਾਬਕ ਇਸ ਜੰਗ ’ਚ ਹੁਣ ਤਕ 286 ਫ਼ੌਜੀ ਅਤੇ 51 ਪੁਲਿਸ ਅਧਿਕਾਰੀ ਮਾਰੇ ਜਾ ਚੁੱਕੇ ਹਨ। ਭਾਈਚਾਰੇ ਦੇ ਕਈ ਮੈਂਬਰਾਂ ਨੇ ਦਸਿਆ ਕਿ ਹੋਰ ਵੀ ਪੀੜਤ ਹੋ ਸਕਦੇ ਹਨ, ਕਿਉਂਕਿ ਇਜ਼ਰਾਈਲ ਮ੍ਰਿਤਕਾਂ ਦੀ ਪਛਾਣ ਦੀ ਪੁਸ਼ਟੀ ਕਰ ਰਿਹਾ ਹੈ ਅਤੇ ਲਾਪਤਾ ਜਾਂ ਸੰਭਾਵਤ ਤੌਰ ’ਤੇ ਅਗਵਾ ਕੀਤੇ ਗਏ ਲੋਕਾਂ ਦੀ ਭਾਲ ਕਰ ਰਿਹਾ ਹੈ।
ਭਾਈਚਾਰੇ ਦੀ 24 ਸਾਲਾਂ ਦੀ ਔਰਤ ਸ਼ਹਾਫ ਟਾਕਰ ਅਪਣੇ ਦੋਸਤ ਸਮੇਤ ਇਸ ਹਮਲੇ ਤੋਂ ਬਚ ਗਈ। ਉਸ ਨੇ ਅਪਣੇ ਦਾਦਾ ਰਾਹੀਂ ਪੀ.ਟੀ.ਆਈ. ਨੂੰ ਅਪਣੀ ਹੱਡਬੀਤੀ ਸੁਣਾਈ। ਸ਼ਹਾਫ ਦੇ ਦਾਦਾ ਯਾਕੋਵ 11 ਸਾਲ ਦੀ ਉਮਰ ’ਚ 1963 ’ਚ ਮੁੰਬਈ ਤੋਂ ਇਜ਼ਰਾਈਲ ਚਲੇ ਗਏ ਸਨ। ਉਨ੍ਹਾਂ ਦਸਿਆ ਕਿ ਉਨ੍ਹਾਂ ਦੀ ਪੋਤੀ ਅਜੇ ਵੀ ਸਦਮੇ ’ਚ ਹੈ ਅਤੇ ਮਾਨਸਿਕ ਪੀੜ ਕਾਰਨ ਬੋਲਣ ਤੋਂ ਅਸਮਰੱਥ ਹੈ, ਇਸ ਲਈ ਉਨ੍ਹਾਂ ਨੇ ਸੋਚਿਆ ਕਿ ਉਸ ਨੂੰ ਲਿਖਤੀ ਰੂਪ ’ਚ ਦੱਸਣ ਨਾਲ ਉਸ ਦਾ ਤਣਾਅ ਘੱਟ ਜਾਵੇਗਾ।
ਯਾਕੋਵ ਉੱਤਰੀ ਇਜ਼ਰਾਈਲ ’ਚ ਪੇਟਾਹ ਟਿਕਵਾ ’ਚ ਰਹਿੰਦਾ ਹੈ। ਉਨ੍ਹਾਂ ਕਿਹਾ, ‘‘ਅੱਜ ਤੜਕੇ, ਸ਼ਹਾਫ ਨੇ ਇਕ ਰੇਵ ਸੰਗੀਤ ਪਾਰਟੀ ’ਚ ਕਤਲੇਆਮ ’ਚ ਮਾਰੇ ਗਏ ਅਪਣੇ ਕੁਝ ਦੋਸਤਾਂ ਦੇ ਸਸਕਾਰ ’ਚ ਸ਼ਿਰਕਤ ਕੀਤੀ। ਪਾਰਟੀ ’ਤੇ ਹਮਾਸ ਦੇ ਹਮਲੇ ’ਚ 270 ਨੌਜੁਆਨ ਮਾਰੇ ਗਏ ਸਨ।’’ ਸ਼ਹਾਫ਼ ਨੇ ਕਿਹਾ ਕਿ ਉਹ ਅਪਣੇ ਦੋਸਤ ਯਾਨਿਰ ਨਾਲ ਇਕ ਪਾਰਟੀ ’ਚ ਸੀ ਜਦੋਂ ਉਸ੦ ਨੇ ਰਾਕੇਟ ਨੂੰ ਸਿਰ ਦੇ ਉੱਪਰ ਉੱਡਦੇ ਵੇਖਿਆ। ਉਸ ਨੇ ਦਸਿਆ, ‘‘ਅਸੀਂ ਭੱਜ ਕੇ ਕਾਰ ’ਚ ਗਏ ਅਤੇ ਤੇਜ਼ੀ ਨਾਲ ਗੱਡੀ ਚਲਾਉਣੀ ਸ਼ੁਰੂ ਕਰ ਦਿਤੀ। ਪੁਲਿਸ ਨੇ ਸਾਨੂੰ ਸੱਜੇ ਪਾਸੇ ਮੁੜਨ ਲਈ ਕਿਹਾ ਪਰ ਇਹ ਤੇਲ ਅਵੀਵ ਗਲੀ ਨਹੀਂ ਸੀ, ਇਸ ਲਈ ਅਸੀਂ ਵਾਪਸ ਮੁੜੇ ਅਤੇ ਦੂਜੇ ਰਸਤੇ ਚਲੇ ਗਏ। ਇਸ ਗਲਤੀ ਨਾਲ ਸਾਡੀ ਜਾਨ ਬਚ ਗਈ ਕਿਉਂਕਿ ਉਹ (ਹਮਲਾਵਰ) ਰਸਤਾ ਰੋਕ ਕੇ ਸਾਡੀ ਉਡੀਕ ਕਰ ਰਹੇ ਸਨ, ਤਿੰਨ ਵੈਨਾਂ ’ਚ ਅੱਠ ਦੇ ਕਰੀਬ ਕੱਟੜਪੰਥੀ ਸਨ।’’
ਸੂਤਰਾਂ ਨੇ ਦਸਿਆ ਕਿ ਹਮਲੇ ’ਚ ਜ਼ਖਮੀ ਕੇਰਲ ਦੀ ਨਰਸ ਸ਼ੀਜਾ ਆਨੰਦ ਦੀ ਹਾਲਤ ਅਜੇ ਖ਼ਤਰੇ ਤੋਂ ਬਾਹਰ ਹੈ। ਉਹ 7 ਅਕਤੂਬਰ ਨੂੰ ਉੱਤਰੀ ਇਜ਼ਰਾਈਲ ਦੇ ਅਸ਼ਕੇਲੋਨ ਸ਼ਹਿਰ ’ਤੇ ਹਮਾਸ ਵਲੋਂ ਕੀਤੇ ਗਏ ਰਾਕੇਟ ਹਮਲੇ ਵਿਚ ਜ਼ਖਮੀ ਹੋ ਗਈ ਸੀ, ਉਸ ਦੀਆਂ ਬਾਹਾਂ ਅਤੇ ਲੱਤਾਂ ’ਤੇ ਸੱਟਾਂ ਲੱਗੀਆਂ ਸਨ। ਉਸ ਨੂੰ ਇਲਾਜ ਲਈ ਨੇੜੇ ਦੇ ਹਸਪਤਾਲ ’ਚ ਭਰਤੀ ਕਰਵਾਇਆ ਗਿਆ।